ਚੋਣਾਂ ’ਚ ਵੱਡੀ ਹਾਰ ਮਿਲਣ ਤੋਂ ਬਾਅਦ ਢੀਂਡਸਾ ਪਿਓ-ਪੁੱਤ ਦੇ ਸਿਆਸੀ ਭਵਿੱਖ ਨੂੰ ਲੱਗਿਆ ਗ੍ਰਹਿਣ
Sunday, Mar 13, 2022 - 10:32 PM (IST)
ਸ਼ੇਰਪੁਰ (ਅਨੀਸ਼) : ਪੰਜਾਬ ਵਿਧਾਨ ਸਭਾ ਦੇ ਆਏ ਚੋਣ ਨਤੀਜਿਆਂ ਵਿਚ ਜਿੱਥੇ ਆਮ ਆਦਮੀ ਪਾਰਟੀ ਦੀ ਚੱਲੀ ਹਨ੍ਹੇਰੀ ਵਿਚ ਵੱਡੇ-ਵੱਡੇ ਘਾਗ ਸਿਆਸਤਦਾਨ ਉਡ ਗਏ ਉਥੇ ਹੀ ਰਾਜਨੀਤੀ ਵਿਚ ਅਹਿਮ ਸਥਾਨ ਰੱਖਣ ਵਾਲੇ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੇ ਸਿਆਸੀ ਭਵਿੱਖ ਨੂੰ ਵੀ ਗ੍ਰਹਿਣ ਲੱਗ ਗਿਆ ਹੈ । ਢੀਂਡਸਾ ਨੇ ਆਪਣਾ ਰਾਜਸੀ ਸਫਰ 1972 ਤੋਂ ਹਲਕਾ ਧਨੌਲਾ ਤੋਂ ਆਜ਼ਾਦ ਚੋਣ ਜਿੱਥ ਕੇ ਸ਼ੁਰੂ ਕੀਤਾ ਅਤੇ ਲਗਾਤਾਰ 1977, 1980 ਅਤੇ 1985 ਵਿਚ ਚਾਰ ਵਾਰ ਵਿਧਾਇਕ ਰਹੇ । 1997 ਦੀਆਂ ਚੋਣਾਂ ਵਿਚ ਸੁਨਾਮ ਤੋਂ ਬਾਬੂ ਭਗਵਾਨ ਦਾਸ ਅਰੋੜਾ ਤੋਂ ਪਹਿਲੀ ਵਾਰ ਚੋਣ ਹਾਰੇ ਅਤੇ ਬਾਦਲ ਸਰਕਾਰ ਨੇ ਚੋਣ ਹਾਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਪੰਜਾਬ ਰਾਜ ਬਿਜਲੀ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ । 2004 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਅਤੇ 2009 ਦੀਆਂ ਚੋਣਾਂ ਵਿਚ ਹਾਰ ਪ੍ਰਾਪਤ ਹੋਈ । ਹਾਰ ਮਿਲਣ ਦੇ ਬਾਵਜੂਦ ਇਕ ਵਾਰ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਢੀਂਡਸਾ ’ਤੇ ਮਿਹਰਬਾਨ ਹੁੰਦਿਆਂ ਰਾਜ ਸਭਾ ਵਿਚ ਭੇਜਿਆ ਪ੍ਰੰਤੂ ਹੁਣ ਬਦਲੇ ਸਮੀਕਰਨਾ ਤਹਿਤ ਉਹ ਆਪਣੀ ਵੱਖ ਪਾਰਟੀ ਬਣਾ ਚੁੱਕੇ ਹਨ ਅਤੇ ਉਨ੍ਹਾਂ ਦਾ ਰਾਜ ਸਭਾ ਮੈਂਬਰ ਦਾ ਕਾਰਜਕਾਲ ਅਪ੍ਰੈਲ ਵਿਚ ਪੂਰਾ ਹੋ ਰਿਹਾ ਹੈ , ਜਿਸ ਕਰਕੇ ਉਹ ਆਪਣੇ ਦਮ ’ਤੇ ਜਾਂ ਗਠਜੋੜ ਤਹਿਤ ਰਾਜ ਸਭਾ ਵਿਚ ਨਹੀਂ ਜਾ ਸਕਦੇ ।
ਹੁਣ ਉਨ੍ਹਾਂ ਦੇ ਸਿਆਸੀ ਭਵਿੱਖ ਦਾ ਦਾਰੋ-ਮਦਾਰ ਮੋਦੀ ਸਰਕਾਰ ’ਤੇ ਨਿਰਭਰ ਹੈ। ਦੇਖਣਾ ਇਹ ਹੋਵੇਗਾ ਕਿ ਮੋਦੀ ਸਰਕਾਰ ਸੁਖਦੇਵ ਢੀਂਡਸਾ ਦੇ ਸਿਆਸੀ ਭਵਿੱਖ ’ਤੇ ਕੀ ਫੈਸਲਾ ਲੈਂਦੀ ਹੈ । ਜੇਕਰ ਗੱਲ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ 2000 ਵਿਚ ਸੁਨਾਮ ਜ਼ਿਮਨੀ ਚੋਣ ਜਿੱਤ ਕੇ ਕੀਤੀ ਅਤੇ ਇਸ ਤੋਂ ਬਾਅਦ 2002, 2007 ਅਤੇ 2012 ਦੀਆਂ ਚੋਣਾਂ ਵਿਚ ਸੁਨਾਮ ਤੋਂ ਜਿੱਤ ਕੇ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਵਿਚ ਮੰਤਰੀ ਰਹੇ । ਪ੍ਰੰਤੂ 2017 ਦੀਆਂ ਚੋਣਾਂ ਵਿਚ ਉਨ੍ਹਾਂ ਸੁਨਾਮ ਹਲਕਾ ਬਦਲ ਕੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਚੋਣ ਲੜੀ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਹਰਾ ਕੇ ਚੋਣ ਜਿੱਤੀ, ਪ੍ਰੰਤੂ ਸ਼੍ਰੋਮਣੀ ਅਕਾਲੀ ਦਲ 15 ਸੀਟਾਂ ’ਤੇ ਸਿਮਟ ਕੇ ਰਹਿ ਗਿਆ । ਇਸ ਵਾਰ ਉਨ੍ਹਾਂ ਵੱਲੋਂ ਹਲਕਾ ਲਹਿਰਾਗਾਗਾ ਤੋਂ ਆਪਣੀ ਵੱਖਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ-ਭਾਜਪਾ, ਕੈਪਟਨ ਗਠਜੋੜ ਨਾਲ ਚੋਣ ਲੜੀ , ਪ੍ਰੰਤੂ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਬਰਿੰਦਰ ਗੋਇਲ ਨੇ ਵੱਡੀ ਲੀਡ ਨਾਲ ਚੋਣ ਜਿੱਤੀ ਅਤੇ ਢੀਂਡਸਾ ਦਾ ਸਿਆਸੀ ਭਵਿੱਖ ਖਤਰੇ ਵਿਚ ਪਾ ਦਿੱਤਾ, ਜਿਸ ਕਰਕੇ ਬਦਲੇ ਹੋਏ ਸਿਆਸੀ ਸਮੀਕਰਨਾਂ ਤਹਿਤ ਇਕ ਵਾਰ ਦੋਵਾਂ ਪਿਓ-ਪੁੱਤਾਂ ਦੇ ਸਿਆਸੀ ਭਵਿੱਖ ’ਤੇ ਬੱਦਲ ਛਾ ਗਏ ਹਨ ।