ਰੰਧਾਵਾ ਵੱਲੋਂ ਨਾਕੇ 'ਤੇ ਰੇਡ ਦੌਰਾਨ ਸਸਪੈਂਡ ਕੀਤੇ ਮੁਲਾਜ਼ਮ ਬੋਲੇ, ‘‘ਸਾਡਾ ਤਾਂ ਕੋਈ ਕਸੂਰ ਹੀ ਨਹੀਂ ਸੀ’’ (ਵੀਡੀਓ)
Thursday, Oct 28, 2021 - 07:04 PM (IST)
ਫਿਲੌਰ— ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਸਵੇਰੇ ਫਿਲੌਰ ਵਿਖੇ ਹਾਈਟੈੱਕ ਨਾਕੇ ’ਤੇ ਅਚਾਨਕ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਉਪਰੰਤ ਰੰਧਾਵਾ ਨੇ ਤਿੰਨ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਨੂੰ ਲੈ ਕੇ ਤੁਰੰਤ ਡੀ. ਐੱਸ. ਪੀ. ਨੂੰ ਹੁਕਮ ਜਾਰੀ ਕਰ ਦਿੱਤੇ। ਸਸਪੈਂਡ ਕੀਤੇ ਗਏ ਮੁਲਾਜ਼ਮਾਂ ਨੇ ਰੰਧਾਵਾ ਵੱਲੋਂ ਕੀਤੀ ਗਈ ਕਾਰਵਾਈ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਤਾਂ ਡਿਊਟੀ ਖ਼ਤਮ ਹੋ ਗਈ ਸੀ ਅਤੇ ਉਹ ਦੂਜੇ ਮੁਲਾਜ਼ਮਾਂ ਨੂੰ ਡਿਊਟੀ ਹੈਂਡਓਵਰ ਕਰ ਰਹੇ ਸਨ। ਇਸ ਦੇ ਇਲਾਵਾ ਇਕ ਮੁਲਾਜ਼ਮ ਨੇ ਕਿਹਾ ਕਿ ਇਹ ਆਪਣੀ ਡਿਊਟੀ ’ਤੇ ਹੀ ਮੌਜੂਦ ਸਨ ਪਰ ਫਿਰ ਵੀ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ।
ਇਸ ਮਾਮਲੇ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਡੀ. ਐੱਸ. ਪੀ. ਨੇ ਕਿਹਾ ਕਿ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਚੈਕਿੰਗ ਕਰਨ ਉਪਰੰਤ ਬਾਅਦ ’ਚ ਉਹ ਵੀ ਉਥੇ ਗਏ ਸਨ ਤਾਂ ਵੇਖਿਆ ਸੀ ਕਿ ਇਹ ਤਿੰਨੋਂ ਮੁਲਾਜ਼ਮ ਡਿਊਟੀ ’ਤੇ ਦੁਰੱਸਤ ਨਹੀਂ ਪਾਏ ਸਨ। ਇਸੇ ਕਰਕੇ ਡਿਊਟੀ ’ਚ ਕੋਤਾਹੀ ਵਰਤਣ ’ਤੇ ਇਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਨ੍ਹਾਂ ਨੂੰ ਵਾਰ-ਵਾਰ ਪਹਿਲਾਂ ਵੀ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਪੂਰੀ ਮੁਸਤੈਦੀ ਨਾਲ ਡਿਊਟੀ ਕਰਨੀ ਹੈ। ਉਨ੍ਹਾਂ ਕਿਹਾ ਕਿ ਜਿੰਨੇ ਦੇਰ ਤੱਕ ਅੱਗੇ ਸ਼ਿਫਟ ਵਾਲੇ ਮੁਲਾਜ਼ਮ ਨਹੀਂ ਆਉਂਦੇ, ਉਦੋਂ ਤੱਕ ਮੁੁਲਾਜ਼ਮ ਨਾਕਾ ਛੱਡ ਕੇ ਨਹੀਂ ਜਾ ਸਕਦੇ ਹਨ।
ਇਹ ਵੀ ਪੜ੍ਹੋ: ਐਕਸ਼ਨ ’ਚ ਮੰਤਰੀ ਰੰਧਾਵਾ, ਫਿਲੌਰ ਨਾਕੇ ’ਤੇ ਕੀਤੀ ਅਚਨਚੇਤ ਚੈਕਿੰਗ, 3 ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਦਿੱਤੇ ਹੁਕਮ
ਉਥੇ ਹੀ ਸਸਪੈਂਡ ਕੀਤੇ ਗਏ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਰੀਬ 56 ਸਾਲਾ ਦੇ ਹਨ ਅਤੇ ਉਹ ਆਪਣੀ ਡਿਊਟੀ ’ਤੇ ਹੀ ਮੌਜੂਦ ਸਨ ਉਨ੍ਹਾਂ ਕਿਹਾ ਕਿ ਬੀ. ਪੀ. ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਵੀ ਹਨ। ਉਨ੍ਹਾਂ ਕਿਹਾ ਕਿ ਮੈਂ ਥੋੜ੍ਹੀ ਦੇਰ ਲਈ ਵਾਸ਼ਰੂਮ ਲਈ ਗਿਆ ਸੀ ਜਦੋਂ ਪਤਾ ਲੱਗਾ ਕਿ ਡਿਪਟੀ ਸੀ. ਐੱਮ. ਨਾਕੇ ’ਤੇ ਆਏ ਹਨ ਤਾਂ ਉਹ ਤੁਰੰਤ ਉਥੇ ਹੀ ਪਹੁੰਚ ਗਏ ਸਨ। ਉਨ੍ਹਾਂ ਕਿਹਾ ਕਿ ਡਿਊਟੀ ’ਤੇ ਹਾਜ਼ਰ ਹੋਣ ਤੋਂ ਬਾਅਦ ਵੀ ਡਿਪਟੀ ਸੀ. ਐੱਮ. ਵੱਲੋਂ ਅਜਿਹੀ ਕਾਰਵਾਈ ਕਰਨਾ ਬੇਹੱਦ ਗਲਤ ਹੈ।
ਇਹ ਵੀ ਪੜ੍ਹੋ: ਟਿਕਰੀ ਬਾਰਡਰ ਹਾਦਸਾ: ਪੰਜਾਬ ਸਰਕਾਰ ਵੱਲੋਂ ਮ੍ਰਿਤਕ ਬੀਬੀਆਂ ਦੇ ਪਰਿਵਾਰਾਂ ਨੂੰ 5-5 ਲੱਖ ਮੁਆਵਜ਼ਾ ਦੇਣ ਦਾ ਐਲਾਨ
ਉਥੇ ਹੀ ਸਸਪੈਂਡ ਕੀਤੇ ਗਏ ਏ. ਐੱਸ. ਆਈ. ਜਸਵੰਤ ਸਿੰਘ ਨੇ ਕਿਹਾ ਕਿ ਮੇਰੀ ਡਿਊਟੀ ਖ਼ਤਮ ਹੋ ਚੁੱਕੀ ਸੀ। ਸਾਨੂੰ ਉੱਪ ਮੁੱਖ ਮੰਤਰੀ ਰੰਧਾਵਾ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਨੇ ਇਥੋਂ ਅਚਾਨਕ ਲੰਘਣਾ ਹੈ। ਮੈਂ ਇਥੇ ਆਪਣੀ ਡਿਊਟੀ ਖ਼ਤਮ ਹੋਣ ਉਪਰੰਤ ਵੀ ਮੌਜੂਦ ਸੀ। ਰਸਤਾ ਬਿਲਕੁੱਲ ਹੀ ਸਾਫ਼ ਸੀ ਪਰ ਫਿਰ ਵੀ ਸਾਨੂੰ ਸਸਪੈਂਡ ਕਰ ਦਿੱਤਾ ਗਿਆ। ਇਥੇ ਦੱਸ ਦੇਈਏ ਕਿ ਬਲਵਿੰਦਰ ਸਿੰਘ, ਜਸਵੰਤ ਸਿੰਘ ਸਮੇਤ ਹੈੱਡ ਕਾਂਸਟੇਬਲ ਕੁਲਜੀਤ ਸਿੰਘ ਨੂੰ ਵੀ ਡਿਊਟੀ ਦੌਰਾਨ ਕੋਤਾਹੀ ਵਰਤਣ ’ਤੇ ਸਸਪੈਂਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਟਿਕਰੀ ਬਾਰਡਰ 'ਤੇ ਹਾਦਸੇ ਦੌਰਾਨ 3 ਕਿਸਾਨ ਬੀਬੀਆਂ ਦੀ ਮੌਤ ਹੋਣ 'ਤੇ ਕੈਪਟਨ ਵੱਲੋਂ ਦੁੱਖ਼ ਦਾ ਪ੍ਰਗਟਾਵਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ