ਸੂਬੇ ''ਚ ਨਸ਼ਿਆਂ ਸਬੰੰਧੀ ਜਾਰੀ ਕੀਤਾ ਜਾਵੇ ਵ੍ਹਾਈਟ ਪੇਪਰ : ਖਹਿਰਾ

03/12/2019 11:57:50 PM

ਚੰਡੀਗੜ੍ਹ,(ਰਮਨਜੀਤ) : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ 'ਚ ਨਸ਼ਿਆਂ ਸਬੰਧੀ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ 'ਚ ਡਰੱਗ ਮਾਫੀਆ ਨੂੰ ਨੁਕੇਲ ਪਾਉਣ ਦੇ ਝੂਠੇ ਬਿਆਨ ਦੇ ਰਹੇ ਹਨ। ਖਹਿਰਾ ਨੇ ਕਿਹਾ ਕਿ ਸੂਬੇ 'ਚ ਸ਼ਰੇਆਮ ਨਸ਼ੇ ਵੇਚੇ ਜਾ ਰਹੇ ਹਨ ਅਤੇ ਲੁਧਿਆਣਾ 'ਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਆਨਲਾਈਨ ਨਸ਼ਾ ਖਰੀਦਣ ਤੋਂ ਖੁਲਾਸਾ ਹੋ ਗਿਆ ਹੈ ਕਿ ਸੂਬੇ 'ਚ ਨਸ਼ਿਆਂ ਦਾ ਕਾਰੋਬਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਫਲ-ਫੁਲ ਰਿਹਾ ਹੈ। ਹਾਲ ਹੀ 'ਚ ਅੰਮ੍ਰਿਤਸਰ 'ਚ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਵੀ ਸਾਹਮਣੇ ਆਈਆਂ ਹਨ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕੈਪਟਨ ਵੱਡੇ ਡਰੱਗ ਮਾਫੀਆ ਨੂੰ ਬਚਾ ਰਹੇ ਹਨ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹਨ ਕਿਉਂਕਿ ਡਰੱਗ ਮਾਫੀਆ ਨੂੰ ਖਤਮ ਕਰਨ ਲਈ ਹੀ ਉਨ੍ਹਾਂ ਨੂੰ ਵੋਟਾਂ ਮਿਲੀਆਂ ਸਨ।
ਕਾਂਗਰਸੀ ਨੇਤਾਵਾਂ ਦੇ ਨਜ਼ਦੀਕੀਆਂ ਦੇ ਵੀ ਨਸ਼ੇ ਨਾਲ ਫੜੇ ਜਾਣ ਬਾਰੇ ਖਹਿਰਾ ਨੇ ਕਿਹਾ ਕਿ ਸੂਬੇ 'ਚ ਨਸ਼ਿਆਂ ਦੇ ਕਾਰੋਬਾਰ ਖਿਲਾਫ ਸਰਕਾਰ ਦੇ ਦਾਅਵਿਆਂ ਦੀ ਪੋਲ ਇਸ ਤੋਂ ਖੁੱਲ੍ਹ ਜਾਂਦੀ ਹੈ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਨੇਤਾ ਇਸ 'ਚ ਸ਼ਾਮਲ ਹਨ। ਖਹਿਰਾ ਨੇ ਕਿਹਾ ਕਿ ਸੂਬੇ 'ਚ ਬਣੀ 'ਸਿਟ' ਵੀ ਸਿਰਫ ਦਿਖਾਵਾ ਹੀ ਹੈ ਅਤੇ ਇਹ 'ਸਿਟ' ਸਿਰਫ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਰਹਿ ਗਈ ਹੈ।


Deepak Kumar

Content Editor

Related News