ਹੁਣ ਮੰਤਰੀ ਰੰਧਾਵਾ ਨੇ ਅਫ਼ਸਰਸ਼ਾਹੀ ਖ਼ਿਲਾਫ਼ ਖ਼ੋਲਿਆ ਮੋਰਚਾ, ਕੈਪਟਨ ਸਾਹਮਣੇ ਰੱਖਿਆ ਇਹ ਮੁੱਦਾ
Thursday, Aug 19, 2021 - 10:19 AM (IST)
ਜਲੰਧਰ (ਐੱਨ. ਮੋਹਨ)- ਪੰਜਾਬ ਦੇ ਚੋਣਾਂ ਵਾਲੇ ਸਾਲ ’ਚ ਹੁਣ ਕੈਪਟਨ ਸਰਕਾਰ ਦੇ ਸੀਨੀਅਰ ਮੰਤਰੀ ਨੇ ਅਫ਼ਸਰਸ਼ਾਹੀ ਦੇ ਹਾਵੀ ਹੋਣ ਦਾ ਦੋਸ਼ ਮੁੱਖ ਮੰਤਰੀ ਸਾਹਮਣੇ ਰੱਖਿਆ ਹੈ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਨੁਸਾਰ ਅਧਿਕਾਰੀ ਇਕ ਸਾਜ਼ਿਸ਼ ਤਹਿਤ ਸਰਕਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਮਲਾ ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਵਾਅਦੇ ’ਚ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਹੈ, ਜਿਸ ਦੀ ਕਾਟ ਲਈ ਮੰਤਰੀ ਨੇ ਅਫ਼ਸਰਾਂ ਤੋਂ ਮਦਦ ਮੰਗੀ ਸੀ ਪਰ ਅਫ਼ਸਰਸ਼ਾਹੀ ਵੱਲੋਂ ਮੰਤਰੀ ਨੂੰ ਜਵਾਬ ਹੀ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ: ਕੋਰੋਨਾ ਦੇ ਮੱਦੇਨਜ਼ਰ ਸਕੂਲਾਂ ਸਬੰਧੀ ਜਲੰਧਰ ਦੇ ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ, ਦਿੱਤੀਆਂ ਇਹ ਸਖ਼ਤ ਹਦਾਇਤਾਂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ ਵਿਚ ਰੰਧਾਵਾ ਨੇ ਜਿੱਥੇ ਬਿਜਲੀ ਦੇ ਮੁੱਦੇ ’ਤੇ ਚਿੰਤਾ ਪ੍ਰਗਟ ਕੀਤੀ ਹੈ, ਉੱਥੇ ਹੀ ਦੁੱਖ਼ ਪ੍ਰਗਟ ਕਰਦਿਆਂ ਕਿਹਾ ਕਿ ਅਧਿਕਾਰੀ ਉਨ੍ਹਾਂ ਨੂੰ ਕੋਈ ਸੂਚਨਾ ਵੀ ਨਹੀਂ ਦੇ ਰਹੇ। ਅਜਿਹੀ ਹਾਲਤ ’ਚ ਕੈਪਟਨ ਸਰਕਾਰ ਦਾ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ। ਮੰਤਰੀ ਨੇ ਚੋਣ ਸਾਲ ਵਿਚ ਬਿਜਲੀ ਦਾ ਸੰਕਟ ਪੈਦਾ ਹੋਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਅਧਿਕਾਰੀ ਇਕ ਸਾਜ਼ਿਸ਼ ਤਹਿਤ ਸਰਕਾਰ ਦਾ ਅਕਸ ਖ਼ਰਾਬ ਕਰਨ ਦਾ ਯਤਨ ਕਰ ਰਹੇ ਹਨ। ਮੰਤਰੀ ਨੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਗੱਲ ਕਹੀ ਹੈ। ਕੈਪਟਨ ਸਰਕਾਰ ਨੂੰ ‘ਆਪ’ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਵੱਲੋਂ ਪੰਜਾਬ ਵਾਸੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਵਾਅਦੇ ਦੀ ਕੋਈ ਕਾਟ ਨਹੀਂ ਮਿਲ ਰਹੀ।
ਇਹ ਵੀ ਪੜ੍ਹੋ: ਸਰੀਰਕ ਸੰਬੰਧ ਬਣਾਉਣ ਤੋਂ ਮਨ੍ਹਾ ਕਰਨ ’ਤੇ ਬਣਾਈ ਅਸ਼ਲੀਲ ਵੀਡੀਓ ਤੇ ਤਸਵੀਰਾਂ ਕਰ ਦਿੱਤੀਆਂ ਵਾਇਰਲ
ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਰੰਧਾਵਾ ਨੇ ਮੰਨਿਆ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਲਗਾਤਾਰ ਬਿਜਲੀ ਦੇਣ ’ਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਬਿਜਲੀ ਵਿਚ ਸਰਪਲੱਸ ਰਹੇ ਪੰਜਾਬ ਵਿਚ ਹੁਣ ਬਿਜਲੀ ਦਾ ਸੰਕਟ ਕਿਉਂ ਪੈਦਾ ਕੀਤਾ? ਇਸ ਬਾਰੇ ਨਾ ਤਾਂ ਅਧਿਕਾਰੀ ਅਤੇ ਨਾ ਹੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਨ੍ਹਾਂ ਨੂੰ ਜ਼ਰੂਰੀ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ। ਮੰਤਰੀ ਨੇ ਇਸ ਬਾਰੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਨਾਲ ਵੀ ਗੱਲ ਕਰਕੇ ਸ਼ਿਕਾਇਤ ਕੀਤੀ ਸੀ ਕਿ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ।
ਇਹ ਵੀ ਪੜ੍ਹੋ: ਕੈਪਟਨ ਦੀਆਂ ਕੈਬਨਿਟ ਸਬ-ਕਮੇਟੀ ਨੂੰ ਸਖ਼ਤ ਹਦਾਇਤਾਂ, ਮੁਲਾਜ਼ਮਾਂ ਦੇ ਸਾਰੇ ਮਸਲੇ ਤੁਰੰਤ ਹੋਣ ਹੱਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ