ਅਕਾਲੀ ਦਲ ਤੋਂ ਵੱਖ ਹੋਏ ਢੀਂਡਸਾ ਦੋਆਬੇ 'ਚ ਸੰਨ੍ਹ ਲਾਉਣ ਲਈ ਤਿਆਰ

02/12/2020 6:17:10 PM

ਜਲੰਧਰ— ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਦੋਆਬੇ 'ਚ ਪਹਿਲੀ ਮੀਟਿੰਗ 13 ਫਰਵਰੀ ਨੂੰ ਰੱਖੀ ਹੋਈ ਹੈ। ਇਹ ਮੀਟਿੰਗ ਗੁਰਦੁਆਰਾ ਗੁਰੂ ਤੇਗ ਬਹਾਦਰ ਨੌਵੀਂ ਪਾਤਸ਼ਾਹੀ 'ਚ ਹੋ ਰਹੀ ਹੈ। ਇਸ ਗੁਰੂਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਸੂਰਵਾਰਾਂ ਨੂੰ ਸਜ਼ਾ ਨਾ ਦੁਆਉਣ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਖਫਾ ਹਨ। ਇਸ ਮੀਟਿੰਗ ਦੀ ਕਾਮਯਾਬੀ ਲਈ ਇਸ ਖਿੱਤੇ ਦੇ ਚਾਰੇ ਜ਼ਿਲਿਆਂ ਦੇ ਉਨ੍ਹਾਂ ਲੀਡਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ, ਜਿਹੜੇ ਕਿਸੇ ਨਾ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਆਪਣੇ ਘਰ ਬੈਠੇ ਸਨ ਅਤੇ ਜਿਨ੍ਹਾਂ ਨੇ ਸਿਆਸੀ ਸਰਗਰਮੀਆਂ ਤੋਂ ਕਿਨਾਰਾ ਕੀਤਾ ਹੋਇਆ ਸੀ। 13 ਫਰਵਰੀ ਨੂੰ ਹੋਣ ਵਾਲੀ ਮੀਟਿੰਗ 'ਚ ਅਕਾਲੀ ਦਲ 1920 ਅਤੇ ਟਕਸਾਲੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਪਹੁੰਚਣਗੇ।

ਦੋਆਬਾ ਹੀ ਅਜਿਹਾ ਖਿੱਤਾ ਹੈ, ਜਿਸ 'ਚੋਂ ਸ਼੍ਰੋਮਣੀ ਅਕਾਲੀ ਦਲ 15 ਵਿਧਾਇਕਾਂ 'ਚੋਂ 5 ਵਿਧਾਇਕ ਜਿੱਤੇ ਸਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਇਕੱਲੇ ਜਲੰਧਰ ਜ਼ਿਲੇ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ 4 ਵਿਧਾਇਕ ਜਿੱਤੇ ਸਨ, ਜਿਨ੍ਹਾਂ 'ਚੋਂ ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਦੀ ਮੌਤ ਹੋ ਜਾਣ ਕਾਰਨ ਹੁਣ ਸ਼੍ਰੋਮਣੀ ਅਕਾਲੀ ਦਲ ਦੇ 3 ਵਿਧਾਇਕ ਹਨ ਅਤੇ ਚੌਥਾ ਵਿਧਾਇਕ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਹਲਕੇ ਤੋਂ ਜਿੱਤਿਆ ਹੋਇਆ ਹੈ। ਇਨ੍ਹਾਂ ਚਾਰੋਂ ਵਿਧਾਇਕਾਂ 'ਚ ਤਿੰਨ ਵਿਧਾਇਕ ਦਲਿਤ ਹਨ।

ਦੱਸਣਯੋਗ ਹੈ ਕਿ ਦੋਆਬੇ 'ਚੋਂ ਪਹਿਲਾਂ ਵੀ ਟਕਸਾਲੀ ਅਕਾਲੀ ਆਗੂਆਂ ਦਾ ਪਾਰਟੀ ਅੰਦਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਟਕਰਾਅ ਰਿਹਾ ਹੈ। ਜਲੰਧਰ ਜ਼ਿਲੇ ਦੇ ਸਭ ਤੋਂ ਸੀਨੀਅਰ ਆਗੂ ਮੰਨੇ ਜਾਂਦੇ ਕੁਲਦੀਪ ਸਿੰਘ ਵਡਾਲਾ ਸਿਆਸੀ ਤੌਰ 'ਤੇ ਬਾਗੀ ਤਬੀਅਤ ਦੇ ਸਨ ਅਤੇ ਉਨ੍ਹਾਂ ਨੂੰ ਹਾਸ਼ੀਏ 'ਤੇ ਧੱਕਣ ਲਈ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਮਰਹੂਮ ਅਕਾਲੀ ਆਗੂ ਅਜੀਤ ਸਿੰਘ ਕੋਹਾੜ ਨੂੰ ਥਾਪੜਾ ਦਿੱਤਾ ਸੀ। ਕਪੂਰਥਲਾ ਜ਼ਿਲੇ ਦੇ ਸੀਨੀਅਰ ਅਕਾਲੀ ਆਗੂ ਮਰਹੂਮ ਸੁਖਜਿੰਦਰ ਸਿੰਘ ਦੀ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਘੱਟ ਹੀ ਬਣਦੀ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਸੁਖਜਿੰਦਰ ਸਿੰਘ ਦੇ ਸਿਆਸੀ ਬਦਲ ਵਜੋਂ ਬੀਬੀ ਜਗੀਰ ਕੌਰ ਨੂੰ ਪਾਰਟੀ 'ਚ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ ਸੀ। ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੋਆਬਾ ਖਿੱਤੇ ਦੇ ਇਸ ਬਾਗੀ ਸੁਭਾਅ ਤੋਂ ਵਾਕਫ ਹਨ ਅਤੇ ਉਨ੍ਹਾਂ ਨੇ ਆਪਣੇ ਤੌਰ 'ਤੇ ਹੀ ਉਨ੍ਹਾਂ ਆਗੂਆਂ ਨਾਲ ਸੰਪਰਕ ਸਾਧਿਆ ਹੋਇਆ ਹੈ, ਜਿਹੜੇ ਨਾਰਾਜ਼ ਹੋ ਕੇ ਘਰੀਂ ਬੈਠੇ ਹਨ।


shivani attri

Content Editor

Related News