ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਦੀਆਂ ਚਰਚਾਵਾਂ ਨੂੰ ਸੁਖਜਿੰਦਰ ਰੰਧਾਵਾ ਨੇ ਕੀਤਾ ਖਾਰਿਜ
Thursday, Sep 16, 2021 - 09:09 PM (IST)
ਚੰਡੀਗੜ੍ਹ(ਅਸ਼ਵਨੀ)- 40 ਕਾਂਗਰਸੀ ਵਿਧਾਇਕਾਂ ਵਲੋਂ ਕਾਂਗਰਸ ਹਾਈਕਮਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਦੇ ਸਵਾਲ ’ਤੇ ਸ਼ੁੱਕਰਵਾਰ ਨੂੰ ਮੰਤਰੀ ਸੁਖਜਿੰਦਰ ਰੰਧਾਵਾ ਭੜਕ ਉਠੇ। ਉਨ੍ਹਾਂ ਹਾਈਕਮਾਨ ਨੂੰ ਚਿੱਠੀ ਭੇਜਣ ਦੀਆਂ ਚਰਚਾਵਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰਦਿਆਂ ਕਿਹਾ ਕਿ ਜਿਸ ਖਿਆਲੀ ਚਿੱਠੀ ਨੂੰ ਬੇਵਜ੍ਹਾ ਚਰਚਾ ਵਿਚ ਲਿਆਂਦਾ ਜਾ ਰਿਹਾ ਹੈ, ਉਹ ਪੰਜਾਬ ਦੀ ਰਾਜਨੀਤੀ ਨੂੰ ਗੰਦਾ ਕਰਨ ਦੀ ਕੋਸ਼ਿਸ਼ ਮਾਤਰ ਹੈ ਤਾਂ ਕਿ ਸਿਆਸਤਦਾਨਾਂ ਨੂੰ ਬਦਨਾਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਤੋਂ ਪੰਜਾਬ ਦੇ ਲੋਕਾਂ ਤੇ ਕਾਂਗਰਸੀ ਵਿਧਾਇਕਾਂ ਦਾ ਭਰੋਸਾ ਉਠਿਆ : ਚੀਮਾ
ਉਨ੍ਹਾਂ ਕਿਹਾ ਕਿ ਇਕ ਵਰਗ ਜਾਣਬੁੱਝ ਕੇ ਭਰਮ ਫੈਲਾਅ ਰਿਹਾ ਹੈ। ਰੰਧਾਵਾ ਨੇ ਇਹ ਵੀ ਕਿਹਾ ਕਿ ਬਹੁਤ ਪਹਿਲਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਹੋਈ ਬੈਠਕ ਤੋਂ ਬਾਅਦ ਕੈਪਟਨ ਖ਼ਿਲਾਫ਼ ਇਕ ਚਿੱਠੀ ਲਿਖੀ ਗਈ ਸੀ। ਉਦੋਂ ਬਕਾਇਦਾ ਜਨਤਕ ਮੰਚ ’ਤੇ ਚਿੱਠੀ ਦਾ ਖੁਲਾਸਾ ਕੀਤਾ ਗਿਆ ਸੀ ਅਤੇ ਨਾਲ ਹੀ, ਇਸ ਚਿੱਠੀ ਨੂੰ ਲੈ ਕੇ 5 ਕਾਂਗਰਸੀ ਨੇਤਾਵਾਂ ਦਾ ਇਕ ਵਫ਼ਦ ਦੇਹਰਾਦੂਨ ਵਿਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੂੰ ਵੀ ਮਿਲਿਆ ਸੀ ਅਤੇ ਉਦੋਂ ਵੀ ਵਫ਼ਦ ਨੇ ਜਨਤਕ ਮੰਚ ’ਤੇ ਖੁੱਲ੍ਹ ਕੇ ਆਪਣੀ ਗੱਲ ਰੱਖੀ ਸੀ। ਇਸ ਤੋਂ ਬਾਅਦ ਤੋਂ ਦੁਬਾਰਾ ਕੋਈ ਚਿੱਠੀ ਨਹੀਂ ਲਿਖੀ ਗਈ ਹੈ। ਅਜਿਹੇ ਵਿਚ ਹਾਈਕਮਾਨ ਨੂੰ ਚਿੱਠੀ ਭੇਜਣ ਦੀ ਚਰਚਾ ਦਾ ਕੋਈ ਮਤਲਬ ਹੀ ਨਹੀਂ ਹੈ।
ਇਹ ਵੀ ਪੜ੍ਹੋ- ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਭਲਕੇ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦੇਵੇਗੀ ‘ਆਪ’
ਉਥੇ ਹੀ, ਵਿਧਾਇਕ ਰਾਜ ਕੁਮਾਰ ਵੇਰਕਾ ਨੇ ਵੀ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਨਾ ਤਾਂ ਕੋਈ ਚਿੱਠੀ ਲਿਖੀ ਗਈ ਹੈ ਅਤੇ ਨਾ ਹੀ ਕੋਈ ਚਿੱਠੀ ਸਾਹਮਣੇ ਆਈ ਹੈ। ਇਹ ਸਭ ਸਿਰਫ਼ ਕਿਆਸਰਾਈਆਂ ਹਨ, ਜਿਨ੍ਹਾਂ ਦਾ ਜ਼ਮੀਨੀ ਹਕੀਕਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇੱਥੋਂ ਤੱਕ ਕਿ ਕਿਸੇ ਵੀ ਨੇਤਾ ਨੇ ਵਿਧਾਇਕ ਦਲ ਦੀ ਬੈਠਕ ਬੁਲਾਉਣ ਤਕ ਦੀ ਕੋਈ ਬੇਨਤੀ ਨਹੀਂ ਕੀਤੀ ਹੈ। ਇਸ ਸਬੰਧੀ ਕਿਸੇ ਦਾ ਬਿਆਨ ਤੱਕ ਸਾਹਮਣੇ ਨਹੀਂ ਆਇਆ ਹੈ। ਇਹ ਕੁਝ ਲੋਕਾਂ ਦੀ ਆਪਣੀ ਬਣਾਈ ਹੋਈ ਗੱਲ ਹੈ। ਵੇਰਕਾ ਨੇ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਵਿਚ ਜੋ ਬੈਠਕਾਂ ਦਾ ਦੌਰ ਚੱਲ ਰਿਹਾ ਹੈ, ਉਹ ਵੱਖ ਹੋਣ ਲਈ ਨਹੀਂ ਸਗੋਂ ਇਕੱਠੇ ਹੋਣ ਲਈ ਕੀਤੀਆਂ ਜਾ ਰਹੀਆਂ ਬੈਠਕਾਂ ਹਨ।