ਢੀਂਡਸਾ ਪਿਉ-ਪੁੱਤ ਨੂੰ ਪਾਰਟੀ ''ਚੋਂ ਕੱਢਣ ਦੀ ਤਿਆਰੀ

01/08/2020 6:42:48 PM

ਸੰਗਰੂਰ : ਸਿਧਾਂਤਾਂ ਦੀ ਲੜਾਈ ਨੂੰ ਲੈ ਕੇ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ੍ਹਣ ਵਾਲੇ ਢੀਂਡਸਾ ਪਿਉ-ਪੁੱਤ ਖਿਲਾਫ ਅਕਾਲੀ ਦਲ ਆਉਣ ਵਾਲੇ ਦਿਨਾਂ ਵਿਚ ਵੱਡਾ ਫੈਸਲਾ ਲੈ ਸਕਦਾ ਹੈ। ਅਕਾਲੀ ਦਲ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ 'ਚੋਂ ਕੱਢਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੀਆਂ ਸੰਗਰੂਰ ਅਤੇ ਬਰਨਾਲਾ ਜ਼ਿਲਾ ਇਕਾਈਆਂ ਵਲੋਂ ਢੀਂਡਸਾ ਪਿਤਾ-ਪੁੱਤਰ ਖ਼ਿਲਾਫ਼ ਮਤਾ ਪਾਸ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਗਈ ਹੈ ਕਿ ਦੋਵਾਂ ਨੂੰ ਪਾਰਟੀ 'ਚੋਂ ਬਰਖ਼ਾਸਤ ਕੀਤਾ ਜਾਵੇ।

PunjabKesari

ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਵਲੋਂ ਦੋਵੇਂ ਜ਼ਿਲਿਆਂ ਦੇ ਇੰਚਾਰਜ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਹਲਕਾ ਇੰਚਾਰਜਾਂ, ਸ਼੍ਰੋਮਣੀ ਕਮੇਟੀ ਮੈਂਬਰਾਂ, ਜ਼ਿਲਾ ਅਤੇ ਸਰਕਲ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਪਾਰਟੀ ਤੋਂ ਮੰਗ ਕੀਤੀ ਹੈ ਕਿ ਢੀਂਡਸਾ ਪਿਤਾ-ਪੁੱਤਰ ਖ਼ਿਲਾਫ਼ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਦੇ ਦੋਸ਼ ਹੇਠ ਅਨੁਸ਼ਾਸਨੀ ਕਾਰਵਾਈ ਕਰਦਿਆਂ ਦੋਵਾਂ ਨੂੰ ਪਾਰਟੀ 'ਚੋ ਬਰਖ਼ਾਸਤ ਕੀਤਾ ਜਾਵੇ। 

PunjabKesari

ਅਖਬਾਰਾਂ 'ਚ ਛਪੀਆਂ ਰਿਪੋਰਟਾਂ ਮੁਤਾਬਕ ਮਲੂਕਾ ਦਾ ਆਖਣਾ ਹੈ ਕਿ ਇਹ ਮਤਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਭੇਜਿਆ ਜਾ ਰਿਹਾ ਹੈ ਜਿਸ ਬਾਰੇ ਫ਼ੈਸਲਾ ਪਾਰਟੀ ਪ੍ਰਧਾਨ ਅਤੇ ਕੋਰ ਕਮੇਟੀ ਵਲੋਂ ਲਿਆ ਜਾਵੇਗਾ। ਮਲੂਕਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਵਲੋਂ ਪਾਰਟੀ ਪ੍ਰਧਾਨ ਨੂੰ ਵਰਕਰਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾ ਦਿੱਤਾ ਗਿਆ ਸੀ ਕਿ ਉਹ ਦੁਚਿੱਤੀ ਵਿਚ ਹਨ। ਮਲੂਕਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਦੀ ਕਿਸੇ ਮੀਟਿੰਗ ਵਿਚ ਭਾਗ ਨਹੀਂ ਲੈ ਰਹੇ ਸਗੋਂ ਪਾਰਟੀ 'ਚੋਂ ਕੱਢੇ ਹੋਏ ਪਾਰਟੀ ਵਿਰੋਧੀ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਹਨ।

PunjabKesari

ਉਨ੍ਹਾਂ ਦੱਸਿਆ ਕਿ ਅਕਾਲੀ ਦਲ ਵਲੋਂ 2 ਫਰਵਰੀ ਨੂੰ ਸੰਗਰੂਰ ਵਿਚ ਰੈਲੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਜ਼ਿਲੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਤਿਆਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਸੰਭਵ ਹੈ ਕਿ ਅਕਾਲੀ ਦਲ ਜਲਦ ਹੀ ਢੀਂਡਸਾ ਪਰਿਵਾਰ ਨੂੰ ਲਾਂਭੇ ਕਰ ਸਕਦਾ ਹੈ।


Gurminder Singh

Content Editor

Related News