ਸੁਖਪਾਲ ਖਹਿਰਾ ਮਾਮਲੇ ''ਤੇ ਅਦਾਲਤ ਜਾਣ ਦੀ ਤਿਆਰੀ ''ਚ ''ਆਪ''
Tuesday, Dec 31, 2019 - 01:46 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ 'ਚ ਅਦਾਲਤ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਬਾਰੇ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ ਖਹਿਰਾ ਦੀ ਅਯੋਗਤਾ ਪਟੀਸ਼ਨ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਪਰ ਹੁਣ ਪਾਰਟੀ ਇਸ ਮਾਮਲੇ ਨੂੰ ਇਕ ਨਤੀਜੇ 'ਤੇ ਲਿਜਾਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਪਾਰਟੀ ਦੀ ਅਗਲੀ ਕੋਰ ਕਮੇਟੀ ਦੀ ਮੀਟਿੰਗ 'ਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਦੌਰਾਨ ਸਪੀਕਰ ਵਲੋਂ ਪਹਿਲਾਂ ਹੀ ਪਾਰਟੀ ਦੇ ਤਿੰਨ ਬਾਗੀਆਂ ਅਮਰਜੀਤ ਸਿੰਘ ਸੰਦੋਆ, ਸੁਖਪਾਲ ਖਹਿਰਾ ਅਤੇ ਬਲਦੇਵ ਸਿੰਘ ਨੂੰ ਸੰਮਨ ਭੇਜਿਆ ਗਿਆ ਹੈ। ਦੱਸ ਦੇਈਏ ਕਿ ਸੁਖਪਾਲ ਖਹਿਰਾ ਨੇ 26 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ ਸੀ ਪਰ 6 ਮਹੀਨਿਆਂ ਬਾਅਦ ਅਕਤੂਬਰ 'ਚ ਅਸਤੀਫਾ ਵਾਪਸ ਲੈ ਲਿਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਸਤੀਫਾ ਹੀ ਵਾਪਸ ਲੈ ਲਿਆ ਗਿਆ ਤਾਂ ਇਸ ਮੁੱਦੇ 'ਤੇ ਫੈਸਲਾ ਹੋ ਜਾਣਾ ਚਾਹੀਦਾ ਹੈ।