ਕੈਪਟਨ-ਬਾਜਵਾ ਵਿਵਾਦ ''ਚ ਸੁਖਪਾਲ ਖਹਿਰਾ ਦੀ ਦਸਤਕ, ਦਿੱਤਾ ਵੱਡਾ ਬਿਆਨ
Monday, Aug 10, 2020 - 06:34 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼) : ਕਾਂਗਰਸ ਦੇ ਸੀਨੀਅਰ ਆਗੂਆਂ ਵਿਚਾਲੇ ਚੱਲ ਰਹੀ ਜੰਗ ਵਿਚ ਹੁਣ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਵੀ ਦਸਤਕ ਦਿੱਤੀ ਹੈ। ਖਹਿਰਾ ਮੁਤਾਬਕ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸ਼ਰਾਬ ਕਾਂਡ ਮੁੱਦੇ ਨੂੰ ਲੈ ਕੇ ਸਰਕਾਰ ਦੀਆਂ ਨਾਕਾਮੀਆਂ ਅਤੇ ਮਿਲੀਭੁਗਤ ਨੂੰ ਜਗਜ਼ਾਹਿਰ ਕੀਤੇ ਜਾਣ ਤੋਂ ਖਫ਼ਾ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਨੂੰ ਪਹਿਲਾਂ ਤੋਂ ਹੀ ਮਿਲੀ ਹੋਈ ਸੁਰੱਖਿਆ ਨੂੰ ਵਾਪਿਸ ਲੈ ਕੇ ਆਪਣੇ ਰਾਜਨੀਤਿਕ ਵਿਰੋਧੀਆ ਨੂੰ ਬਿਆਨਬਾਜ਼ੀ ਕਰਨ ਤੋਂ ਰੋਕਣ ਲਈ ਅਨੋਖਾ ਹੱਥਕੰਡਾ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਕਾਂਗਰਸ ਦੇ ਸ਼ਰਾਬ ਮਾਫੀਆ ਖ਼ਿਲਾਫ਼ ਆਪਣੀ ਅਵਾਜ਼ ਬੁਲੰਦ ਕਰ ਰਹੀਆਂ ਹਨ, ਜੋ ਕੈਪਟਨ ਨੂੰ ਪਸੰਦ ਨਹੀਂ ਹੈ ਅਤੇ ਕੈਪਟਨ ਨਹੀ ਚਾਹੁੰਦੇ ਕਿ ਉਹ ਆਪਣੇ ਕਿਸੇ ਮੰਤਰੀ ਜਾਂ ਵਿਧਾਇਕ ਦੀ ਇਸ ਸ਼ਰਾਬ ਕਾਂਡ 'ਚ ਸ਼ਮੂਲੀਅਤ ਤੋਂ ਪਰਦਾ ਚੁੱਕ ਸਕਣ।
ਇਹ ਵੀ ਪੜ੍ਹੋ : ਸਿਖਰਾਂ 'ਤੇ ਪਹੁੰਚਿਆ ਕਾਂਗਰਸ ਦਾ ਘਰੇਲੂ ਕਲੇਸ਼, ਜਾਖੜ ਨੇ ਨਜ਼ਮ ਰਾਹੀਂ ਦਿੱਤਾ ਬਾਜਵਾ ਨੂੰ ਜਵਾਬ
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹੁਣ ਜਦ ਇਹ ਗੱਲ ਜਗਜ਼ਾਹਿਰ ਹੋ ਚੁੱਕੀ ਹੈ ਕਿ ਅਜਿਹੇ ਕਾਂਡ ਵਿਚ ਕਾਂਗਰਸੀ ਵਿਧਾਇਕਾਂ, ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਪੰਜਾਬ ਵਿਚ ਸ਼ਰਾਬ ਮਾਫੀਆ ਸਰਗਰਮ ਹੋਇਆ ਬੈਠਾ ਹੈ ਪਰ ਹੁਣ ਪੰਜਾਬ ਪੁਲਸ ਇਨ੍ਹਾਂ ਸ਼ਰਾਬ ਕਾਂਡ ਦੇ ਅਸਲ ਮੁਲਜ਼ਮਾਂ ਨੂੰ ਫੜਣ ਦੀ ਬਜਾਏ ਛੋਟੇ ਮਜ਼ਦੂਰਾਂ 'ਤੇ ਝੂਠੇ ਮਾਮਲੇ ਪਾ ਕੇ ਅਤੇ ਉਨ੍ਹਾਂ ਨੂੰ ਨਜਾਇਜ਼ ਤੌਰ 'ਤੇ ਫਸਾ ਕੇ ਸਾਬਿਤ ਕਰ ਰਹੀ ਹੈ ਕਿ ਉਹ ਇਸ ਸ਼ਰਾਬ ਕਾਂਡ ਦੇ ਵਾਪਰਣ ਤੋਂ ਬਾਅਦ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਉਨ੍ਹਾਂ ਵਿਰੁਧ ਫਰਜ਼ੀ ਮਾਮਲੇ ਦਰਜ ਕਰਕੇ ਖਾਨਾਪੂਰਤੀ ਕਰ ਰਹੇ ਹਨ।
ਇਹ ਵੀ ਪੜ੍ਹੋ : ਬਾਜਵਾ ਦੀ ਸੁਰੱਖਿਆ ਵਾਪਸ ਲੈਣ 'ਤੇ ਭੜਕੇ ਦੂਲੋ, ਕੈਪਟਨ ਤੇ ਡੀ. ਜੀ. ਪੀ. ਨੂੰ ਦਿੱਤੀ ਚਿਤਾਵਨੀ