ਰੰਧਾਵਾ ਦਾ ਵੱਡਾ ਬਿਆਨ, PM ਮੋਦੀ ਨੂੰ ਸੜਕ ’ਤੇ ਪੰਜਾਬ ਪੁਲਸ ਨੇ ਨਹੀਂ ਸਗੋਂ ਐੱਸ. ਪੀ. ਜੀ. ਨੇ ਰੋਕੀ ਰੱਖਿਆ

Friday, Jan 07, 2022 - 05:37 PM (IST)

ਰੰਧਾਵਾ ਦਾ ਵੱਡਾ ਬਿਆਨ, PM ਮੋਦੀ ਨੂੰ ਸੜਕ ’ਤੇ ਪੰਜਾਬ ਪੁਲਸ ਨੇ ਨਹੀਂ ਸਗੋਂ ਐੱਸ. ਪੀ. ਜੀ. ਨੇ ਰੋਕੀ ਰੱਖਿਆ

ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਅਤੇ ਉਸ ਦੌਰਾਨ ਉਨ੍ਹਾਂ ਦਾ ਕਾਫ਼ਿਲਾ ਰੋਕੇ ਜਾਣ ਤੋਂ ਬਾਅਦ ਸੁਰੱਖਿਆ ’ਚ ਕੋਤਾਹੀ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ’ਤੇ ‘ਜਗ ਬਾਣੀ’ ਦੇ ਰਮਨਜੀਤ ਸਿੰਘ ਨੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲ ਕਰਕੇ ਘਟਨਾ ਦੇ ਅੰਦਰੂਨੀ ਪਹਿਲੂਆਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਪੇਸ਼ ਹਨ ਉਸ ਦੇ ਅੰਸ਼-

ਸਵਾਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੋਤਾਹੀ ਹੋਣ ਦੀ ਗੱਲ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਕਹੀ ਜਾ ਰਹੀ ਹੈ। ਤੁਹਾਨੂੰ ਵੀ ਪੁਲਸ ਨੇ ਤੱਥ ਦੱਸੇ ਹੋਣਗੇ, ਕੀ ਕਹੋਗੇ?
ਜਵਾਬ :
ਪ੍ਰਧਾਨ ਮੰਤਰੀ ਦੇ ਕਾਫ਼ਿਲੇ ਨੂੰ ਰੋਕੇ ਜਾਣ ਦੇ ਮਾਮਲੇ ਦੀ ਜਾਂਚ ਲਈ ਸੂਬਾ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਮਹਿਤਾਬ ਸਿੰਘ ਗਿੱਲ ਅਧੀਨ ਜਾਂਚ ਸ਼ੁਰੂ ਕਰਵਾ ਦਿੱਤੀ ਗਈ ਹੈ, ਜਿਸ ਦੀ ਰਿਪੋਰਟ 3 ਦਿਨਾਂ ਵਿਚ ਆ ਜਾਵੇਗੀ। ਨਿਆਂਇਕ ਜਾਂਚ ਚੱਲ ਰਹੀ ਹੈ, ਇਸ ਲਈ ਮੈਂ ਇਸ ਮਾਮਲੇ ’ਤੇ ਅਜਿਹਾ ਕੁਝ ਨਹੀਂ ਕਹਾਂਗਾ ਜਿਸ ਨਾਲ ਜਾਂਚ ’ਤੇ ਅਸਰ ਪਵੇ।

ਸਵਾਲ : ਪਰ ਚਰਚਾ ਸੀ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ 24 ਘੰਟੇ ਅੰਦਰ ਰਿਪੋਰਟ ਮੰਗੀ ਸੀ?
ਜਵਾਬ :
ਹਾਂ, ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਮੰਗੀ ਗਈ ਰਿਪੋਰਟ ਮੁੱਢਲੀ ਰਿਪੋਰਟ ਸੀ, ਜੋ ਡੀ. ਜੀ. ਪੀ. ਵੱਲੋਂ ਭੇਜ ਦਿੱਤੀ ਗਈ ਹੈ। ਜੁਡੀਸ਼ੀਅਲ ਜਾਂਚ ਘਟਨਾ ਦੇ ਸਾਰੇ ਪਹਿਲੂਆਂ ’ਤੇ ਵਿਸਤਾਰ ਨਾਲ ਚਾਨਣਾ ਪਾਵੇਗੀ ਅਤੇ ਉਸੇ ਦੇ ਆਧਾਰ ’ਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।

ਇਹ ਵੀ ਪੜ੍ਹੋ: PM ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਦੀ ਜਾਂਚ ਲਈ ਕੇਂਦਰ ਦੀ 3 ਮੈਂਬਰੀ ਟੀਮ ਫਿਰੋਜ਼ਪੁਰ ਪੁੱਜੀ

ਸਵਾਲ : ਤੁਸੀਂ ਕਹਿ ਰਹੇ ਹੋ ਕਿ ਨਿਆਂਇਕ ਜਾਂਚ ’ਚ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਕਾਰਵਾਈ ਹੋਵੇਗੀ ਪਰ ਇਸ ਸਭ ਨਾਲ ਪੰਜਾਬ ਦੇ ਅਕਸ ’ਤੇ ਤਾਂ ਬਹੁਤ ਉਲਟ ਅਸਰ ਪਿਆ ਹੈ?
ਜਵਾਬ :
ਵੇਖੋ ਗਲਤੀ ਕਿਸ ਦੀ ਰਹੀ, ਇਹ ਤਾਂ ਬਾਅਦ ’ਚ ਪਤਾ ਲੱਗੇਗਾ ਪਰ ਇਕ ਗੱਲ ਹੈ ਜੋ ਘੱਟੋ-ਘੱਟ ਮੈਨੂੰ ਬਿਲਕੁਲ ਚੰਗੀ ਨਹੀਂ ਲੱਗੀ। ਪ੍ਰਧਾਨ ਮੰਤਰੀ ਵੱਲੋਂ ਬਠਿੰਡਾ ਵਾਪਸ ਪਹੁੰਚਣ ’ਤੇ ਇਹ ਕਹਿਣਾ ਕਿ ਕਿ ਸੀ. ਐੱਮ. ਚੰਨੀ ਨੂੰ ਕਹਿ ਦੇਣਾ ਕਿ ਮੈਂ ਪੰਜਾਬ ਤੋਂ ਜ਼ਿੰਦਾ ਵਾਪਸ ਆ ਗਿਆ, ਬਹੁਤ ਗਲਤ ਹੈ। ਅਜਿਹਾ ਕਹਿੰਦੇ ਸਮੇਂ ਪ੍ਰਧਾਨ ਮੰਤਰੀ ਸ਼ਾਇਦ ਇਹ ਭੁੱਲ ਗਏ ਸਨ ਕਿ ਦੇਸ਼ ਦੇ ਵੱਕਾਰ ਦੀ ਰਾਖੀ ਲਈ ਨਾ ਸਿਰਫ਼ ਪੰਜਾਬੀਆਂ ਨੇ 3-3 ਜੰਗਾਂ ਵਿਚ ਆਪਣੀਆਂ ਛਾਤੀਆਂ ’ਤੇ ਗੋਲੀਆਂ ਖਾਧੀਆਂ ਹਨ, ਸਗੋਂ ਪਾਕਿਸਤਾਨ ਵਰਗੇ ਗੁਆਂਢੀ ਵੱਲੋਂ ਚਲਾਈ ਜਾ ਰਹੀ ਬਨਾਉਟੀ ਜੰਗ ਦੇ ਜ਼ਖਮ ਵੀ ਆਪਣੇ ਹੀ ਬਦਨ ’ਤੇ ਸਹੇ ਹਨ। ਅਸੀਂ ਦੇਸ਼ ’ਤੇ ਜਾਨ ਕੁਰਬਾਨ ਕਰਨ ਵਾਲਿਆਂ ਵਿਚੋਂ ਹਾਂ। ਇੰਨੇ ਉੱਚੇ ਅਹੁਦੇ ’ਤੇ ਬੈਠੀ ਸ਼ਖ਼ਸੀਅਤ ਨੂੰ ਅਜਿਹੇ ਬੋਲ ਬਿਲਕੁਲ ਨਹੀਂ ਬੋਲਣੇ ਚਾਹੀਦੇ ਸਨ, ਜੋ ਉਨ੍ਹਾਂ ਦੇ ਕਿਰਦਾਰ ਨੂੰ ਨੀਵਾਂ ਕਰਨ।

ਇਹ ਵੀ ਪੜ੍ਹੋ: ਪਰਗਟ ਸਿੰਘ ਦੀ ਸਿੱਧੂ ਤੋਂ ਬਣਨ ਲੱਗੀ ਦੂਰੀ, ਖ਼ਫ਼ਾ ਹੋਣ ਮਗਰੋਂ ਹਾਈਕਮਾਨ ਤਕ ਫਿਰ ਪਹੁੰਚਾਈ ਸ਼ਿਕਾਇਤ

ਜਾਂਚ ਤੋਂ ਬਾਅਦ ਹੀ ਵੇਖਾਂਗੇ, ਕਿਸ ਨੂੰ ਸਸਪੈਂਡ ਕਰਨਾ ਹੈ ਜਾਂ ਕਿਸ ਨੂੰ ਨਹੀਂ

ਸਵਾਲ : ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਹਲਕੇ ਢੰਗ ਨਾਲ ਲਿਆ ਗਿਆ ਅਤੇ ਪੰਜਾਬ ਪੁਲਸ ਵੱਲੋਂ ਲੋੜੀਂਦੇ ਇੰਤਜ਼ਾਮ ਨਹੀਂ ਕੀਤੇ ਗਏ। ਤੁਹਾਨੂੰ ਪੁਲਸ ਅਧਿਕਾਰੀਆਂ ਵੱਲੋਂ ਕੀ ਦੱਸਿਆ ਗਿਆ ਹੈ? ਕੀ ਕਿਸੇ ’ਤੇ ਕੋਈ ਕਾਰਵਾਈ ਕੀਤੀ ਗਈ?
ਜਵਾਬ :
ਜਿਵੇਂ ਕਿ ਸੀ. ਐੱਮ. ਚਰਨਜੀਤ ਸਿੰਘ ਚੰਨੀ ਵੱਲੋਂ ਵੀ ਕਿਹਾ ਗਿਆ ਹੈ ਕਿ ਸਾਨੂੰ ਭਾਵ ਪੰਜਾਬ ਪੁਲਸ ਨੂੰ ਇਹ ਦੱਸਿਆ ਹੀ ਨਹੀਂ ਗਿਆ ਸੀ ਕਿ ਪ੍ਰਧਾਨ ਮੰਤਰੀ ਨੇ ਸੜਕ ਮਾਰਗ ਤੋਂ ਸਫ਼ਰ ਕਰਨਾ ਹੈ। ਇਹ ਚੱਲਣ ਤੋਂ ਸਿਰਫ਼ ਅੱਧਾ ਘੰਟਾ ਪਹਿਲਾਂ ਡੀ. ਜੀ. ਪੀ. ਨੂੰ ਦੱਸਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਪ੍ਰਧਾਨ ਮੰਤਰੀ ਨੂੰ ਸੜਕ ਮਾਰਗ ਤੋਂ ਇੰਨਾ ਲੰਮਾ ਸਫ਼ਰ ਕਰਨਾ ਹੀ ਨਹੀਂ ਚਾਹੀਦਾ ਸੀ ਪਰ ਇਸ ਸਬੰਧੀ ਪੰਜਾਬ ਪੁਲਸ ਵੱਲੋਂ ਨਹੀਂ, ਸਗੋਂ ਐੱਸ. ਪੀ. ਜੀ. (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) ਅਤੇ ਐੱਨ. ਐੱਸ. ਜੀ. (ਨੈਸ਼ਨਲ ਸਕਿਓਰਿਟੀ ਗਾਰਡਵੱਲੋਂ ਤੈਅ ਕੀਤਾ ਗਿਆ ਸੀ ਅਤੇ ਪੰਜਾਬ ਪੁਲਸ ਉਨ੍ਹਾਂ ਦੇ ਹੁਕਮ ’ਤੇ ਕੰਮ ਕਰ ਰਹੀ ਸੀ। ਫਿਰ ਵੀ ਪ੍ਰਧਾਨ ਮੰਤਰੀ ਨੂੰ 70 ਕਿ. ਮੀ. ਤਕ ਦਾ ਰਸਤਾ ਬਿਲਕੁਲ ਕਲੀਅਰ ਮਿਲਿਆ ਅਤੇ ਵਾਪਸੀ ’ਤੇ ਵੀ, ਜੋ ਕਿ 140 ਕਿ. ਮੀ. ਬਣਦਾ ਹੈ। ਇਹ ਗੱਲ ਆਪਣੇ-ਆਪ ’ਚ ਚਿੰਤਾ ਭਰੀ ਹੈ ਕਿ ਪ੍ਰਧਾਨ ਮੰਤਰੀ 140 ਕਿ. ਮੀ. ਦਾ ਸਫ਼ਰ ਸੜਕ ਮਾਰਗ ਤੋਂ ਕਰਨ। ਇਸ ਦੀ ਵੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਵਰਗੀ ਹਾਈ ਰਿਸਕ ਸ਼ਖ਼ਸੀਅਤ ਨੂੰ ਸੜਕ ਮਾਰਗ ਤੋਂ ਸਫ਼ਰ ਕਰਨ ਸਬੰਧੀ ਕਲੀਅਰੈਂਸ ਕਿਸ ਨੇ ਦਿੱਤੀ। ਅਜੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਵੇਖਿਆ ਜਾਵੇਗਾ ਕਿ ਕਿਸ ਨੂੰ ਸਸਪੈਂਡ ਕਰਨਾ ਹੈ ਜਾਂ ਕਿਸ ਨੂੰ ਨਹੀਂ। ਪ੍ਰਧਾਨ ਮੰਤਰੀ ਦੀ ਆਮਦ ਦੇ ਮੌਕੇ ’ਤੇ ਕਈ ਪੱਧਰਾਂ ’ਤੇ ਅਤੇ ਕਈ ਹਿੱਸਿਆਂ ਵਿਚ ਵੰਡ ਕੇ ਕੰਮ ਹੁੰਦਾ ਹੈ। ਇਸ ਲਈ ਉੱਪਰਲੇ ਤੌਰ ’ਤੇ ਵੇਖ ਕੇ ਕਿਸੇ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਜਾ ਸਕਦੀ।
ਪੰਜਾਬ ਪੁਲਸ ਨੂੰ ਕਸੂਰਵਾਰ ਠਹਿਰਾਉਣਾ ਸਹੀ ਨਹੀਂ

ਬਦਲਵਾਂ ਰਸਤਾ ਲਿਆ ਜਾ ਸਕਦਾ ਸੀ
ਸਵਾਲ : ਤਾਂ ਕੀ ਤੁਹਾਡੇ ਕਹਿਣ ਮੁਤਾਬਕ ਪ੍ਰਧਾਨ ਮੰਤਰੀ ਗਲਤ ਸਨ?
ਜਵਾਬ :
ਵੇਖੋ ਸੁਰੱਖਿਆ ’ਚ ਕੋਤਾਹੀ ਹੋਈ ਹੈ, ਇਹ ਤੈਅ ਹੈ ਪਰ ਇਸ ਦੇ ਲਈ ਸਿੱਧੇ ਤੌਰ ’ਤੇ ਪੰਜਾਬ, ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਨੂੰ ਕਸੂਰਵਾਰ ਠਹਿਰਾ ਦੇਣਾ ਸਹੀ ਨਹੀਂ। ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਐੱਸ. ਪੀ. ਜੀ., ਐੱਨ. ਐੱਸ. ਜੀ. ਅਤੇ ਆਈ. ਬੀ. ਵਰਗੀਆਂ ਏਜੰਸੀਆਂ ਦੀ ਹੈ ਅਤੇ ਜਾਂਚ ਵਿਚ ਪਤਾ ਲੱਗ ਜਾਵੇਗਾ ਕਿ ਕਿਸ ਦੀ ਕਮੀ ਰਹੀ। ਜੇ ਪ੍ਰਧਾਨ ਮੰਤਰੀ ਦੀ ਇਸੇ ਗੱਲ ਨੂੰ ਆਧਾਰ ਬਣਾਈਏ ਤਾਂ 2009 ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ’ਤੇ ਗੁਜਰਾਤ ਵਿਚ ਜੁੱਤੀ ਸੁੱਟੀ ਜਾਣੀ ਇਸ ਨਾਲੋਂ ਵੀ ਵੱਡੀ ਸੁਰੱਖਿਆ ਕੋਤਾਹੀ ਸੀ ਅਤੇ ਉਸ ਵੇਲੇ ਖ਼ੁਦ ਨਰਿੰਦਰ ਮੋਦੀ ਹੀ ਗੁਜਰਾਤ ਦੇ ਮੁੱਖ ਮੰਤਰੀ ਸਨ।

ਇਹ ਵੀ ਪੜ੍ਹੋ: ਅੰਮ੍ਰਿਤਸਰ ਏਅਰਪੋਰਟ 'ਤੇ ਫਟਿਆ ਕੋਰੋਨਾ ਬੰਬ, ਇਟਲੀ ਤੋਂ ਆਏ 125 ਯਾਤਰੀ ਨਿਕਲੇ ਪਾਜ਼ੇਟਿਵ

ਸਵਾਲ : ਪਰ ਫਿਰ ਵੀ ਰਸਤਾ ਕਲੀਅਰ ਰੱਖਣਾ ਅਤੇ ਕਰਵਾਉਣਾ ਤਾਂ ਪੰਜਾਬ ਪੁਲਸ ਦੀ ਹੀ ਜ਼ਿੰਮੇਵਾਰੀ ਸੀ। ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ ਤਾਂ ਉਨ੍ਹਾਂ ਨੂੰ ਹਟਾਇਆ ਵੀ ਜਾ ਸਕਦਾ ਸੀ।
ਜਵਾਬ :
4 ਜਨਵਰੀ ਨੂੰ ਦੇਰ ਰਾਤ ਤਕ ਪ੍ਰਮੁੱਖ ਕਿਸਾਨ ਸੰਗਠਨਾਂ ਉਗਰਾਹਾਂ ਅਤੇ ਪੰਨੂ ਗਰੁੱਪ ਦੇ ਨਾਲ ਨਾ ਸਿਰਫ਼ ਪੰਜਾਬ ਪੁਲਸ ਦੇ ਅਧਿਕਾਰੀਆਂ ਦੀ, ਸਗੋਂ ਭਾਜਪਾ ਦੇ ਨੇਤਾ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਵੀ ਗੱਲ ਹੁੰਦੀ ਰਹੀ। ਕਿਸਾਨ ਸੰਗਠਨਾਂ ਨੇ ਸਪਸ਼ਟ ਕੀਤਾ ਸੀ ਕਿ ਉਹ ਸੜਕਾਂ ਬਲਾਕ ਨਹੀਂ ਕਰਨਗੇ ਅਤੇ ਸਿਰਫ਼ ਕਿਨਾਰਿਆਂ ’ਤੇ ਬੈਠ ਕੇ ਹੀ ਵਿਖਾਵਾ ਕਰਨਗੇ। ਇਸ ਦੇ ਬਾਵਜੂਦ ਪਿਆਰੇਆਣਾ ’ਚ ਪ੍ਰਧਾਨ ਮੰਤਰੀ ਦਾ ਕਾਫ਼ਿਲਾ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਹੀ ਵਿਖਾਵਾਕਾਰੀਆਂ ਨੇ ਸੜਕ ਰੋਕ ਲਈ, ਜਿਨ੍ਹਾਂ ਨੂੰ ਹਟਾਉਣ ਦਾ ਪੁਲਸ ਯਤਨ ਕਰ ਰਹੀ ਸੀ।

ਸਵਾਲ : ਇਸੇ ਕਾਰਨ ਪ੍ਰਧਾਨ ਮੰਤਰੀ ਨੂੰ 15 ਤੋਂ 20 ਮਿੰਟ ਤਕ ਸੜਕ ਵਿਚਕਾਰ ਖੜ੍ਹੇ ਰਹਿਣਾ ਪਿਆ। ਇਸੇ ਲਈ ਇਸ ਨੂੰ ਸੁਰੱਖਿਆ ’ਚ ਵੱਡੀ ਕੋਤਾਹੀ ਮੰਨਿਆ ਜਾ ਰਿਹਾ ਹੈ।
ਜਵਾਬ :
ਇਹ ਬਿਲਕੁਲ ਦਰੁਸਤ ਹੈ ਕਿ ਪ੍ਰਧਾਨ ਮੰਤਰੀ ਦਾ ਸੜਕ ’ਤੇ ਇਕ ਮਿੰਟ ਤਕ ਵੀ ਰੁਕੇ ਰਹਿਣਾ ਬਹੁਤ ਵੱਡਾ ਸੁਰੱਖਿਆ ਖ਼ਤਰਾ ਹੈ ਪਰ ਮੈਂ ਇਹ ਗੱਲ ਵੀ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਨੂੰ ਸੜਕ ’ਤੇ ਪੰਜਾਬ ਪੁਲਸ ਨੇ ਨਹੀਂ, ਸਗੋਂ ਉਨ੍ਹਾਂ ਦੇ ਹੀ ਸੁਰੱਖਿਆ ਅਮਲੇ ਵਿਚ ਸ਼ਾਮਲ ਐੱਸ. ਪੀ. ਜੀ. ਤੇ ਐੱਨ. ਐੱਸ. ਜੀ. ਨੇ ਰੋਕੀ ਰੱਖਿਆ। ਇਹ ਬਹੁਤ ਵੱਡੀ ਕੋਤਾਹੀ ਸੀ, ਜਿਸ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉੱਥੇ ਖੜ੍ਹੇ ਰੱਖਣ ਦੀ ਬਜਾਏ ਕਾਫਿਲੇ ਨੂੰ ਸਲਿਪ ਰੋਡ ਰਾਹੀਂ ਲਿਜਾਇਆ ਜਾ ਸਕਦਾ ਸੀ ਜਾਂ ਵਾਪਸ ਜਾ ਕੇ ਬਦਲਵਾਂ ਰਸਤਾ ਲਿਆ ਜਾ ਸਕਦਾ ਸੀ।

ਇਹ ਵੀ ਪੜ੍ਹੋ:  ਮਨੀਲਾ ਤੋਂ ਦੁਖ਼ਦਾਇਕ ਖ਼ਬਰ, ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News