ਕੈਪਟਨ ਨਾਲ ''ਲੰਚ'' ਕਰਨ ''ਤੇ ਸੁਖਪਾਲ ਖਹਿਰਾ ਦੀ ਸਫਾਈ
Thursday, Mar 22, 2018 - 03:56 PM (IST)

ਚੰਡੀਗੜ੍ਹ (ਰਮਨਦੀਪ ਸੋਢੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠ ਕੇ ਲੰਚ ਕਰਨ ਦੇ ਮਾਮਲੇ 'ਚ ਘਿਰੇ 'ਆਪ' ਵਿਧਾਇਕ ਸੁਖਪਾਲ ਖਹਿਰਾ ਨੇ ਸਫਾਈ ਦਿੰਦਿਆਂ ਕਿਹਾ ਹੈ ਕਿ ਇਹ ਲੰਚ ਸਪੀਕਰ ਵਲੋਂ ਸਾਰੇ ਮੀਡੀਆ, ਵਿਧਾਇਕਾਂ ਅਤੇ ਮੰਤਰੀਆਂ ਲਈ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਕਿਹੜਾ ਕੈਪਟਨ ਦੇ ਘਰ ਲੰਚ ਕਰਨ ਗਿਆ ਸੀ। ਬਿਕਰਮ ਸਿੰਘ ਮਜੀਠੀਆ 'ਤੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਕੈਪਟਨ ਨਾਲ ਬੈਠ ਕੇ ਲੰਚ ਕਰ ਹੀ ਲਿਆ ਤਾਂ ਇਸ ਦਾ ਮਤਲਬ ਇਹ ਨਹੀਂ ਉਨ੍ਹਾਂ ਦੀ ਕਾਂਗਰਸ ਨਾਲ ਅੱਟੀ-ਸੱਟੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਕੋਈ ਪੰਡਤ ਨਹੀਂ ਹੈ, ਜੋ ਇਹ ਭਵਿੱਖਬਾਣੀ ਕਰਦਾ ਫਿਰ ਰਿਹਾ ਹੈ ਕਿ ਉਹ ਕਾਂਗਰਸ 'ਚ ਸ਼ਾਮਲ ਹੋ ਜਾਣਗੇ। ਖਹਿਰਾ ਨੇ ਕਿਹਾ ਕਿ ਕਾਂਗਰਸ 'ਚ ਜਾਣ ਦਾ ਮਤਲਬ ਹੀ ਨਹੀਂ ਬਣਦਾ। ਜਦੋਂ ਖਹਿਰਾ ਨੂੰ ਪੁੱਛਿਆ ਗਿਆ ਕਿ ਉਹ ਕੈਪਟਨ ਨਾਲ ਲੰਚ ਕਰ ਰਹੇ ਹਨ ਪਰ ਦੋਹਾਂ ਦੇ ਸਮਰਥਕ ਆਪਸ 'ਚ ਡਾਂਗੋ-ਸੋਟੀ ਹੋਈ ਫਿਰਦੇ ਹਨ ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਹਰ ਸਮੇਂ ਕੈਪਟਨ ਵਲੋਂ ਕੀਤੇ ਘੋਟਾਲਿਆਂ ਨੂੰ ਜਨਤਾ ਸਾਹਮਣੇ ਲਿਆਂਦਾ ਹੈ। ਉਨ੍ਹਾਂ ਦੇ ਓ. ਐੱਸ. ਡੀਜ਼ ਅਤੇ ਐਡਵਾਈਜ਼ਰਾਂ ਖਿਲਾਫ ਲੜਾਈ ਲੜੀ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਨੇ ਉਨ੍ਹਾਂ ਨੂੰ ਸੁਪਰੀਮ ਕੋਰਟ ਤੱਕ ਘੜੀਸਿਆ ਹੈ ਅਤੇ ਇਸ ਦੇ ਲਈ ਕੈਪਟਨ ਸੁਪਰੀਮ ਕੋਰਟ ਦੇ ਸਭ ਤੋਂ ਵੱਡੇ ਵਕੀਲ ਨੂੰ ਰੋਜ਼ਾਨਾ 25 ਲੱਖ ਰੁਪਿਆ ਦੇ ਰਹੇ ਹਨ। ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਕੈਪਟਨ ਦੀ ਉਨ੍ਹਾਂ ਨਾਲ ਨਿਜੀ ਰੰਜਿਸ਼ ਹੈ।
ਡਰੱਗ ਮਾਮਲੇ 'ਚ ਸੀ. ਬੀ. ਆਈ. ਜਾਂਚ ਲਈ ਤਿਆਰ
ਖਹਿਰਾ ਨੇ ਕਿਹਾ ਕਿ ਜਿਹੜਾ ਮਜੀਠੀਆ ਉਨ੍ਹਾਂ 'ਤੇ ਨਸ਼ਾ ਤਸਕਰੀ ਦੇ ਦੋਸ਼ ਲਾ ਰਿਹਾ ਹੈ, ਉਹ ਵੀ ਆਪਣੀ ਸੀ.ਬੀ. ਆਈ. ਜਾਂਚ ਕਰਾਵੇ ਅਤੇ ਉਹ ਖੁਦ ਵੀ ਸੀ. ਬੀ. ਆਈ. ਜਾਂਚ ਕਰਾਉਣ ਲਈ ਤਿਆਰ ਹਨ। ਫਿਰ ਸਾਰੀ ਸੱਚਾਈ ਜਨਤਾ ਦੇ ਸਾਹਮਣੇ ਆ ਜਾਵੇਗੀ।