ਮੀਂਹ ਨੇ ਖੋਹੀ ''ਗ਼ਰੀਬ'' ਦੀ ਛੱਤ, ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹੋਇਆ ਪਰਿਵਾਰ
Thursday, Jul 30, 2026 - 05:57 PM (IST)
ਸੁਲਤਾਨਪੁਰ ਲੋਧੀ (ਧੀਰ)-ਕੁਦਰਤ ਦੀ ਮਾਰ ਕਈ ਵਾਰ ਇੰਨੀ ਭਾਰੀ ਹੁੰਦੀ ਹੈ ਕਿ ਇਕ ਪਲ ਵਿਚ ਸਾਲਾਂ ਦੀ ਮਿਹਨਤ ਮਿੱਟੀ ਕਰ ਦਿੰਦੀ ਹੈ। ਅਜਿਹਾ ਹੀ ਇਕ ਦਰਦਨਾਕ ਵਾਕਿਆ ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਵਿਚ ਵਾਪਰਿਆ, ਜਿੱਥੇ ਭਾਰੀ ਮੀਂਹ ਕਾਰਨ ਇਕ ਗ਼ਰੀਬ ਮਜ਼ਦੂਰ ਪਰਿਵਾਰ ਦਾ ਘਰ ਢਹਿ ਗਿਆ ਅਤੇ ਸਾਰੀ ਉਮਰ ਦੀ ਕਮਾਈ ਪਲ ਭਰ ਵਿੱਚ ਸੁਆਹ ਹੋ ਗਈ।
ਜਾਣਕਾਰੀ ਮੁਤਾਬਕ ਪਿੰਡ ਜੱਬੋਵਾਲ ਦੇ ਵਾਸੀ ਰਾਜ ਕੁਮਾਰ ਦਾ ਪਰਿਵਾਰ ਰੋਜ਼ਾਨਾ ਦਿਹਾੜੀ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਬੀਤੇ ਦਿਨ ਪਏ ਤੇਜ਼ ਮੀਂਹ ਕਾਰਨ ਉਨ੍ਹਾਂ ਦੇ ਕੱਚੇ ਘਰ ਦੀ ਛੱਤ ਅਚਾਨਕ ਡਿੱਗ ਪਈ। ਛੱਤ ਡਿੱਗਣ ਨਾਲ ਘਰ ਵਿਚ ਰੱਖਿਆ ਫਰਿੱਜ, ਬੈੱਡ, ਪੱਖੇ, ਬਰਤਨ ਅਤੇ ਬੱਚਿਆਂ ਦੀਆਂ ਕਿਤਾਬਾਂ ਸਮੇਤ ਸਾਰਾ ਜ਼ਰੂਰੀ ਸਾਮਾਨ ਮਲਬੇ ਹੇਠਾਂ ਦੱਬ ਕੇ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਰਾਜ ਕੁਮਾਰ ਨੇ ਭਰੇ ਗਲੇ ਨਾਲ ਦੱਸਿਆ ਕਿ ਅਸੀਂ ਸਵੇਰ ਤੋਂ ਸ਼ਾਮ ਤੱਕ ਮਜ਼ਦੂਰੀ ਕਰਦੇ ਹਾਂ ਤਾਂ ਜਾ ਕੇ ਬੱਚਿਆਂ ਦਾ ਪੇਟ ਭਰਦੇ ਹਾਂ। ਘਰ ਵਿਚ ਪਹਿਲਾਂ ਹੀ ਕੁਝ ਨਹੀਂ ਸੀ। ਹੁਣ ਜੋ ਥੋੜ੍ਹਾ ਬਹੁਤ ਸੀ, ਉਹ ਵੀ ਮੀਂਹ ਨੇ ਲੈ ਲਿਆ। ਹੁਣ ਨਾ ਸਿਰ 'ਤੇ ਛੱਤ ਹੈ ਨਾ ਬੱਚਿਆਂ ਦੇ ਸੌਣ ਲਈ ਚਾਰਪਾਈ।
ਇਹ ਵੀ ਪੜ੍ਹੋ: ਬੀ. ਪੀ. ਈ. ਓ. ਦਫ਼ਤਰ ਦਾ ਕਲਰਕ ਗ੍ਰਿਫ਼ਤਾਰ! ਹੈਰਾਨ ਕਰਦਾ ਕਾਰਨਾਮਾ ਆਇਆ ਸਾਹਮਣੇ

ਰਾਜ ਕੁਮਾਰ ਦੇ ਪਰਿਵਾਰ ਵਿਚ ਉਸ ਦੇ ਬਜ਼ੁਰਗ ਮਾਤਾ-ਪਿਤਾ, ਪਤਨੀ, 3 ਛੋਟੀਆਂ ਧੀਆਂ ਅਤੇ 1 ਪੁੱਤਰ ਸ਼ਾਮਲ ਹਨ। ਸਾਰੇ ਬੱਚੇ ਸਕੂਲ ਪੜ੍ਹਦੇ ਹਨ ਅਤੇ ਪਰਿਵਾਰ ਬੜੀ ਮੁਸ਼ਕਿਲ ਨਾਲ ਉਨ੍ਹਾਂ ਦੀ ਫੀਸ ਅਤੇ ਕਿਤਾਬਾਂ ਦਾ ਪ੍ਰਬੰਧ ਕਰਦਾ ਹੈ। ਹਾਦਸੇ ਤੋਂ ਬਾਅਦ ਹੁਣ ਇਹ ਪੂਰਾ ਪਰਿਵਾਰ ਪਿੰਡ ਦੇ ਜੰਝ ਘਰ 'ਚ ਰਹਿਣ ਲਈ ਮਜਬੂਰ ਹੈ ਅਤੇ ਬਚਿਆ ਹੋਇਆ ਸਾਮਾਨ ਤਰਪਾਲਾਂ ਹੇਠ ਰੱਖਿਆ ਹੋਇਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਸਾਲ ਪਹਿਲਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਫਾਰਮ ਭਰਿਆ ਗਿਆ ਸੀ ਪਰ ਅੱਜ ਤੱਕ ਉਨ੍ਹਾਂ ਨੂੰ ਇਸ ਯੋਜਨਾ ਦਾ ਕੋਈ ਲਾਭ ਨਹੀਂ ਮਿਲਿਆ। ਜਦੋਂ ਇਸ ਬਾਰੇ ਪਿੰਡ ਦੇ ਸਰਪੰਚ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ।
ਰਾਜ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸਨ, ਸਥਾਨਕ ਵਿਧਾਇਕ ਅਤੇ ਇਲਾਕੇ ਦੇ ਸਮਾਜ ਸੇਵੀ ਲੋਕਾਂ ਅੱਗੇ ਅਪੀਲ ਕੀਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ। ਸਾਨੂੰ ਬਸ ਆਪਣੇ ਬੱਚਿਆਂ ਲਈ ਇੱਕ ਛੋਟੀ ਜਿਹੀ ਛੱਤ ਚਾਹੀਦੀ ਹੈ ਤਾਂ ਜੋ ਅਸੀਂ ਇਸ ਮੀਂਹ ਅਤੇ ਠੰਡ ਵਿੱਚ ਸੁਰੱਖਿਅਤ ਰਹਿ ਸਕੀਏ। ਇਸ ਮੌਕੇ ਪਿੰਡ ਦੇ ਸੀਨੀਅਰ ਨਾਗਰਿਕ ਰੇਸ਼ਮ ਸਿੰਘ ਨੇ ਕਿਹਾ ਕਿ ਰਾਜ ਕੁਮਾਰ ਬਹੁਤ ਈਮਾਨਦਾਰ ਅਤੇ ਮਿਹਨਤੀ ਵਿਅਕਤੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਮੌਕੇ ਦਾ ਜਾਇਜ਼ਾ ਲੈ ਕੇ ਇਸ ਪਰਿਵਾਰ ਨੂੰ ਮੁਆਵਜ਼ਾ ਅਤੇ ਆਵਾਸ ਯੋਜਨਾ ਦਾ ਲਾਭ ਦੇਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਮਦਦ ਨਾ ਮਿਲੀ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਮੀਂਹ ਪੈਣ 'ਤੇ ਇਸ ਪਰਿਵਾਰ ਦਾ ਜੀਣਾ ਹੋਰ ਵੀ ਔਖਾ ਹੋ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ: ਸਕੂਟਰੀ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਵਿਦੇਸ਼ੋਂ ਛੁੱਟੀ 'ਤੇ ਆਏ ਵਿਅਕਤੀ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
