ਬਾਦਲ ਪਿਤਾ-ਪੁੱਤਰ ਨੂੰ ਸਟੇਜ ''ਤੇ ਨਹੀਂ ਆਉਣ ਦੇਵੇਗੀ ਪੰਜਾਬ ਸਰਕਾਰ : ਰੰਧਾਵਾ

10/03/2019 6:59:00 PM

ਜਲੰਧਰ (ਨਰਿੰਦਰ ਮੋਹਨ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦਰਮਿਆਨ ਘੁੰਡੀ ਫਸੀ ਹੋਈ ਹੈ। ਸੁਲਤਾਨਪੁਰ ਲੋਧੀ ਵਿਖੇ 1 ਨਵੰਬਰ ਤੋਂ 12 ਨਵੰਬਰ ਤੱਕ ਵੱਖ-ਵੱਖ ਧਾਰਮਿਕ ਸਮਾਗਮ ਆਯੋਜਿਤ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਆ ਰਹੇ ਹਨ। 11 ਨਵੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਈ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀ ਵੀ ਪਧਾਰ ਰਹੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਆਉਣਗੇ। ਮੁੱਖ ਵਿਵਾਦ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਸਮਾਰੋਹਾਂ ਨੂੰ ਲੈ ਕੇ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਨਾਂ ਨਾਂ ਲਏ ਬਾਦਲ ਪਿਤਾ-ਪੁੱਤਰ ਨੂੰ ਸਟੇਜ 'ਤੇ ਬਿਠਾਉਣਾ ਚਾਹੁੰਦੀ ਹੈ ਪਰ ਕੈਪਟਨ ਸਰਕਾਰ ਦੀ ਦਲੀਲ ਹੈ ਕਿ ਜੇ ਸਟੇਜ 'ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਬੈਠਣਗੇ ਤਾਂ ਕਾਂਗਰਸ ਦੇ ਪ੍ਰਧਾਨ ਅਤੇ ਹੋਰ ਪਾਰਟੀਆਂ ਦੇ ਮੁਖੀ ਵੀ ਬੈਠਣਗੇ।

4 ਅਕਤੂਬਰ ਨੂੰ ਇਸ ਮੁੱਦੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁੱਖ ਮੰਤਰੀ ਦਰਮਿਆਨ ਇਕ ਬੈਠਕ ਹੋਣ ਵਾਲੀ ਹੈ। ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਤਾਂ ਐੈੱਸ. ਜੀ. ਪੀ. ਸੀ. ਦੇ ਆਗੂਆਂ ਦੀ ਜ਼ੁਬਾਨ 'ਤੇ ਭਰੋਸਾ ਹੀ ਨਹੀਂ ਰਿਹਾ, ਇਸ ਲਈ ਉਹ 4 ਅਕਤੂਬਰ ਨੂੰ ਹੋਣ ਵਾਲੀ ਬੈਠਕ 'ਚ ਸ਼ਾਮਲ ਨਹੀਂ ਹੋਣਗੇ।
ਪੰਜਾਬ ਸਰਕਾਰ ਦੇ ਮੰਤਰੀ ਇਸ ਗੱਲ 'ਤੇ ਨਾਰਾਜ਼ ਨਜ਼ਰ ਆਏ ਕਿ ਜਦੋਂ ਐੈੱਸ. ਜੀ. ਪੀ. ਸੀ. ਅਤੇ ਪੰਜਾਬ ਸਰਕਾਰ ਦਰਮਿਆਨ ਦੋ ਬੈਠਕਾਂ ਹੋ ਚੁੱਕੀਆਂ ਹਨ ਕਿ ਪ੍ਰਸ਼ਾਸਨਿਕ ਕੰਮਾਂ ਦਾ ਪ੍ਰਬੰਧ ਸਰਕਾਰ ਕਰੇਗੀ ਅਤੇ ਧਾਰਮਿਕ ਕੰਮਾਂ ਦਾ ਪ੍ਰਬੰਧ ਐੈੱਸ. ਜੀ. ਪੀ. ਸੀ. ਕਰੇਗੀ, ਦੇ ਬਾਵਜੂਦ ਕਿਉਂ ਵੱਖ-ਵੱਖ ਅੜਚਣਾਂ ਪਾਈਆਂ ਜਾ ਰਹੀਆਂ ਹਨ। ਐੈੱਸ. ਜੀ. ਪੀ. ਸੀ. ਨੇ ਰਾਸ਼ਟਰਪਤੀ ਨੂੰ ਸੱਦਾ ਦੇਣ ਲਈ ਸਰਕਾਰ ਦੀ ਬੇਧਿਆਨੀ ਕਰ ਦਿੱਤੀ। ਸ਼੍ਰੋਮਣੀ ਕਮੇਟੀ ਦੇ ਆਗੂ ਖੁਦ ਹੀ ਅਕਾਲੀ ਨੇਤਾਵਾਂ ਨਾਲ ਸੱਦਾ ਦੇਣ ਲਈ ਰਾਸ਼ਟਰਪਤੀ ਕੋਲ ਚਲੇ ਗਏ। ਮੰਤਰੀਆਂ 'ਚ ਇਹ ਵੀ ਸ਼ਿਕਵਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਦੋਂ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਉਪ ਰਾਸ਼ਟਰਪਤੀ ਆਏ ਸਨ, ਉਦੋਂ ਵੀ ਸਟੇਜ 'ਤੇ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਸੀ ਅਤੇ ਹਰਸਿਮਰਤ ਕੌਰ ਬਾਦਲ ਨੇ ਸਿਆਸੀ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ ਸੀ।

ਇਸੇ ਗੱਲ ਨੂੰ ਲੈ ਕੇ ਸਮਾਰੋਹ 'ਚ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਨਤਕ ਤੌਰ 'ਤੇ ਇਤਰਾਜ਼ ਪ੍ਰਗਟ ਕੀਤਾ ਸੀ, ਨਾਲ ਹੀ ਇਸ ਗੱਲ ਦਾ ਵਿਰੋਧ ਵੀ ਕੀਤਾ ਸੀ ਕਿ ਨੀਂਹ ਪੱਥਰ ਵਾਲੀ ਪੱਟੀ 'ਤੇ ਅਕਾਲੀ ਆਗੂਆਂ ਦਾ ਨਾਂ ਕਿਉਂ ਲਿਖਿਆ ਗਿਆ ਹੈ। ਇਸ ਵਾਰ ਪੰਜਾਬ ਸਰਕਾਰ ਦੇ ਮੰਤਰੀ ਚੌਕਸ ਹਨ। ਪ੍ਰਬੰਧਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਕੋਲ ਹੈ, ਸਰਕਾਰ ਵੱਲੋਂ 12 ਨਵੰਬਰ ਨੂੰ ਹੋਣ ਵਾਲੇ ਪ੍ਰੋਗਰਾਮ 'ਚ ਸਟੇਜ 'ਤੇ ਸਿਰਫ 4 ਕੁਰਸੀਆਂ ਹੀ ਰੱਖੀਆਂ ਜਾਣਗੀਆਂ ਪਰ ਐੈੱਸ. ਜੀ. ਪੀ. ਸੀ. ਦੀ ਮੰਗ ਹੈ ਕਿ ਇਹ ਗਿਣਤੀ 6 ਹੋਵੇ, 2 ਵਾਧੂ ਕੁਰਸੀਆਂ ਕਿਸ ਲਈ ਹੋਣਗੀਆਂ, ਸਬੰਧੀ ਖੁਲਾਸਾ ਨਹੀਂ ਕੀਤਾ ਜਾ ਰਿਹਾ ਪਰ ਗੈਰ-ਰਸਮੀ ਤੌਰ 'ਤੇ ਇਹ ਕੁਰਸੀਆਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਲਈ ਦੱਸੀਆਂ ਜਾ ਰਹੀਆਂ ਹਨ। ਇਸੇ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਇਤਰਾਜ਼ ਹੈ।

ਲਾਂਘੇ ਦੇ ਮਾਮਲੇ ਦੀ ਪੈਰਵੀ ਕਰਦੇ ਆ ਰਹੇ ਪੰਜਾਬ ਸਰਕਾਰ ਦੇ ਮੰਤਰੀ ਰੰਧਾਵਾ ਦਾ ਕਹਿਣਾ ਹੈ ਕਿ ਜੇ ਸਟੇਜ 'ਤੇ ਬਾਦਲ ਪਿਤਾ-ਪੁੱਤਰ ਲਈ ਕੁਰਸੀ ਲੱਗ ਸਕਦੀ ਹੈ ਤਾਂ ਬਰਾਬਰ ਅਹੁਦੇ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਹੋਰਨਾਂ ਪਾਰਟੀਆਂ ਦੇ ਸੂਬਾਈ ਪ੍ਰਧਾਨਾਂ ਲਈ ਕੁਰਸੀਆਂ ਕਿਉਂ ਨਹੀਂ ਲੱਗ ਸਕਦੀਆਂ। ਪੰਜਾਬ ਸਰਕਾਰ ਇਸ ਵਾਰ ਸਟੇਜ 'ਤੇ ਐੈੱਸ. ਜੀ. ਪੀ. ਸੀ. ਦੀ ਅਜਿਹੀ ਮਨਮਰਜ਼ੀ ਨਹੀਂ ਚੱਲਣ ਦੇਵੇਗੀ।

ਸਰਕਾਰ ਨੂੰ ਇਸ ਗੱਲ 'ਤੇ ਵੀ ਇਤਰਾਜ਼ ਹੈ ਕਿ ਮੰਚ ਦਾ ਸੰਚਾਲਨ ਸ਼੍ਰੋਮਣੀ ਅਕਾਲੀ ਦਲ ਦੀ ਨੇਤਰੀ ਬੀਬੀ ਜਗੀਰ ਕੌਰ ਨੂੰ ਕਿਉਂ ਕਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਦੀ ਬਜਾਏ ਕਿਸੇ ਧਾਰਮਿਕ ਨੇਤਾ ਜਾਂ ਸਰਕਾਰੀ ਅਧਿਕਾਰੀ ਨੂੰ ਇਹ ਜ਼ਿੰਮੇਵਾਰੀ ਨਿਭਾਉਣ ਦੀ ਆਗਿਆ ਦਿੱਤੀ ਜਾਵੇ। ਰੰਧਾਵਾ ਦਾ ਕਹਿਣਾ ਹੈ ਕਿ ਅਕਾਲੀ ਦਲ ਐੈੱਸ. ਜੀ. ਪੀ. ਸੀ. ਰਾਹੇ ਆਪਣੇ ਵੱਧ ਤੋਂ ਵੱਧ ਆਗੂਆਂ ਨੂੰ ਸਟੇਜ 'ਤੇ ਲਿਆਉਣ ਦੇ ਯਤਨਾਂ 'ਚ ਹੈ। ਇਸ ਨੂੰ ਉਹ ਸਫਲ ਨਹੀਂ ਹੋਣ ਦੇਣਗੇ।
ਓਧਰ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੇ ਨਿਵਾਸ ਵਿਖੇ ਕੇਂਦਰ ਦੇ ਜੁਆਇੰਟ ਸਕੱਤਰ (ਗ੍ਰਹਿ ਅਤੇ ਹੋਰਨਾਂ ਅਧਿਕਾਰੀਆਂ ਦੀ ਬੈਠਕ ਹੋਈ, ਜਿਸ 'ਚ ਪਾਕਿਸਤਾਨ ਵਿਖੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਪਾਸਪੋਰਟ ਦੀ ਪ੍ਰਕਿਰਿਆ ਅਤੇ ਪੰਜਾਬੀ ਭਾਸ਼ਾ 'ਚ ਬਣਨ ਵਾਲੇ ਪ੍ਰੋਫਾਰਮੇ ਨੂੰ ਲੈ ਕੇ ਵਿਚਾਰ-ਵਟਾਂਦਰਾ ਹੋਇਆ।


shivani attri

Content Editor

Related News