ਪੰਜਾਬ ਦੇ ਸਾਬਕਾ ਸੈਨਿਕਾਂ ਵੱਲੋਂ ਆਜ਼ਾਦੀ ਦਿਹਾੜੇ ''ਤੇ ਸਿਆਸਤਦਾਨਾਂ ਦਾ ਬਾਈਕਾਟ ਕਰਨ ਦਾ ਐਲਾਨ
Tuesday, Aug 12, 2025 - 03:04 PM (IST)

ਮੋਹਾਲੀ (ਨਿਆਮੀਆਂ) : ਦੇਸ਼ ਦੀਆਂ ਸਰਹੱਦਾਂ 'ਤੇ ਰਾਖੀ ਕਰਨ ਮਗਰੋਂ ਸੇਵਾਮੁਕਤ ਹੋਏ ਪੰਜਾਬ ਭਰ ਦੇ ਸਾਬਕਾ ਸੈਨਿਕਾਂ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਅਤੇ ਗੈਰ ਸਰਕਾਰੀ ਸੰਸਥਾਵਾਂ (NGO's) ਨੇ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਉਹ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਪ੍ਰੋਗਰਾਮਾਂ ਦੌਰਾਨ ਪੰਜਾਬ ਦੇ ਸਿਆਸਤਦਾਨਾਂ ਦਾ ਡੱਟ ਕੇ ਵਿਰੋਧ ਕਰਦੇ ਹੋਏ ਇਨ੍ਹਾਂ ਦੇਪ੍ਰੋਗਰਾਮਾਂ ਦਾ ਬਾਈਕਾਟ ਕਰਨਗੇ। ਸਾਬਕਾ ਸੈਨਿਕਾਂ ਦੀ ਜੱਥੇਬੰਦੀ ਐਕਸ ਸਰਵਿਸਮੈਨ ਗਰੀਵੈਂਸ ਸੈੱਲ ਦੇ ਮੁਖੀ ਲੈਫਟੀਨੈਂਟ ਕਰਨਲ ਐੱਸ. ਐੱਸ. ਸੋਹੀ ਦਾ ਕਹਿਣਾ ਹੈ ਪੰਜਾਬ ਦੇ ਰਾਜਨੀਤਿਕਾਂ ਨੇ ਸੂਬੇ ਵਿੱਚ ਅਜਿਹਾ ਮਾਹੌਲ ਸਿਰਜਿਆ ਹੋਇਆ ਹੈ ਕਿ ਸਾਬਕਾ ਸੈਨਿਕ ਅਤੇ ਨੌਕਰੀ ਕਰ ਰਹੇ ਸੈਨਿਕ ਅਤੇ ਉਨ੍ਹਾਂਸਾਰਿਆਂ ਦੇ ਪਰਿਵਾਰ ਆਪਣੇ ਆਪ ਨੂੰ ਬਿਲਕੁਲ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ।
ਉਨ੍ਹਾਂ ਕਿਹਾ ਕਿ ਦੇਸ਼ ਦੀ ਸੇਵਾ ਕਰਦੇ ਸਮੇਂ ਉਹ ਆਪਣੇ ਘਰਾਂ ਤੋਂ ਬਾਹਰ ਰਹਿੰਦੇ ਹਨ ਇਸ ਲਈ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਰਿਵਾਰਾਂ ਦੀ ਰੱਖਿਆ ਸਰਕਾਰ ਕਰੇ ਪਰਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਜਾਪਦੀ ਹੈ। ਸਰਕਾਰ ਆਪਣੀਆਂ ਏਜੰਸੀਆਂ ਅਤੇ ਪੁਲਸ ਰਾਹੀਂ ਜਦੋਂ ਜੀ ਚਾਹੁੰਦਾ ਹੈ, ਕਿਸੇ ਵੀ ਸੈਨਿਕ ਨੂੰ ਮਾਰਕੁੱਟ ਸੁੱਟਦੀ ਹੈ ਅਤੇ ਜਦੋਂ ਜੀ ਚਾਹੁੰਦਾ ਹੈ ਕਿਸੇ ਦੀ ਬੇਇੱਜ਼ਤੀ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਸਮੂਹ ਸਾਬਕਾ ਸੈਨਿਕਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਇਸ ਵਾਰ ਆਜ਼ਾਦੀ ਦੇ ਜਸ਼ਨਾਂ ਦਾ ਦੇ ਮੌਕੇ ਸਿਆਸਤਦਾਨਾਂ ਦਾ ਡੱਟ ਕੇ ਵਿਰੋਧ ਕਰਨਗੇ ਅਤੇ ਬਾਈਕਾਟ ਕਰਨਗੇ।