ਪੰਜਾਬ ’ਚ ਸ਼ਾਂਤੀ ਨੂੰ ਖ਼ਤਰਾ ਨਹੀਂ, ਗ੍ਰਹਿ ਮੰਤਰਾਲਾ ਸਰਹੱਦ ’ਤੇ ਡਰੋਨ ਨੂੰ ਸੁੱਟਣ ਵਾਲੇ ਉਪਕਰਣ ਲਾਵੇ: ਸੁਖਜਿੰਦਰ ਰੰਧਾਵਾ

12/19/2021 11:05:23 AM

ਜਲੰਧਰ (ਧਵਨ)- ਪੰਜਾਬ ਦੇ ਉੱਪ ਮੁੱਖ ਮੰਤਰੀ (ਗ੍ਰਹਿ) ਸੁਖਜਿੰਦਰ ਸਿੰਘ ਰੰਧਾਵਾ ਨੇ ਪਾਕਿਸਤਾਨ ਵੱਲੋਂ ਪੰਜਾਬ ਦੀ ਸਰਹੱਦ ’ਤੇ ਭੇਜੇ ਗਏ ਡਰੋਨ ਦੇ ਮਾਮਲੇ ’ਚ ਸ਼ਨੀਵਾਰ ਕੇਂਦਰ ਦੀ ਭਾਜਪਾ ਸਰਕਾਰ ’ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਪਾਕਿਸਤਾਨ ਦੀਆਂ ਹਰਕਤਾਂ ਨੂੰ ਵੇਖਦੇ ਹੋਏ ਸਰਹੱਦੀ ਖੇਤਰਾਂ ’ਚ ਡਰੋਨ ਸੁੱਟਣ ਵਾਲੇ ਉਪਕਰਣ ਲਾਉਣੇ ਚਾਹੀਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਹਾਲਤ ਨੂੰ ਭੰਗ ਕਰਨ ਦੀ ਨਾ ਤਾਂ ਪਾਕਿਸਤਾਨ ਨੂੰ ਆਗਿਆ ਦਿੱਤੀ ਜਾਏਗੀ ਅਤੇ ਨਾ ਹੀ ਸ਼ਰਾਰਤੀ ਅਨਸਰਾਂ ਅਤੇ ਅੱਤਵਾਦੀਆਂ ਨੂੰ। ਉਨ੍ਹਾਂ ਕਿਹਾ ਕਿ ਮੈਂ ਅੱਤਵਾਦ ਵਿਰੁੱਧ ਲੰਬੀ ਲੜਾਈ ਲੜੀ ਹੈ। ਮੇਰੇ ਪਿਤਾ ਸਵਰਗੀ ਸੰਤੋਖ ਸਿੰਘ ਰੰਧਾਵਾ ਨੇ ਵੀ ਅੱਤਵਾਦ ਦੇ ਦੌਰ ’ਚ ਸਾਹਮਣੇ ਆ ਕੇ ਅੱਤਵਾਦ ਦਾ ਮੁਕਾਬਲਾ ਕੀਤਾ ਸੀ ਅਤੇ ਅੱਤਵਾਦੀਆਂ ਨੂੰ ਮੂੰਹ–ਤੋੜ ਜਵਾਬ ਦਿੱਤਾ ਸੀ।

ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਡਰੋਨ ਨੂੰ ਲੈ ਕੇ ਕੌਮੀ ਪੱਧਰ ’ਤੇ ਸਿਆਸਤ ਕਾਫ਼ੀ ਭਖ ਚੁੱਕੀ ਹੈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਭਾਜਪਾ ਇਸ ਮਾਮਲੇ ਨੂੰ ਤੂਲ ਦੇਣ ’ਚ ਲੱਗੀ ਹੋਈ ਹੈ। ਭਾਜਪਾ ਅਤੇ ਕੇਂਦਰ ਸਰਕਾਰ ਦੀ ਕੋਸ਼ਿਸ਼ ਹੈ ਕਿ ਹਿੰਦੂਆਂ ਅੰਦਰ ਡਰ ਦੀ ਭਾਵਨਾ ਪੈਦਾ ਕੀਤੀ ਜਾਏ ਪਰ ਕੇਂਦਰ ਸਰਕਾਰ ਦਾ ਇਹ ਯਤਨ ਸਫਲ ਨਹੀਂ ਹੋਵੇਗਾ। ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਅਤੇ ਸੂਬੇ ’ਚ ਕਿਸੇ ਨੂੰ ਵੀ ਅਮਨ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ। ਰੰਧਾਵਾ ਜੋ ਗ੍ਰਹਿ ਮੰਤਰੀ ਵੀ ਹਨ, ਨੇ ਕਿਹਾ ਕਿ ਉਹ ਪੰਜਾਬ ਪੁਲਸ ਦੇ ਚੋਟੀ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ’ਚ ਹਨ। ਉਹ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਉਨ੍ਹਾਂ ਕੋਲੋਂ ਲਗਾਤਾਰ ਜਾਣਕਾਰੀ ਲੈ ਰਹੇ ਹਨ। ਇਹ ਪੁੱਛੇ ਜਾਣ ’ਤੇ ਕਿ ਡਰੋਨ ਹਮਲੇ ਤਾਂ ਸੂਬੇ ’ਚ ਕਾਫ਼ੀ ਸਮੇਂ ਤੋਂ ਹੋ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਤੋਂ ਪਾਕਿਸਤਾਨ ਵਲੋਂ ਇਹ ਹਮਲੇ ਕੀਤੇ ਜਾ ਰਹੇ ਹਨ। ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਮਾਮਲੇ ਨੂੰ ਚੋਣਾਂ ਕਾਰਨ ਵਧੇਰੇ ਉਛਾਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦੀ CM ਚੰਨੀ-ਸਿੱਧੂ ਜੋੜੀ ਨੂੰ ਨਸੀਹਤ, ਪੰਜਾਬ ਕਾਂਗਰਸ ਦੇ ਭਵਿੱਖ ਲਈ ਹੋਣ ਇਕਜੁੱਟ

ਰੰਧਾਵਾ ਨੇ ਕਿਹਾ ਕਿ ਪਾਕਿਸਤਾਨ ’ਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਪੰਜਾਬ ’ਚ ਅੱਤਵਾਦ ਦੌਰਾਨ ਨਿਰਦੋਸ਼ ਲੋਕਾਂ ਦੇ ਕਤਲ ਕਰਵਾਉਣ ’ਚ ਵੀ ਪਾਕਿਸਤਾਨ ਦਾ ਹੱਥ ਸੀ। ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਅੱਤਵਾਦ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਕਾਂਗਰਸ ਨੇ ਹੀ ਦਿੱਤੀਆਂ ਸਨ। ਅੱਤਵਾਦ ਵਿਰੁੱਧ ਲੜਦਿਆਂ ਕਾਂਗਰਸ ਨੇ ਆਪਣੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਦੀ ਸ਼ਹਾਦਤ ਵੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਹੱਦ ’ਤੇ ਬੀ. ਐੱਸ. ਐੱਫ. ਤਾਇਨਾਤ ਹੈ। ਉਸ ਦੇ ਪਿੱਛੇ ਪੰਜਾਬ ਪੁਲਸ ਦੇ ਨਾਕੇ ਲੱਗੇ ਹੋਏ ਹਨ। ਪੰਜਾਬ ਪੁਲਸ ਸੂਬੇ ’ਚ ਅਮਨ ਕਾਨੂੰਨ ਬਣਾਈ ਰੱਖਣ ਲਈ ਦ੍ਰਿੜ੍ਹ ਸੰਕਲਪ ਹੈ।

ਸਰਹੱਦ ’ਤੇ ਕੰਡਿਆਲੀ ਵਾੜ ਲੱਗੀ ਹੋਣ ਦੇ ਬਾਵਜੂਦ ਨਸ਼ੀਲੇ ਪਦਾਰਥ ਕਿਵੇਂ ਆ ਰਹੇ ਹਨ
ਉੱਪ ਮੁੱਖ ਮੰਤਰੀ ਰੰਧਾਵਾ ਨੇ ਕੇਂਦਰ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਭਾਰਤ-ਪਾਕਿ ਸਰਹੱਦ ’ਤੇ ਕੰਡਿਆਲੀ ਵਾੜ ਲੱਗੀ ਹੋਈ ਹੈ। ਇਸ ਦੇ ਬਾਵਜੂਦ ਦੇਸ਼ ਵਿਚ ਹੈਰੋਇਨ ਅਤੇ ਹੋਰ ਨਸ਼ੀਲੀਆਂ ਵਸਤਾਂ ਪਾਕਿਸਤਾਨ ਤੋਂ ਕਿਵੇਂ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਹੈਰੋਇਨ ਪੰਜਾਬ ’ਚ ਪਹੁੰਚ ਰਹੀ ਸੀ। ਇਸ ਲਈ ਜ਼ਿੰਮੇਵਾਰ ਕੌਣ ਹਨ? ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਆਪਣਾ ਅਧਿਕਾਰ ਖੇਤਰ ਹੈ। ਇਸ ਵਿਚ ਉਹ ਨਸ਼ੀਲੀਆਂ ਵਸਤਾਂ ਨੂੰ ਕਿਸੇ ਵੀ ਤਰ੍ਹਾਂ ਵਿਕਣ ਨਹੀਂ ਦੇਵੇਗੀ। ਕੇਂਦਰ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੰਡਿਆਲੀ ਵਾੜ ਦੇ ਬਾਵਜੂਦ ਕਿਹੜੀਆਂ ਥਾਵਾਂ ਤੋਂ ਨਸ਼ੀਲੀਆਂ ਵਸਤਾਂ ਪਹੁੰਚ ਰਹੀਆਂ ਹਨ। ਗੁਜਰਾਤ ਤੋਂ ਵੀ ਹੁਣ ਨਸ਼ੀਲੀਆਂ ਵਸਤਾਂ ਦੇਸ਼ ਦੇ ਕਈ ਸੂਬਿਆਂ ’ਚ ਪਹੁੰਚ ਰਹੀਆਂ ਹਨ।
ਇਹ ਵੀ ਪੜ੍ਹੋ:  ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ, ਜਲੰਧਰ 'ਚ ਬਣੇਗਾ ਸਪੋਰਟਸ ਹੱਬ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਪੁੱਛੇ ਸਵਾਲ
ਉੱਪ ਮੁੱਖ ਮੰਤਰੀ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਵਾਲ ਪੁੱਛੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਡਰੋਨ ਦਾ ਮੁੱਦਾ ਉਠਾਇਆ ਹੈ ਜਦੋਂਕਿ ਸੂਬੇ ’ਚ ਡਰੋਨ ਦੇ ਸਰਹੱਦ ਪਾਰ ਤੋਂ ਆਉਣ ਦੀਆਂ ਘਟਨਾਵਾਂ ਤਾਂ ਪਿਛਲੇ ਚਾਰ ਸਾਲਾਂ ਤੋਂ ਵਾਪਰ ਰਹੀਆਂ ਹਨ। ਉਨ੍ਹਾਂ ਕੈਪਟਨ ਕੋਲੋਂ ਪੁੱਛਿਆ ਕਿ ਉਸ ਸਮੇਂ ਉਨ੍ਹਾਂ ਡਰੋਨ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਹਮਲਾ ਕਿਉਂ ਨਹੀਂ ਬੋਲਿਆ ਸੀ। ਕੈਪਟਨ ਨੇ ਅਨੰਦਪੁਰ ਸਾਹਿਬ ਮਤੇ ’ਤੇ ਹਸਤਾਖਰ ਕੀਤੇ ਹੋਏ ਹਨ। ਇਹ ਪ੍ਰਸਤਾਵ ਪੂਰੀ ਤਰ੍ਹਾਂ ਖ਼ਾਲਿਸਤਾਨੀ ਸੀ। ਕੈਪਟਨ ਨੇ ਇਕ ਸਮੇਂ ਖੁਦ ਕਿਹਾ ਸੀ ਕਿ ਅੱਤਵਾਦ ਦੇ ਦੌਰ ’ਚ ਉਹ ਖੁਦ ਅੱਤਵਾਦੀਆਂ ਨਾਲ ਮੁਲਾਕਾਤ ਕਰਨ ਲਈ ਗੰਨੇ ਦੇ ਖੇਤਾਂ ’ਚ ਜਾਇਆ ਕਰਦੇ ਸਨ। ਉਸ ਤੋਂ ਬਾਅਦ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਕਰਦੇ ਸਨ। ਉਦੋਂ ਕੈਪਟਨ ਨੂੰ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਵਿਖਾਈ ਨਹੀਂ ਦਿੱਤਾ ਸੀ। ਰੰਧਾਵਾ ਨੇ ਕਿਹਾ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਹਾਲਤ ਨੂੰ ਲੈ ਕੇ ਉਹ ਕਿਸੇ ਨਾਲ ਵੀ ਬਹਿਸ ਕਰਨ ਲਈ ਤਿਆਰ ਹਨ।

ਗ੍ਰਹਿ ਮੰਤਰੀ ਵਜੋਂ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਪੂਰਾ ਅਹਿਸਾਸ
ਰੰਧਾਵਾ ਨੇ ਕਿਹਾ ਕਿ ਗ੍ਰਹਿ ਮੰਤਰੀ ਵਜੋਂ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਪੂਰਾ ਅਹਿਸਾਸ ਹੈ। ਗ੍ਰਹਿ ਮੰਤਰੀ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਮੈਨੂੰ ਕਿਸੇ ਕੋਲੋਂ ਸਿੱਖਿਆ ਲੈਣ ਦੀ ਕੋਈ ਲੋੜ ਨਹੀਂ। ਪੰਜਾਬ ਪੁਲਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਉਹ ਲਗਾਤਾਰ ਸਰਹੱਦ ਪਾਰ ਤੋਂ ਹੋਣ ਵਾਲੀਆਂ ਹਰਕਤਾਂ ’ਤੇ ਨਜ਼ਰ ਰੱਖ ਰਹੀ ਹੈ।

ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਕਾਂਗਰਸ 'ਤੇ ਤੰਜ, ਕਿਹਾ-ਜਿਨ੍ਹਾਂ ਦੀ ਆਪਸ 'ਚ ਨਹੀਂ ਬਣਦੀ ਉਹ ਪੰਜਾਬ ਦਾ ਕੀ ਸੰਵਾਰਨਗੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News