ਡਿਜ਼ਾਈਨਰਾਂ ਨੂੰ ਈ. ਡੀ. ਦੇ ਸੰਮਨ ਦੇ ਮਾਮਲੇ ’ਤੇ ਭੜਕੇ ਸੁਖਪਾਲ ਖਹਿਰਾ, ਆਡੀਓ ਜਾਰੀ ਕਰ ਦਿੱਤਾ ਸਪੱਸ਼ਟੀਕਰਨ

Thursday, Jun 24, 2021 - 06:44 PM (IST)

ਡਿਜ਼ਾਈਨਰਾਂ ਨੂੰ ਈ. ਡੀ. ਦੇ ਸੰਮਨ ਦੇ ਮਾਮਲੇ ’ਤੇ ਭੜਕੇ ਸੁਖਪਾਲ ਖਹਿਰਾ, ਆਡੀਓ ਜਾਰੀ ਕਰ ਦਿੱਤਾ ਸਪੱਸ਼ਟੀਕਰਨ

ਚੰਡੀਗੜ੍ਹ (ਬਿਊਰੋ)– ਸੁਖਪਾਲ ਸਿੰਘ ਖਹਿਰਾ ਇਨ੍ਹੀਂ ਦਿਨੀਂ ਈ. ਡੀ. ਦੀ ਕਾਰਵਾਈ ਨੂੰ ਲੈ ਕੇ ਸੁਰਖ਼ੀਆਂ ’ਚ ਆ ਗਏ ਹਨ। ਦਰਅਸਲ ਈ. ਡੀ. ਵਲੋਂ ਟਾਪ ਫੈਸ਼ਨ ਡਿਜ਼ਾਈਨਰਾਂ ਮਨੀਸ਼ ਮਲਹੋਤਰਾ, ਸੱਭਿਆਸਾਚੀ ਤੇ ਰੀਤੂ ਕੁਮਾਰ ਨੂੰ ਸੰਮਨ ਭੇਜਿਆ ਗਿਆ ਹੈ। ਇਹ ਸੰਮਨ ਖਹਿਰਾ ਵਲੋਂ ਆਪਣੀ ਧੀ ਦੇ ਵਿਆਹ ’ਤੇ ਕੀਤੀ ਖਰੀਦਦਾਰੀ ਸਬੰਧੀ ਭੇਜਿਆ ਗਿਆ ਹੈ।

ਇੰਨੀ ਵੱਡੀ ਏਜੰਸੀ ਦਾ ਇਹ ਕੰਮ ਨਹੀਂ ਹੋਣਾ ਚਾਹੀਦਾ
ਈ. ਡੀ. ਦੀ ਇਸ ਕਾਰਵਾਈ ’ਤੇ ਹੁਣ ਖਹਿਰਾ ਨੇ ਇਕ ਆਡੀਓ ਜਾਰੀ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਖਹਿਰਾ ਨੇ ਕਿਹਾ, ‘ਅੱਜ ਦੀਆਂ ਅਖਬਾਰਾਂ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਦੇਸ਼ ਦੀ ਇੰਨੀ ਵੱਡੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਕਿਸ ਤਰ੍ਹਾਂ ਚੁਣੇ ਹੋਏ ਵਿਅਕਤੀਆਂ ਮੁਤਾਬਕ ਕੁਝ ਵੀ ਊਲ-ਜਲੂਲ ਲਿਖ ਸਕਦੀ ਹੈ ਤੇ ਬੋਲ ਸਕਦੀ ਹੈ। ਇੰਨੀ ਜ਼ਿੰਮੇਵਾਰ ਏਜੰਸੀ ਦਾ ਇਹ ਕੰਮ ਨਹੀਂ ਹੋਣਾ ਚਾਹੀਦਾ।’

ਧੀ ਦੇ ਵਿਆਹ ਲਈ ਬਣਵਾਏ ਸਨ 7-8 ਲੱਖ ਰੁਪਏ ਦੇ ਕੱਪੜੇ
ਫੈਸ਼ਨ ਡਿਜ਼ਾਈਨਰਾਂ ਨੂੰ ਸੰਮਨ ਭੇਜਣ ’ਤੇ ਖਹਿਰਾ ਨੇ ਕਿਹਾ, ‘ਮੈਂ ਸਾਲ 2016 ਦੀ ਫਰਵਰੀ ਮਹੀਨੇ ’ਚ ਆਪਣੀ ਧੀ ਦਾ ਵਿਆਹ ਕੀਤਾ ਸੀ। ਉਸ ਵਿਆਹ ਨੂੰ ਲੈ ਕੇ ਮੇਰੇ ਪਰਿਵਾਰ ਨੇ ਕੁਝ ਕੱਪੜੇ ਬਣਵਾਏ ਸਨ। ਅਸੀਂ ਉਦੋਂ ਇਨ੍ਹਾਂ ਡਿਜ਼ਾਈਨਰਾਂ ਕੋਲੋਂ ਤਿੰਨ ਕੱਪੜੇ ਬਣਵਾਏ ਸਨ, ਭਾਵ ਤਿੰਨਾਂ ਡਿਜ਼ਾਈਨਰਾਂ ਕੋਲੋਂ ਇਕ-ਇਕ ਡਰੈੱਸ ਬਣਵਾਈ ਸੀ। ਇਹ ਸਾਰੀ ਖਰੀਦ ਲਗਭਗ 7 ਤੋਂ 8 ਲੱਖ ਰੁਪਏ ਦੀ ਸੀ।’

ਇਹ ਖ਼ਬਰ ਵੀ ਪੜ੍ਹੋ : ਮਨੀਸ਼ ਮਲਹੋਤਰਾ ਸਮੇਤ ਚੋਟੀ ਦੇ ਫੈਸ਼ਨ ਡਿਜ਼ਾਈਨਰਾਂ ਨੂੰ ਈ. ਡੀ. ਨੇ ਭੇਜੇ ਸੰਮਨ, ਸੁਖਪਾਲ ਖਹਿਰਾ ਨਾਲ ਜੁੜੀਆਂ ਤਾਰਾਂ

ਖਹਿਰਾ ਨੇ ਕਿਹਾ ਕਿ ਪੰਜਾਬ ਦਾ ਅਜਿਹਾ ਕਿਹੜਾ ਪਰਿਵਾਰ ਹੈ, ਜੋ ਆਪਣੇ ਬੱਚਿਆਂ ਖ਼ਾਸ ਤੌਰ ’ਤੇ ਧੀ ਦੇ ਵਿਆਹ ’ਤੇ ਖਰਚਾ ਨਹੀਂ ਕਰਦਾ। ਅਸੀਂ ਭਾਵੇਂ ਚੁੱਕ ਕੇ ਖਰਚਾ ਕਰੀਏ, ਬੱਚਿਆਂ ਦੇ ਵਿਆਹ ’ਚ ਅਸੀਂ ਕੋ ਘਾਟ ਨਹੀਂ ਛੱਡਦੇ।

ਮੈਂ ਜੋ ਕੱਪੜੇ ਖਰੀਦੇ, ਉਨ੍ਹਾਂ ਦੀ ਪੇਮੈਂਟ ਕੀਤੀ
ਖਹਿਰਾ ਨੇ ਅੱਗੇ ਕਿਹਾ, ‘ਇਸ ਗੱਲ ਨੂੰ ਇੰਝ ਬਣਾ ਦਿੱਤਾ ਗਿਆ ਜਿਵੇਂ ਮੈਂ ਬਹੁਤ ਵੱਡੀ ਮਨੀ ਲਾਂਡਰਿੰਗ ਕੀਤੀ ਹੈ। ਮੈਂ ਉਨ੍ਹਾਂ ਕੋਲੋਂ ਜੋ ਕੱਪੜੇ ਖਰੀਦੇ, ਉਨ੍ਹਾਂ ਦੀ ਪੇਮੈਂਟ ਕੀਤੀ ਹੈ। ਇਹ ਪੈਸਾ ਮੈਂ ਆਪਣੇ ਜਲੰਧਰ ਦੇ ਬੈਂਕ ’ਚੋਂ ਕਢਵਾ ਕੇ ਦਿੱਤਾ ਹੈ, ਜਿਥੇ ਮੇਰੀ ਐਗਰੀਕਲਚਰ ਦੀ ਲਿਮਿਟ ਸੀ। ਉਸ ’ਚੋਂ ਕਢਵਾ ਕੇ ਮੈਂ ਇਹ ਪੈਸੇ ਕੈਸ਼ ਦਿੱਤੇ ਹਨ।’

ਖਹਿਰਾ ਨੇ ਅਖੀਰ ’ਚ ਕਿਹਾ, ‘ਮੈਂ ਅਜਿਹੇ ਕਈ ਲੋਕਾਂ ਨੂੰ ਜਾਣਦਾ ਹਾਂ ਜੋ ਆਪਣੀ ਧੀ ਦੇ ਵਿਆਹ ’ਤੇ 50-50 ਲੱਖ ਰੁਪਏ ਦਾ ਲਹਿੰਗਾ ਹੀ ਖਰੀਦਦੇ ਹਨ। ਉਨ੍ਹਾਂ ਨੂੰ ਜਾ ਕੇ ਕੋਈ ਨਹੀਂ ਫੜਦਾ। ਕਈਆਂ ਦੇ ਬਿੱਲ ਇਨ੍ਹਾਂ ਡਿਜ਼ਾਈਨਰਾਂ ਕੋਲ ਕਰੋੜਾਂ ਰੁਪਏ ਦੇ ਵੀ ਹੋਣਗੇ, ਉਨ੍ਹਾਂ ਨੂੰ ਤਾਂ ਕੋਈ ਛੇੜਦਾ ਨਹੀਂ। ਮੈਂ ਜੇ 7-8 ਲੱਖ ਰੁਪਏ ਦੀ ਚੀਜ਼ ਆਪਣੀ ਧੀ ਲਈ ਲੈ ਲਈ, ਇਹ ਉਨ੍ਹਾਂ ਨੂੰ ਬਹੁਤ ਚੁੱਬੀ ਹੈ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News