ਸੁਖਪਾਲ ਖਹਿਰਾ ਨੇ ਸ੍ਰੀ ਮੁਕਤਸਰ ਸਾਹਿਬ ਦੇ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

08/13/2022 5:49:01 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ/ਤਨੇਜਾ) : ਆਲ ਇੰਡੀਆ ਕਾਂਗਰਸ ਕਿਸਾਨ ਸੈੱਲ ਦੇ ਰਾਸ਼ਟਰੀ ਪ੍ਰਧਾਨ ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਦੁਪਹਿਰ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਭਾਗਸਰ, ਲਖਮੀਰੇਆਣਾ ਤੇ ਮਿੱਡਾ ਦਾ ਦੌਰਾ ਕੀਤਾ ਅਤੇ ਪੀੜਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਔਖੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੇ ਹੋਏ ਨੁਕਸਾਨ ਬਾਰੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੱਕ ਗੱਲ ਪਹੁੰਚਾਉਣਗੇ।

ਪਿੰਡ ਭਾਗਸਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਕੀਤਾ। ਲੋਕਾਂ ਦੇ ਘਰਾਂ ਵਿਚ ਪਾਣੀ ਭਰ ਗਿਆ ਹੈ। ਚਾਹੀਦਾ ਤਾਂ ਇਹ ਸੀ ਕਿ ਸਰਕਾਰ ਸਮੇਂ ਸਿਰ ਆ ਕੇ ਪੀੜਤਾਂ ਦੀ ਮਦਦ ਕਰਦੀ। ਉਨ੍ਹਾਂ ਕਿਹਾ ਕਿ ਉਹ ਅੱਜ ਗਰਾਊਂਡ ਜ਼ੀਰੋ ’ਤੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਆਏ ਹਨ। ਇਨ੍ਹਾਂ ਪਿੰਡਾਂ ਵਿਚ ਕਿਸਾਨਾਂ ਦਾ 15-20 ਹਜ਼ਾਰ ਏਕੜ ਰਕਬਾ ਮੀਂਹ ਦੇ ਪਾਣੀ ਵਿਚ ਡੁੱਬ ਗਿਆ ਹੈ। ਨਰਮਾ ਖ਼ਤਮ ਹੋ ਗਿਆ, ਝੋਨਾ ਡੁੱਬ ਗਿਆ, ਪਸ਼ੂਆਂ ਲਈ ਹਰਾ ਚਾਰਾ ਵੀ ਨਹੀਂ ਬਚਿਆ। ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ। ਉਧਰੋਂ ਪਸ਼ੂਆਂ ਨੂੰ ਨਵੀਂ ਬੀਮਾਰੀ ਲੱਗ ਗਈ ਹੈ। ਜੇਕਰ ਸਮੇਂ ਸਿਰ ਇਲਾਜ ਨਾ ਹੋਇਆ ਤਾਂ ਇਹ ਬੀਮਾਰੀ ਪੂਰੇ ਪੰਜਾਬ ਵਿਚ ਫੈਲ ਜਾਵੇਗੀ ।

ਇਹ ਵੀ ਪੜ੍ਹੋ : ਬਠਿੰਡਾ ਜ਼ਿਲ੍ਹੇ ’ਚ 'ਲੰਪੀ ਸਕਿਨ' ਨਾਲ 123 ਪਸ਼ੂਆਂ ਦੀ ਮੌਤ, 3168 ਦਾ ਕੀਤਾ ਇਲਾਜ

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ 2 ਮੁੱਖ ਮੰਤਰੀ ਰਹੇ ਹਨ ਪਰ ਹਾਲ ਇਹ ਹੈ ਕਿ ਪਿਛਲੇ 20 ਸਾਲਾਂ ਤੋਂ ਸੇਮ ਦੀ ਸਮੱਸਿਆ ਹੈ। ਖਹਿਰਾ ਨੇ ਦੋਸ਼ ਲਾਇਆ ਕਿ ਬਾਦਲ ਸਰਕਾਰ ਨੇ ਸੇਮ ਕੱਢਣ ਲਈ ਜੋ ਸੇਮ ਨਾਲੀਆਂ ਬਣਾਈਆਂ ਸਨ, ਉਹ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਸਹੀ ਦਿਸ਼ਾ ਵਿਚ ਨਹੀਂ ਬਣਾਈਆਂ, ਜਿਸ ਕਰ ਕੇ ਨੁਕਸਾਨ ਜ਼ਿਆਦਾ ਹੋ ਗਿਆ।

ਉਨ੍ਹਾਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 50 ਹਜ਼ਾਰ ਰੁਪਏ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਅਤੇ ਗਿਰਦਾਵਰੀ ਕਰਵਾਉਣ ਦੀ ਥਾਂ ਡਿਪਟੀ ਕਮਿਸ਼ਨਰ ਹੀ ਪੰਜਾਬ ਸਰਕਾਰ ਨੂੰ ਲਿਖ ਕੇ ਦੇਵੇ ਕਿ ਇਹ ਸਾਰਾ ਰਕਬਾ ਮੀਂਹ ਦੀ ਮਾਰ ਹੇਠ ਆ ਕੇ ਡੁੱਬ ਗਿਆ ਹੈ। ਜਦੋਂ ਖਹਿਰਾ ਸਾਹਿਬ ਕੋਲੋਂ ਇਹ ਪੁੱਛਿਆ ਕਿ ਪਿਛਲੀਆਂ ਸਰਕਾਰਾਂ ਅਕਾਲੀਆਂ ਜਾਂ ਕਾਂਗਰਸੀਆਂ ਨੇ ਉਸ ਵੇਲੇ ਹੋਏ ਖਰਾਬੇ ਦਾ 50-50 ਹਜ਼ਾਰ ਰੁਪਏ ਕਿਉਂ ਨਹੀਂ ਦਿੱਤੇ ਤੇ ਤੁਸੀਂ ਹੁਣ ਮੰਗ ਰਹੇ ਹੋ ਤਾਂ ਅੱਗੋ ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਅਕਾਲੀਆਂ ਦੀ ਸਰਕਾਰ ਨੇ ਗਲਤੀਆਂ ਕੀਤੀਆਂ ਸਨ ਤਾਂ ਹੀ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ।


Anuradha

Content Editor

Related News