ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ''ਤੇ ਸੁਖਬੀਰ ਮਗਰੱਛ ਦੇ ਹੰਝੂ ਨਾ ਵਹਾਉਣ : ਰੰਧਾਵਾ

Monday, Jul 15, 2019 - 09:48 AM (IST)

ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ''ਤੇ ਸੁਖਬੀਰ ਮਗਰੱਛ ਦੇ ਹੰਝੂ ਨਾ ਵਹਾਉਣ : ਰੰਧਾਵਾ

ਚੰਡੀਗੜ੍ਹ (ਰਮਨਜੀਤ) - ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਤੇ 6 ਕਾਂਗਰਸੀ ਵਿਧਾਇਕਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸੀ.ਬੀ.ਆਈ. ਵਲੋਂ ਬਰਗਾੜੀ ਮਾਮਲੇ 'ਚ ਕਲੋਜ਼ਰ ਰਿਪੋਰਟ ਮਾਮਲੇ 'ਚ ਵਿਰੋਧ ਕਰਨ ਦੇ ਬਿਆਨ 'ਤੇ ਕਰੜੇ ਹੱਥੀਂ ਲਿਆ ਹੈ। ਸੁਖਬੀਰ ਨੂੰ ਨਸੀਹਤ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਮਗਰਮੱਛ ਦੇ ਹੰਝੂ ਵਹਾਉਣਾ ਬੰਦ ਕਰੇ ਅਤੇ ਆਪਣੇ ਕੀਤੇ ਪਾਪਾਂ ਲਈ ਸਜ਼ਾ ਭੁਗਤਣ ਲਈ ਤਿਆਰ ਰਹੇ। ਬੀਤੇ ਦਿਨ ਹੋਏ ਸਾਂਝੇ ਪ੍ਰੈੱਸ ਬਿਆਨ 'ਚ ਰੰਧਾਵਾ ਅਤੇ ਕਾਂਗਰਸੀ ਵਿਧਾਇਕਾਂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਹਰਪ੍ਰਤਾਪ ਸਿੰਘ ਅਜਨਾਲਾ, ਰਾਜਾ ਅਮਰਿੰਦਰ ਸਿੰਘ ਵੜਿੰਗ, ਬਰਿੰਦਰਮੀਤ ਸਿੰਘ ਪਾਹੜਾ, ਫਤਹਿਜੰਗ ਸਿੰਘ ਬਾਜਵਾ ਤੇ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਜੇਕਰ ਸੁਖਬੀਰ ਸੱਚੇ ਦਿਲੋਂ ਸੀ.ਬੀ.ਆਈ. ਦੇ ਫੈਸਲੇ ਦਾ ਵਿਰੋਧ ਕਰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਵਉਚ ਮੰਨਦਾ ਹੈ ਤਾਂ ਉਹ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਕੋਲੋਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿਵਾਏ, ਕਿਉਂਕਿ ਉਂਹ ਕੇਂਦਰ ਸਰਕਾਰ 'ਚ ਸੱਤਾ 'ਚ ਭਾਈਵਾਲ ਹੈ, ਜਿਸ ਅਧੀਨ ਸੀ. ਬੀ. ਆਈ. ਆਉਂਦੀ ਹੈ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਅਸਲ 'ਚ ਸੀ. ਬੀ. ਆਈ. ਬਾਦਲਾਂ ਨੂੰ ਬਚਾਉਣਾ ਚਾਹੁੰਦੀ ਹੈ, ਜੋ ਬੇਅਦਬੀ ਮਾਮਲਿਆਂ 'ਚ ਸਿੱਧੇ ਤੌਰ 'ਤੇ ਦੋਸ਼ੀ ਹਨ ਅਤੇ ਡੇਰਾ ਮੁਖੀ ਨੂੰ ਮੁਆਫੀ ਦਿਵਾਉਣ 'ਚ ਪੱਬਾਂ ਭਾਰ ਸਨ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਵਾਸਤੇ 2012 'ਚ ਆਪਣੀ ਸਰਕਾਰ ਵੇਲੇ ਡੇਰਾ ਮੁਖੀ ਰਾਮ ਰਹੀਮ ਵਿਰੁੱਧ ਬਠਿੰਡਾ ਕੋਰਟ 'ਚ ਦਾਇਰ ਚਾਰਜਸ਼ੀਟ ਵਾਪਸ ਲੈ ਲਈ ਸੀ, ਜਿਹੜੀ ਡੇਰਾ ਮੁਖੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਮਾਮਲੇ ਵਿਚ ਦਾਇਰ ਸੀ। ਉਨ੍ਹਾਂ ਕਿਹਾ ਕਿ ਦਰਅਸਲ ਸੁਖਬੀਰ ਦੀ ਹਾਲਤ ਉਸ ਚਤੁਰ ਬਣਦੇ ਚੋਰ ਵਰਗੀ ਹੈ, ਜਿਹੜਾ ਦੂਜਿਆਂ ਵੱਲ ਉਂਗਲਾਂ ਕਰ ਕੇ ਚੋਰ-ਚੋਰ ਦੀ ਰੌਲੀ ਪਾਉਂਦਾ ਹੈ ਪਰ ਪੰਜਾਬ ਦੇ ਬੱਚੇ-ਬੱਚੇ ਨੂੰ ਹੁਣ ਇਹ ਪਤਾ ਲੱਗ ਚੁੱਕਿਆ ਹੈ ਕਿ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਸਹਾਰੇ ਆਪਣੀ ਕੁਰਸੀ ਬਚਾਉਣ ਲਈ ਬਾਦਲਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ ਦਾ ਮਹਾ ਪਾਪ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਸੁਖਬੀਰ ਨਹੀਂ ਸਗੋਂ ਉਸ ਅੰਦਰਲੇ ਉਨ੍ਹਾਂ ਪਾਪਾਂ ਦਾ ਡਰ ਬੋਲ ਰਿਹਾ ਹੈ, ਜਿਨ੍ਹਾਂ ਦੀ ਸਜ਼ਾ ਉਸ ਨੂੰ ਹਰ ਹਾਲਤ ਵਿਚ ਭੁਗਤਣੀ ਹੀ ਪੈਣੀ ਹੈ, ਕਿਉਂਕਿ ਬਾਦਲ ਪਰਿਵਾਰ ਦੇ ਪਾਪਾਂ ਦਾ ਘੜਾ ਭਰ ਚੁੱਕਿਆ ਹੈ।


author

rajwinder kaur

Content Editor

Related News