ਸੁਖਪਾਲ ਖਹਿਰਾ ਦੇ ਹੱਕ 'ਚ ਨਿੱਤਰੇ ਐੱਨ. ਆਰ. ਆਈਜ਼, ਦਿੱਤਾ ਮਦਦ ਦਾ ਭਰੋਸਾ
Sunday, Jul 29, 2018 - 08:54 PM (IST)
ਵਾਸ਼ਿੰਗਟਨ/ਕੈਨਬਰਾ— ਆਮ ਆਦਮੀ ਪਾਰਟੀ (ਆਪ) ਦੇ ਆਗੂ ਸੁਖਪਾਲ ਖਹਿਰਾ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਸਿਆਸੀ ਘਮਾਸਾਨ ਪੈਦਾ ਹੋ ਗਿਆ ਹੈ। ਪੰਜਾਬ ਹੀ ਨਹੀਂ ਵਿਦੇਸ਼ਾਂ 'ਚ ਵੀ ਉਨ੍ਹਾਂ ਨੂੰ ਹਟਾਉਣ ਨੂੰ ਲੈ ਕੇ ਚਰਚਾ ਹੈ ਪਰ ਵਿਦੇਸ਼ਾਂ 'ਚ ਵੱਸਦੇ ਐੱਨ. ਆਰ. ਆਈਜ਼ ਸੁਖਪਾਲ ਖਹਿਰਾ ਦੇ ਹੱਕ ਵਿਚ ਨਿੱਤਰੇ ਹਨ।
ਅਮਰੀਕਾ, ਕੈਨੇਡਾ, ਯੂਰਪ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ 'ਚ ਵੱਸਦੇ ਐੱਨ. ਆਰ. ਆਈਜ਼ ਦੀ ਇਕ ਟੀਮ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਿਚ ਜੋ ਕੁਝ ਵੀ ਹੋ ਰਿਹਾ ਹੈ, ਉਸ ਤੋਂ ਅਸੀਂ ਬਹੁਤ ਨਿਰਾਸ਼ ਹਾਂ। ਉਨ੍ਹਾਂ ਕਿਹਾ ਕਿ ਅਸੀਂ ਤਕਰੀਬਨ 4 ਸਾਲਾਂ ਤੋਂ ਮਿਹਨਤ ਕੀਤੀ ਅਤੇ ਤੁਹਾਨੂੰ ਫੰਡ ਇਕੱਠਾ ਕਰ ਕੇ ਦੇਣ ਦੀਆਂ ਕੋਸ਼ਿਸ਼ਾਂ ਰਾਹੀਂ ਹਮਾਇਤ ਦਿੱਤੀ। ਐੱਨ. ਆਰ. ਆਈਜ਼ ਦਾ ਕਹਿਣਾ ਹੈ ਕਿ ਸਾਡੇ ਲਈ ਇਹ ਦਿਖਾਉਣ ਦਾ ਸਮਾਂ ਹੈ ਕਿ ਪੰਜਾਬ ਸਭ ਤੋਂ ਉੱਪਰ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕ੍ਰਿਪਾ ਕਰ ਕੇ ਖਹਿਰਾ ਅਤੇ ਪੰਜਾਬ ਨਾਲ ਖੜ੍ਹੇ ਹੋਵੋ, ਸਾਰੀਆਂ 19-20 ਐੱਨ. ਆਰ. ਆਈਜ਼ ਟੀਮਾਂ ਉਨ੍ਹਾਂ ਦਾ ਪੂਰਾ ਸਹਿਯੋਗ ਕਰਨਗੀਆਂ। ਅਸੀਂ ਬਠਿੰਡਾ 'ਚ 2 ਅਗਸਤ ਨੂੰ ਖਹਿਰਾ ਵਲੋਂ ਬੁਲਾਏ ਜਾ ਰਹੇ ਵਲੰਟੀਅਰ ਸੰਮੇਲਨ 'ਚ ਵਿਧਾਇਕਾਂ ਨੂੰ ਜੁੜਨ ਦੀ ਅਪੀਲ ਕਰਦੇ ਹਾਂ। ਜੇਕਰ ਤੁਹਾਨੂੰ ਸਾਡੇ ਤੋਂ ਕੋਈ ਮਦਦ ਚਾਹੀਦੀ ਹੈ, ਤਾਂ ਕ੍ਰਿਪਾ ਕਰ ਕੇ ਸਾਨੂੰ ਜ਼ਰੂਰ ਦੱਸੋ।
ਜਿਹੜੀਆਂ ਐੱਨ. ਆਰ. ਆਈਜ਼ ਟੀਮਾਂ ਹੱਕ 'ਚ ਨਿੱਤਰੀਆਂ ਹਨ, ਉਨ੍ਹਾਂ 'ਚ ਅਮਰੀਕਾ ਤੋਂ ਬਿੱਟੂ ਸਿੱਧੂ, ਨਿਊਜਰਸੀ ਤੋਂ ਧਰਮ ਸਿੰਘ, ਸ਼ਿਕਾਗੋ ਤੋਂ ਲਖਵੀਰ ਸਿੰਘ ਸੰਧੂ, ਮਿਸੀਸਿਪੀ ਤੋਂ ਮਨਦੀਪ ਸਿੰਘ ਅਤੇ ਵਰਜੀਨੀਆ, ਵਾਸ਼ਿੰਗਟਨ ਡੀ. ਸੀ. ਅਤੇ ਮੈਰੀਲੈਂਡ ਤੋਂ ਸੁੱਖੀ ਪਨੂੰ, ਅਮਰਜੀਤ ਸਿੰਘ, ਹਰਪ੍ਰੀਤ ਗਿੱਲ, ਮਹਿਤਾਬ ਸਿੰਘ ਕਾਹਲੋਂ ਆਦਿ ਹਨ। ਇਸ ਤੋਂ ਇਲਾਵਾ ਕੈਨੇਡਾ ਅਤੇ ਨਿਊਜ਼ੀਲੈਂਡ ਤੋਂ ਐੱਨ. ਆਰ. ਆਈਜ਼ ਹਨ— ਟੋਰਾਂਟੋ ਤੋਂ ਸੁਰਿੰਦਰ ਮਾਵੀ। ਨਿਊਜ਼ੀਲੈਂਡ ਤੋਂ ਖੁਸ਼ਮੀਤ ਕੌਰ ਸਿੱਧੂ, ਦੀਦਾਰ ਸਿੰਘ ਵਿਰਕ, ਜਗਦੀਪ ਸਿੰਘ, ਅਮਰੀਕ ਬਰਾੜ, ਪਰਮ ਬਰਾੜ ਆਦਿ।
