ਗਨ ਪੁਆਇੰਟ ’ਤੇ ਸੋਨੇ ਦੀ ਚੇਨ ਤੇ ਮੰਗਲਸੂਤਰ ਲੁੱਟਣ ਵਾਲੇ 3 ਲੁਟੇਰੇ ਗ੍ਰਿਫ਼ਤਾਰ
Wednesday, Aug 05, 2026 - 04:36 AM (IST)
ਫਗਵਾੜਾ (ਜਲੋਟਾ) - ਜ਼ਿਲਾ ਕਪੂਰਥਲਾ ਪੁਲਸ ਵੱਲੋਂ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਗਨ ਪੁਆਇੰਟ ’ਤੇ ਲੁੱਟ-ਖੋਹ ਕਰਨ ਵਾਲੇ 3 ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ (ਆਈ. ਪੀ. ਐੱਸ.) ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ. ਪੀ. ਫਗਵਾੜਾ ਮਾਧਵੀ ਸ਼ਰਮਾ (ਪੀ. ਪੀ. ਐੱਸ.) ਦੀ ਅਗਵਾਈ ਹੇਠ ਪੁਲਸ ਟੀਮ ਨੇ ਇਹ ਸਫ਼ਲਤਾ ਹਾਸਲ ਕੀਤੀ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 14 ਜੁਲਾਈ 2026 ਨੂੰ ਸਾਖਸ਼ੀ ਸਲਾਰੀਆ ਨਿਵਾਸੀ ਨਿਊ ਹਰਕ੍ਰਿਸ਼ਨ ਨਗਰ ਫਗਵਾੜਾ ਤੋਂ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰ ਦੀ ਨੋਕ ’ਤੇ ਸੋਨੇ ਦੀ ਚੇਨ ਅਤੇ ਮੰਗਲਸੂਤਰ ਲੁੱਟ ਲਿਆ ਸੀ। ਇਸ ਸਬੰਧੀ ਥਾਣਾ ਸਿਟੀ ਫਗਵਾੜਾ ਵਿਖੇ ਮੁਕੱਦਮਾ ਨੰਬਰ 206 ਧਾਰਾ 304 ਬੀ. ਐੱਨ. ਐੱਸ., 25-54-59 ਆਰਮਜ਼ ਐਕਟ ਦਰਜ ਕੀਤਾ ਗਿਆ ਹੈ।
ਡੀ. ਐੱਸ. ਪੀ. ਫਗਵਾੜਾ ਪਲਵਿੰਦਰ ਸਿੰਘ ਦੀ ਦੇਖ-ਰੇਖ ਅਤੇ ਇੰਸਪੈਕਟਰ ਅਮਨਪ੍ਰੀਤ ਕੌਰ (ਐੱਸ. ਐੱਚ. ਓ. ਥਾਣਾ ਸਿਟੀ ਫਗਵਾੜਾ) ਦੀ ਅਗਵਾਈ ਹੇਠ ਗਠਿਤ ਪੁਲਸ ਟੀਮ ਨੇ ਮਾਮਲੇ ਨੂੰ ਟਰੇਸ ਕਰਦਿਆਂ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਮਰਜੀਤ ਸਿੰਘ ਨਿਵਾਸੀ ਗੁਰੂ ਤੇਗ ਬਹਾਦਰ ਨਗਰ ਫਗਵਾੜਾ, ਸੂਰਜ ਕੁਮਾਰ ਨਿਵਾਸੀ ਪਿੰਡ ਜਗਪਾਲਪੁਰ ਅਤੇ ਰਾਜੂ ਜੱਸਲ ਨਿਵਾਸੀ ਪਿੰਡ ਭਬੀਆਨਾ ਵਜੋਂ ਹੋਈ ਹੈ। ਪੁਲਸ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਜਾਂਚ ਦਾ ਦੌਰ ਜਾਰੀ ਹੈ।
