ਸੁਖਨਾ ਸੈਂਚੁਰੀ ''ਚ ''ਵਿਲਾਇਤੀ ਬਬੁਲ'' ਦਾ ਹੱਲ ਲੱਭਣ ਦੀ ਤਿਆਰੀ
Saturday, Aug 11, 2018 - 04:26 PM (IST)

ਚੰਡੀਗੜ੍ਹ (ਵਿਜੇ) : ਸੁਖਨਾ ਵਾਈਲਡ ਲਾਈਪ ਸੈਂਚੁਰੀ 'ਚ ਸਭ ਤੋਂ ਵੱਡੀ ਪਰੇਸ਼ਾਨੀ ਇਨ੍ਹੀਂ ਦਿਨੀਂ ਤੇਜ਼ੀ ਨਾਲ ਫੈਲ ਰਹੀ 'ਵਿਲਾਇਤੀ ਬਬੁਲ' ਹੈ, ਜਿਸ ਦਾ ਹੱਲ ਲੱਭਣ ਲਈ ਯੂ. ਟੀ. ਦੇ ਫਾਰੈਸਟ ਐਂਡ ਵਾਈਲਡ ਲਾਈਫ ਵਿਭਾਗ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੁਖਨਾ ਵਾਈਲਡ ਲਾਈਫ ਸੈਂਚੁਰੀ 'ਚ 'ਵਿਲਾਇਤੀ ਬਬੁਲ' (ਪ੍ਰੋਸਾਪਿਸ ਜੁਲਿਫਲੋਰਾ) ਨੂੰ ਪੂਰੀ ਤਰ੍ਹਾਂ ਖਤਮ ਕਰਨਾ ਇਸ ਸਮੇਂ ਵਿਭਾਗ ਲਈ ਸਭ ਤੋਂ ਵੱਡੀ ਚੁਣੌਤੀ ਹੈ। ਸੁਖਨਾ ਸੈਂਚੁਰੀ ਦੇ ਡਰਾਫਟ ਮੈਨਜਮੈਂਟ ਪਲਾਨ 'ਚ ਵੀ ਇਸ ਨੂੰ ਇਕ ਗੰਭੀਰ ਸਮੱਸਿਆ ਦੱਸਿਆ ਹੈ।
ਬਨਸਪਤੀ 'ਤੇ ਕਰ ਰਿਹੈ ਹਮਲਾ
'ਵਿਲਾਇਤੀ ਬਬੁਲ' ਨੂੰ ਇਸ ਲਈ ਸੈਂਚੁਰੀ ਲਈ ਖਤਰਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਸਿੱਧੇ ਉੱਥੋਂ ਦੀ ਬਨਸਪਤੀ 'ਤੇ ਹਮਲਾ ਕਰ ਰਿਹਾ ਹੈ। ਇਹ ਮਾਮਲਾ ਵਿਭਾਗ ਵਲੋਂ ਪਿਛਲੇ ਸਾਲ ਯੂ. ਟੀ. ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਸਾਹਮਣੇ ਸਟੇਟ ਬੋਰਡ ਫਾਰ ਵਾਈਲਡ ਲਾਈਫ ਦੀ ਮੀਟਿੰਗ 'ਚ ਵੀ ਚੁੱਕਿਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਫੈਸਲਾ ਲਿਆ ਸੀ ਕਿ ਇਸ ਮੁਸੀਬਤ ਨਾਲ ਨਜਿੱਠਣ ਲਈ ਹੁਣ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ ਦੇਹਰਾਦੂਨ ਦੀ ਮਦਦ ਲਈ ਜਾਵੇਗੀ। ਇਸ ਦੇ ਨਾਲ ਹੀ ਵਿਭਾਗ ਨੇ ਇਸ ਪਰੇਸ਼ਾਨੀ ਨਾਲ ਨਜਿੱਠਣ ਲਈ ਸਰਵੇ ਵੀ ਕਰਾਉਣ ਦੀ ਤਿਆਰੀ ਕਰ ਲਈ ਸੀ।