ਵਿਵਾਦਾਂ ਨਾਲ ਪੁਰਾਣਾ ਨਾਤਾ ਹੈ ਸੁਖਪਾਲ ਖਹਿਰਾ ਦਾ

Friday, Nov 12, 2021 - 01:27 PM (IST)

ਵਿਵਾਦਾਂ ਨਾਲ ਪੁਰਾਣਾ ਨਾਤਾ ਹੈ ਸੁਖਪਾਲ ਖਹਿਰਾ ਦਾ

ਜਲੰਧਰ (ਵਿਸ਼ੇਸ਼) : ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡ੍ਰਿੰਗ ਦੇ ਮਾਮਲੇ ’ਚ ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ-18 ਤੋਂ ਗ੍ਰਿਫਤਾਰ ਕੀਤਾ ਸੀ।  ਵਰਣਨਯੋਗ ਹੈ ਕਿ ਖਹਿਰਾ ਨੂੰ ਈ. ਡੀ. ਨੇ ਬਿਆਨ ਦਰਜ ਕਰਵਾਉਣ ਲਈ ਚੰਡੀਗੜ੍ਹ ਸੱਦਿਆ ਸੀ। ਦੂਜੇ ਪਾਸੇ ਈ. ਡੀ. ਵਲੋਂ ਟਾਪ ਫੈਸ਼ਨ ਡਿਜ਼ਾਈਨਰਾਂ ਮਨੀਸ਼ ਮਲਹੋਤਰਾ, ਸਬਯਸਾਚੀ ਅਤੇ ਰਿਤੂ ਕੁਮਾਰ ਨੂੰ ਸੰਮਨ ਭੇਜੇ ਗਏ ਹਨ। ਇਹ ਸੰਮਨ ਖਹਿਰਾ ਵਲੋਂ ਆਪਣੀ ਬੇਟੀ ਦੇ ਵਿਆਹ ਵੇਲੇ ਕੀਤੀ ਗਈ ਖਰੀਦਦਾਰੀ ਨਾਲ ਸਬੰਧਤ ਹੈ। ਇਸ ਗ੍ਰਿਫਤਾਰੀ ਤੋਂ ਬਾਅਦ ਖਹਿਰਾ ਇਕ ਵਾਰ ਮੁੜ ਵਿਵਾਦਾਂ ’ਚ ਆ ਗਏ ਹਨ। ਕਈ ਨੇਤਾਵਾਂ ਨਾਲ ਛੱਤੀ ਦਾ ਅੰਕੜਾ ਹੋਣ ਕਾਰਨ ਇਸ ਗ੍ਰਿਫਤਾਰੀ ਨਾਲ ਸਿਆਸੀ ਹਲਕਿਆਂ ਵਿਚ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਈ. ਡੀ. ਵਲੋਂ ਫੈਸ਼ਨ ਡਿਜ਼ਾਈਨਰਾਂ ਨੂੰ ਸੰਮਨ ਭੇਜਣ ’ਤੇ ਉਦੋਂ ਖਹਿਰਾ ਨੇ ਕਿਹਾ ਸੀ,‘ਮੈਂ ਸਾਲ 2016 ਦੇ ਫਰਵਰੀ ਮਹੀਨੇ ’ਚ ਆਪਣੀ ਧੀ ਦਾ ਵਿਆਹ ਕੀਤਾ ਸੀ। ਉਸ ਵਿਆਹ ਨੂੰ ਲੈ ਕੇ ਮੇਰੇ ਪਰਿਵਾਰ ਨੇ ਕੁਝ ਕੱਪੜੇ ਬਣਵਾਏ ਸਨ। ਅਸੀਂ ਉਦੋਂ ਇਨ੍ਹਾਂ ਡਿਜ਼ਾਈਨਰਾਂ ਕੋਲੋਂ ਤਿੰਨ ਕੱਪੜੇ ਬਣਵਾਏ ਸਨ, ਭਾਵ ਤਿੰਨਾਂ ਡਿਜ਼ਾਈਨਰਾਂ ਕੋਲੋਂ ਇਕ-ਇਕ ਡਰੈੱਸ ਬਣਵਾਈ ਸੀ। ਇਹ ਸਾਰੀ ਖਰੀਦ ਲਗਭਗ 7 ਤੋਂ 8 ਲੱਖ ਰੁਪਏ ਦੀ ਸੀ।’ ਖਹਿਰਾ ਨੇ ਕਿਹਾ ਕਿ ਪੰਜਾਬ ਦਾ ਅਜਿਹਾ ਕਿਹੜਾ ਪਰਿਵਾਰ ਹੈ, ਜੋ ਆਪਣੇ ਬੱਚਿਆਂ ਖ਼ਾਸ ਤੌਰ ’ਤੇ ਧੀ ਦੇ ਵਿਆਹ ’ਤੇ ਖਰਚਾ ਨਹੀਂ ਕਰਦਾ। ਅਸੀਂ ਭਾਵੇਂ ਚੁੱਕ ਕੇ ਖਰਚਾ ਕਰੀਏ, ਬੱਚਿਆਂ ਦੇ ਵਿਆਹ ’ਚ ਅਸੀਂ ਕੋਈ ਘਾਟ ਨਹੀਂ ਛੱਡਦੇ।

ਇਹ ਵੀ ਪੜ੍ਹੋ : ਵਿਧਾਇਕ ਬੈਂਸ ਵਿਰੁੱਧ ਜਬਰ-ਜ਼ਿਨਾਹ ਦੇ ਮਾਮਲੇ ’ਚ  ਚਾਰਜਸ਼ੀਟ ਦਾਖਲ,ਇਸ ਦਿਨ ਹੋਵੇਗੀ ਅਗਲੀ ਸੁਣਵਾਈ

ਖਹਿਰਾ ਨੂੰ ਸਿਆਸਤ ਦੀ ਗੁੜਤੀ ਆਪਣੇ ਪਿਤਾ ਸੁਖਜਿੰਦਰ ਸਿੰਘ ਖਹਿਰਾ ਤੋਂ ਮਿਲੀ ਸੀ। ਸੁਖਜਿੰਦਰ ਅਕਾਲੀ ਦਲ ਦੀ ਟਿਕਟ ’ਤੇ ਚੋਣ ਜਿੱਤ ਕੇ 3 ਵਾਰ ਵਿਧਾਇਕ ਬਣੇ ਅਤੇ ਅਕਾਲੀ ਸਰਕਾਰ ਵੇਲੇ 2 ਵਾਰ ਸਿੱਖਿਆ ਮੰਤਰੀ ਰਹੇ। 1992 ਵਿਚ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦੌਰਾਨ ਉਨ੍ਹਾਂ ਸਿਆਸਤ ਛੱਡ ਦਿੱਤੀ ਅਤੇ 1994 ਵਿਚ ਸੁਖਪਾਲ ਖਹਿਰਾ ਦਾ ਸਿਆਸੀ ਸਫਰ ਸ਼ੁਰੂ ਹੋਇਆ। 2012 ਦੀਆਂ ਵਿਧਾਨ ਸਭਾ ਚੋਣਾਂ ਆਉਂਦੇ-ਆਉਂਦੇ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ-ਖਾਸ ਸਾਬਕਾ ਸੰਸਦ ਮੈਂਬਰ ਰਾਣਾ ਗੁਰਜੀਤ ਸਿੰਘ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਣ ਗਏ। ਸੁਖਪਾਲ ਖਹਿਰਾ ਅਤੇ ਰਾਣਾ ਗੁਰਜੀਤ ’ਚ ਪਹਿਲਾਂ ਤੋਂ ਹੀ ਛੱਤੀ ਦਾ ਅੰਕੜਾ ਚੱਲ ਰਿਹਾ ਸੀ। 2015 ਵਿਚ ਉਨ੍ਹਾਂ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਅਤੇ ਆਮ ਆਦਮੀ ਪਾਰਟੀ ਵਿਚ ਚਲੇ ਗਏ। ਆਮ ਆਦਮੀ ਪਾਰਟੀ ਦੀ ਟਿਕਟ ’ਤੇ 2017 ਦੀ ਵਿਧਾਨ ਸਭਾ ਚੋਣ ਜਿੱਤ ਕੇ ਉਹ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਬਣੇ। ਆਮ ਆਦਮੀ ਪਾਰਟੀ ਵਿਚ ਵੀ ਉਨ੍ਹਾਂ ਦਾ ਪਾਰਟੀ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਛੱਤੀ ਦਾ ਅੰਕੜਾ ਰਿਹਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਬਿਜਲੀ ਖਰੀਦ ਸਮਝੌਤਿਆਂ ਸਮੇਤ ਭ੍ਰਿਸ਼ਟਾਚਾਰ ਦੇ ਸਮੂਹ ਮਾਮਲਿਆਂ ਦੀ ਵਿਜੀਲੈਂਸ ਜਾਂਚ ਦਾ ਐਲਾਨ

ਪਾਰਟੀ ਵਿਰੋਧੀ ਸਰਗਰਮੀਆਂ ਕਾਰਨ 2018 ਵਿਚ ਖਹਿਰਾ ਨੂੰ ਆਮ ਆਦਮੀ ਪਾਰਟੀ ’ਚੋਂ ਬਰਖਾਸਤ ਕਰ ਦਿੱਤਾ ਗਿਆ। 2018 ਵਿਚ ਉਨ੍ਹਾਂ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ’ ਦਾ ਗਠਨ ਕੀਤਾ। ਜਨਵਰੀ 2019 ਵਿਚ ਉਨ੍ਹਾਂ ਆਮ ਆਦਮੀ ਪਾਰਟੀ ਛੱਡ ਕੇ ‘ਪੰਜਾਬ ਏਕਤਾ ਪਾਰਟੀ’ ਬਣਾ ਲਈ ਅਤੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਤਹਿਤ ਲੋਕ ਸਭਾ ਦੀ ਚੋਣ ਲੜੀ, ਜਿਸ ਵਿਚ ਉਨ੍ਹਾਂ ਨੂੰ ਹਾਰ ਮਿਲੀ। ਕੁਝ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖਹਿਰਾ ਨੂੰ ਮੁੜ ਕਾਂਗਰਸ ਵਿਚ ਲੈ ਕੇ ਹੀ ਆਏ ਸਨ ਕਿ ਮਾਰਚ 2021 ਵਿਚ ਖਹਿਰਾ ਦੇ ਕਈ ਟਿਕਾਣਿਆਂ ’ਤੇ ਡਰੱਗ ਸਮੱਗਲਿੰਗ ਤੇ ਜਾਅਲੀ ਪਾਸਪੋਰਟ ਰੈਕੇਟ ਦੇ ਕੇਸਾਂ ’ਚ ਈ. ਡੀ. ਨੇ ਰੇਡ ਕੀਤੀ। ਪਿਛਲੇ ਮਹੀਨੇ ਹੀ ਉਨ੍ਹਾਂ ਦਾ ਵਿਧਾਇਕ ਅਹੁਦੇ ਤੋਂ ਅਸਤੀਫਾ ਮਨਜ਼ੂਰ ਹੋਇਆ ਸੀ ਕਿ ਹੁਣ ਈ. ਡੀ. ਵਲੋਂ ਗ੍ਰਿਫਤਾਰੀ ਨਾਲ ਉਹ ਮੁੜ ਸੁਰਖੀਆਂ ਵਿਚ ਆ ਗਏ ਹਨ।

ਇਹ ਵੀ ਪੜ੍ਹੋ : ਸਮਝੌਤੇ ਰੱਦ ਨਹੀਂ, ਦੁਬਾਰਾ ਤੈਅ ਹੋਣਗੀਆਂ ਬਿਜਲੀ ਦਰਾਂ : ‘ਆਪ’

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 
 


author

Anuradha

Content Editor

Related News