ਸੁਖਦੇਵ ਸਿੰਘ ਢੀਂਡਸਾ ਵਿਸਾਖੀ ''ਤੇ ਸਾਂਭ ਸਕਦੇ ਨੇ ਅਕਾਲੀ ਦਲ ਟਕਸਾਲੀ ਦੀ ਕਮਾਂਡ
Saturday, Feb 29, 2020 - 06:54 PM (IST)
ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)— ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਿਸਾਖੀ ਦੇ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਵਾਗਡੋਰ ਸਾਂਭ ਸਕਦੇ ਹਨ। ਦੱਸ ਦੇਈਏ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਇਕ ਵਿਸ਼ੇਸ਼ ਪਰਿਵਾਰ ਦਾ ਕਬਜ਼ਾ ਤੋੜਨ ਅਤੇ ਪੰਥਕ ਦਿੱਖ ਬਹਾਲ ਕਰਨ ਲਈ ਕੀਤੇ ਜਾ ਰਹੇ ਸਿਰਤੋੜ ਯਤਨਾਂ ਤਹਿਤ ਖਾਲਸਾ ਸਾਜਨਾ ਦਿਵਸ 'ਤੇ ਇਕ ਅਹਿਮ ਫੈਸਲਾ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪੰਥਕ ਸਿਆਸਤ 'ਚ ਨਵੀਂ ਰੂਹ ਪਾਉਣ ਲਈ ਇਕ ਅਹਿਮ ਸਿਆਸੀ ਕੜੀ ਤਿਆਰ ਕੀਤੀ ਜਾ ਰਹੀ ਹੈ।
ਢੀਂਡਸਾ ਦੇ ਸਮਰਥਕ ਸਿਆਸੀ ਸੂਤਰਾਂ ਅਨੁਸਾਰ ਉਨ੍ਹਾਂ ਵੱਲੋਂ ਤਮਾਮ ਪੰਥਕ ਧਿਰਾਂ ਨੂੰ ਇਕ ਪਲੇਟਫਾਰਮ 'ਤੇ ਇਕੱਤਰ ਕਰਨ ਲਈ ਲਗਾਤਾਰ ਯਤਨ ਜਾਰੀ ਹਨ। ਸਮਝਿਆ ਜਾ ਰਿਹਾ ਹੈ ਕਿ ਇਸ ਕੜੀ ਤਹਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਦੇ ਆਸਪਾਸ ਇਕ ਵੱਡਾ ਪੰਥਕ ਇਕੱਠ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਢੀਂਡਸਾ ਇਸ ਦੌਰਾਨ ਸ਼੍ਰੋ.ਅ. ਦਲ (ਟਕਸਾਲੀ) ਦੀ ਵਾਗਡੋਰ ਵੀ ਸੰਭਾਲ ਸਕਦੇ ਹਨ। ਇਸ ਸਾਂਝੇ ਮੁਹਾਜ ਦੇ ਪੁਨਰਗਠਨ ਤਹਿਤ ਸ਼੍ਰੋ.ਅ. ਦਲ (1920) ਦੇ ਪਾਰਟੀ ਪ੍ਰਧਾਨ ਰਵੀਇੰਦਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) 'ਚ ਰਲੇਵਾਂ ਕਰਨ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਅਜਿਹੀ ਸੂਰਤ 'ਚ ਟਕਸਾਲੀ ਧੜੇ ਦੇ ਮੌਜੂਦਾ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਨਵੇਂ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਜਥੇ. ਸੇਵਾ ਸਿੰਘ ਸੇਖਵਾਂ ਨੂੰ ਜਨਰਲ ਸਕੱਤਰ ਬਣਾਏ ਜਾਣ ਦੀ ਤਜਵੀਜ਼ ਵੀ ਵਿਚਾਰੀ ਜਾ ਸਕਦੀ ਹੈ।
ਪਾਰਟੀ ਦੇ ਸੀਨੀਅਰ ਆਗੂ ਅਤੇ ਐੱਸ. ਜੀ. ਪੀ. ਸੀ. ਦੇ ਸਾਬਕਾ ਐਗਜ਼ੈਕਟਿਵ ਮੈਂਬਰ ਜਥੇਦਾਰ ਹਰਬੰਸ ਸਿੰਘ ਮੰਝਪੁਰ ਨੇ ਇਸ ਸੰਭਾਵੀਂ ਚਰਚਿਆਂ ਦੀ ਪੁਸ਼ਟੀ ਵੀ ਕੀਤੀ ਹੈ। ਟਕਸਾਲੀ ਦਲ ਦੇ ਆਗੂ ਬੀਰਦਵਿੰਦਰ ਸਿੰਘ ਨੇ ਇਸ ਪੱਖ 'ਤੇ ਪ੍ਰਤੀਕਰਮ ਪ੍ਰਗਟਾਉਂਦੇ ਕਿਹਾ ਹੈ ਕਿ ਭਵਿੱਖ ਦੀ ਰਣਨੀਤੀ ਤਹਿਤ ਕੀ ਕਰਨਾ ਹੈ ਅਤੇ ਕਿਸ ਨੂੰ ਕਿਸ ਅਹੁਦੇ ਨਾਲ ਨਿਵਾਜਣਾ ਹੈ, ਇਸ ਦਾ ਫੈਸਲਾ ਤਾਂ ਭਵਿੱਖ ਦੀਆਂ ਪਰਤਾਂ ਹੀ ਦੱਸਣਗੀਆਂ ਪਰ ਜਦੋਂ ਸਮੁੱਚੀਆਂ ਪੰਥ ਹਿਤੈਸ਼ੀ ਧਿਰਾਂ ਆਗਾਮੀ ਐੱਸ. ਜੀ. ਪੀ. ਸੀ. ਚੋਣਾਂ 'ਚ ਬਾਦਲ ਪਰਿਵਾਰ ਦਾ ਕਬਜ਼ਾ ਗੁਰਧਾਮਾਂ ਤੋਂ ਤੋੜਨ ਦੀਆਂ ਇੱਛੁਕ ਹਨ ਤਾਂ ਸਾਂਝਾ ਮੁਹਾਜ ਬਣਾਉਣ ਦੀ ਯੋਜਨਾਬੱਧ ਨੀਤੀ ਦਾ ਆਗਾਜ਼ ਕਰਨਾ ਅਤੇ ਖਿੰਡੀ ਪੁੰਡੀ ਤਾਕਤ ਨੂੰ ਬਾਦਲ ਪਰਿਵਾਰ ਦੇ ਮੁਕਾਬਲੇ ਇਕ ਝੰਡੇ ਹੇਠ ਇਕੱਤਰ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਅਜਿਹੇ ਫੈਸਲਾਕੁੰਨ ਸੰਘਰਸ਼ ਦੇ ਆਗਾਜ਼ ਲਈ ਸਮੇਂ ਦੀ ਰਾਜਨੀਤੀ ਕਈ ਧਿਰਾਂ ਤੋਂ ਅਹੁਦੇਦਾਰੀਆਂ ਦੇ ਤਿਆਗ ਦੀ ਮੰਗ ਕਰ ਰਹੀ ਹੈ ਅਤੇ ਇਸ ਸਾਂਝੀ ਰਣਨੀਤੀ ਲਈ ਕਈ ਕੁਰਬਾਨੀਪ੍ਰਸਤ ਧਿਰਾਂ ਆਪਣੇ ਸਿਆਸੀ ਹਿੱਤ ਤਿਆਗ ਕੇ ਪਰਿਵਾਰਪ੍ਰਸਤੀ ਅਤੇ ਪੰਥ ਵਿਰੋਧੀ ਨੀਤੀਆਂ ਖਿਲਾਫ ਇਕਜੁੱਟ ਹਨ। ਅਜਿਹੀ ਸਥਿਤੀ 'ਚ ਭਵਿੱਖ 'ਚ ਅਜਿਹੀਆਂ ਸੰਭਾਵਨਾਵਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਜਿਹੇ ਮੁਹਾਜ 'ਚ ਸਾਬਕਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਵੀਇੰਦਰ ਸਿੰਘ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।