ਰੰਧਾਵਾ ਵੱਲੋਂ 2 ਜੇਲਾਂ 'ਚ ਛਾਪੇ, ਕੋਤਾਹੀ ਕਰਨ ਵਾਲੇ ਮੁਲਾਜ਼ਮ ਮੁਅੱਤਲ

Monday, Sep 16, 2019 - 06:08 PM (IST)

ਰੰਧਾਵਾ ਵੱਲੋਂ 2 ਜੇਲਾਂ 'ਚ ਛਾਪੇ, ਕੋਤਾਹੀ ਕਰਨ ਵਾਲੇ ਮੁਲਾਜ਼ਮ ਮੁਅੱਤਲ

ਰੋਪੜ/ਹੁਸ਼ਿਆਰਪੁਰ— ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਵੇਰੇ ਰੋਪੜ ਅਤੇ ਹੁਸ਼ਿਆਰਪੁਰ ਜੇਲ ਦੀ ਅਚਨਚੇਤੀ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ 3 ਜੇਲ ਕਰਮਚਾਰੀਆਂ ਨੂੰ ਨਿਯਮਾਂ ਦੇ ਉਲਟ ਮੋਬਾਇਲਾਂ ਦੀ ਵਰਤੋਂ ਕਰਦਿਆਂ ਫੜਿਆ ਗਿਆ। ਜੇਲ ਮੰਤਰੀ ਦੇ ਨਿਰਦੇਸ਼ਾਂ 'ਤੇ ਵਿਭਾਗ ਵੱਲੋਂ ਮੋਬਾਇਲ ਦੀ ਵਰਤੋਂ ਕਰਦੇ ਦੋ ਕਰਮਚਾਰੀ ਮੁਅੱਤਲ ਕੀਤੇ ਅਤੇ ਤੀਜੇ ਖਿਲਾਫ ਕਾਰਵਾਈ ਲਈ ਪੈਸਕੋ ਨੂੰ ਕਿਹਾ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜੇਲਾਂ ਦੀ ਸੁਰੱਖਿਆ ਨੂੰ ਹਰ ਹੀਲੇ ਯਕੀਨੀ ਬਣਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਜੇਲ ਮੰਤਰੀ ਸ. ਰੰਧਾਵਾ ਨੇ ਜ਼ਮੀਨੀ ਹਕੀਕਤਾਂ ਦੇਖਣ ਲਈ ਅੱਜ ਸਵੇਰੇ 7.10 ਵਜੇ ਰੋਪੜ ਜੇਲ ਅਚਨਚੇਤੀ ਪਹੁੰਚ ਕੇ ਚੈਕਿੰਗ ਕੀਤੀ। ਇਸ ਦੌਰਾਨ ਹੈਂਡ ਕਾਂਸਟੇਬਲ ਪਰਗਟ ਸਿੰਘ ਅਤੇ ਵਾਰਡਰ ਸਤਵਿੰਦਰ ਪਾਲ ਸਿੰਘ ਮੋਬਾਇਲ ਦੀ ਵਰਤੋਂ ਕਰਦੇ ਫੜੇ ਗਏ। ਜੇਲ ਮੰਤਰੀ ਦੇ ਆਦੇਸ਼ਾਂ 'ਤੇ ਦੋਹਾਂ ਨੂੰ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਬਾਅਦ ਜੇਲ ਮੰਤਰੀ ਨੇ 9 ਵਜੇ ਦੇ ਕਰੀਬ ਹੁਸ਼ਿਆਰਪੁਰ ਜੇਲ ਦਾ ਦੌਰਾ ਕੀਤਾ, ਜਿੱਥੇ ਪੈਸਕੋ ਵਾਰਡਰ ਬੁੱਧ ਸਿੰਘ ਨੂੰ ਮੋਬਾਇਲ ਦੀ ਵਰਤੋਂ ਕਰਦਿਆਂ ਫੜਿਆ ਗਿਆ। ਜੇਲ ਵਿਭਾਗ ਨੇ ਇਸ ਕਰਮਚਾਰੀ ਨੂੰ ਹਟਾਉਣ ਲਈ ਪੈਸਕੋ ਨੂੰ ਕਿਹਾ ਹੈ।

ਜੇਲ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜੇਲ ਮੰਤਰੀ ਰੰਧਾਵਾ ਵੱਲੋਂ ਪਹਿਲੀ ਮਈ 2018 ਨੂੰ ਸੱਦੀ ਸਮੂਹ ਜੇਲ ਸੁਪਰਡੈਂਟਾਂ ਦੀ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਸੀ ਕਿ ਸੁਪਰਡੈਂਟ ਰੈਂਕ ਤੋਂ ਹੇਠਾਂ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਜੇਲ ਦੀ ਹੱਦ ਅੰਦਰ ਮੋਬਾਇਲ ਫੋਨ ਦੀ ਵਰਤੋਂ ਨਹੀਂ ਕਰ ਸਕੇਗਾ। ਇਸ ਉਪਰੰਤ ਏ. ਡੀ. ਜੀ. ਪੀ. ਜੇਲਾਂ ਵੱਲੋਂ ਬਾਕਾਇਦਾ ਤੌਰ 'ਤੇ 17 ਮਈ 2018 ਨੂੰ ਸਮੂਹ ਜੇਲ ਸੁਪਰਡੈਂਟਾਂ ਨੂੰ ਪੱਤਰ ਲਿਖ ਕੇ ਜੇਲ੍ਹ ਮੰਤਰੀ ਦੇ ਆਦੇਸ਼ਾਂ ਬਾਰੇ ਜਾਣੂੰ ਕਰਵਾ ਦਿੱਤਾ ਗਿਆ ਸੀ ਜੇਕਰ ਜੇਲ ਅੰਦਰ ਸੁਪਰਡੈਂਟ ਤੋਂ ਹੇਠਾਂ ਰੈਂਕ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮੋਬਾਇਲ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

ਜੇਲ ਮੰਤਰੀ ਨੇ ਕਿਹਾ ਕਿ ਜੇਲਾਂ ਦੀ ਸੁਰੱਖਿਆ ਦੇ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਂ ਗੈਰ ਅਨੁਸ਼ਾਸਨੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੀ ਸੁਰੱਖਿਆ ਦਾ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਜਿਹੜਾ ਸੂਬੇ ਦੀ ਕਾਨੂੰਨ, ਅਮਨ ਵਿਵਸਥਾ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ, ਜਿਸ 'ਚ ਕੋਤਾਹੀ ਕਿਸੇ ਵੀ ਕੀਮਤ 'ਤੇ ਨਹੀਂ ਬਰਦਾਸ਼ਤ ਕੀਤੀ ਜਾ ਸਕਦੀ।


author

shivani attri

Content Editor

Related News