ਖਹਿਰਾ ਨੂੰ ਝਟਕਾਉਣ ਦੀ ਤਿਆਰੀ ''ਚ ਕੇਜਰੀਵਾਲ!

01/16/2019 6:47:49 PM

ਚੰਡੀਗੜ੍ਹ : ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇ ਚੁੱਕੇ ਸੁਖਪਾਲ ਖਹਿਰਾ ਨੂੰ ਪਾਰਟੀ ਲੀਡਰਸ਼ਿਪ ਲਾਂਬੂ ਲਗਾਉਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਜਲਦ ਹੀ 'ਆਪ' ਪੰਜਾਬ ਕੋਰ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ, ਜਿਸ ਵਿਚ ਖਹਿਰਾ ਨੂੰ ਵਿਧਾਇਕੀ ਤੋਂ ਲਾਂਭੇ ਕਰਨ ਦਾ ਫੈਸਲਾ ਕੀਤਾ ਜਾ ਸਕਦਾ ਹੈ। ਖਬਰ ਇਹ ਵੀ ਹੈ ਕਿ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਸਪੀਕਰ ਨੂੰ ਖਹਿਰਾ ਦੀ ਵਿਧਾਇਕੀ (ਐੱਮ. ਐੱਲ. ਏ. ਦੀ ਮੈਂਬਰਸ਼ਿਪ) ਰੱਦ ਕਰਨ ਦੀ ਅਪੀਲ ਵੀ ਕਰ ਸਕਦੇ ਹਨ। ਆਮ ਆਦਮੀ ਪਾਰਟੀ ਲਡੀਰਸ਼ਿਪ ਵਲੋਂ ਜੇਕਰ ਸੁਖਪਾਲ ਖਹਿਰਾ ਖਿਲਾਫ ਸਟੈਂਡ ਲੈ ਲਿਆ ਜਾਂਦਾ ਹੈ ਤਾਂ ਹਲਕਾ ਭੁਲੱਥ ਤੋਂ ਜ਼ਿਮਨੀ ਚੋਣ ਹੋਣੀ ਲਾਜ਼ਮੀ ਹੈ। 
ਇਥੇ ਇਹ ਵੀ ਦੱਸਣਯੋਗ ਹੈ ਕਿ ਹਲਕਾ ਭੁਲੱਥ ਤੋਂ ਇਕ ਵੋਟਰ ਨੇ ਸਪੀਕਰ ਕੋਲ ਪਟੀਸ਼ਨ ਦਾਇਰ ਕਰਕੇ ਸੁਖਪਾਲ ਖਹਿਰਾ ਦੀ ਵਿਧਾਇਕੀ ਰੱਦ ਕਰਨ ਦੀ ਅਪੀਲ ਕੀਤੀ ਸੀ। ਉਕਤ ਪਟੀਸ਼ਨ ਵਿਚ ਵੋਟਰ ਵਲੋਂ ਕਿਹਾ ਗਿਆ ਸੀ ਕਿ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਇਹ ਚੋਣ ਜਿੱਤੀ ਹੈ, ਹੁਣ ਜਦੋਂ ਸੁਖਪਾਲ ਖਹਿਰਾ 'ਆਪ' 'ਚੋਂ ਅਸਤੀਫਾ ਦੇ ਚੁੱਕੇ ਹਨ ਤਾਂ ਉਨ੍ਹਾਂ ਦੀ ਵਿਧਾਇਕੀ ਵੀ ਰੱਦ ਕੀਤੀ ਜਾਣੀ ਚਾਹੀਦੀ ਹੈ। 
ਦੱਸਣਯੋਗ ਹੈ ਕਿ 6 ਜਨਵਰੀ ਨੂੰ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਅਰਵਿੰਦ ਕੇਜਰੀਵਾਲ ਨੂੰ ਭੇਜੇ ਅਸਤੀਫੇ ਵਿਚ ਸੁਖਪਾਲ ਖਹਿਰਾ ਨੇ ਲਿਖਿਆ ਸੀ ਕਿ ਪਾਰਟੀ ਆਪਣੀ ਵਿਚਾਰਧਾਰਾ ਅਤੇ ਆਦਰਸ਼ਾਂ ਤੋਂ ਭਟਕ ਚੁੱਕੀ ਹੈ, ਜਿਸ ਕਾਰਨ ਉਹ ਪਾਰਟੀ 'ਚੋਂ ਅਸਤੀਫਾ ਦੇ ਰਹੇ ਹਨ।


Gurminder Singh

Content Editor

Related News