ਕਾਂਗਰਸ ਦੇ ਜ਼ਿਲਾ ਪ੍ਰਧਾਨ ਵਲੋਂ ਪਾਰਟੀ ''ਤੇ ਗੰਭੀਰ ਦੋਸ਼, ਸੁਣਾਈ ਹੱਡਬੀਤੀ
Saturday, May 04, 2019 - 11:11 AM (IST)
![ਕਾਂਗਰਸ ਦੇ ਜ਼ਿਲਾ ਪ੍ਰਧਾਨ ਵਲੋਂ ਪਾਰਟੀ ''ਤੇ ਗੰਭੀਰ ਦੋਸ਼, ਸੁਣਾਈ ਹੱਡਬੀਤੀ](https://static.jagbani.com/multimedia/2019_5image_11_11_111533672khannasukhdeep.jpg)
ਫਤਿਹਗੜ੍ਹ ਸਾਹਿਬ (ਬਿਪਨ) : ਲੋਕ ਸਭਾ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਹਿਲਾਂ ਜਿੱਥੇ ਦੂਲੋ ਪਰਿਵਾਰ ਨੇ ਪਾਰਟੀ 'ਚ ਆਮ ਵਰਕਰ ਨੂੰ ਦਰਕਿਨਾਰ ਕਰਨ ਅਤੇ ਰਈਸਜਾਦਿਆਂ ਦੀ ਸੁਣਵਾਈ ਦਾ ਦੋਸ਼ ਲਾਇਆ ਸੀ, ਉੱਥੇ ਹੀ ਹੁਣ ਕਾਂਗਰਸ ਦੇ ਪੁਲਸ ਜ਼ਿਲਾ ਖੰਨਾ ਦੇ ਪ੍ਰਧਾਨ ਸੁਖਦੀਪ ਸਿੰਘ ਨੇ ਗਰੀਬ ਅਤੇ ਦਲਿਤ ਹੋਣ ਦੇ ਚੱਲਦਿਆਂ ਪਾਰਟੀ ਦੇ ਆਗੂਆਂ ਵਲੋਂ ਅਣਦੇਖੀ ਕੀਤੇ ਜਾਣ ਦੇ ਦੋਸ਼ ਲਾਏ ਹਨ। ਸੁਖਦੀਪ ਨੇ ਆਪਣੀ ਹੱਡਬੀਤੀ ਸੁਣਾਉਂਦਿਆ ਕਿਹਾ ਕਿ ਉਨ੍ਹਾਂ ਨੂੰ ਇਕੱਲੇ ਖੰਨਾ ਦੀਆਂ ਸੜਕਾਂ 'ਤੇ ਆਪਣੇ ਮੋਟਰਸਾਈਕਲ 'ਤੇ ਪਾਰਟੀ ਲਈ ਪ੍ਰਚਾਰ ਕਰਨਾ ਪੈ ਰਿਹਾ ਹੈ। ਸੁਖਦੀਪ ਨੇ ਦੱਸਿਆ ਕਿ ਉਹ ਪਾਰਟੀ ਪ੍ਰਤੀ ਆਪਣਾ ਫਰਜ਼ ਪੂਰਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਬਣਨ ਤੋਂ ਪਹਿਲਾਂ ਉਹ ਫੋਟੋਗ੍ਰਾਫੀ ਦਾ ਕੰਮ ਕਰਦੇ ਸਨ ਅਤੇ ਪਾਰਟੀ ਦੇ ਕੰਮਾਂ ਅਤੇ ਬੱਚਿਆਂ ਦੀ ਪੜ੍ਹਾਈ ਲਈ ਉਨ੍ਹਾਂ ਨੇ ਕੈਮਰਾ ਵੇਚ ਦਿੱਤਾ। ਉਨ੍ਹਾਂ ਦੱਸਿਆ ਕਿ 4 ਮਹੀਨਿਆਂ 'ਚ ਉਹ ਕੰਗਾਲੀ ਦੀ ਕਗਾਰ 'ਤੇ ਆ ਗਏ ਹਨ। ਸੁਖਦੀਪ ਨੇ ਦੱਸਿਆ ਕਿ ਉਨ੍ਹਾਂ ਦੀ ਤੀਜੀ ਪੀੜ੍ਹੀ ਪਾਰਟੀ ਦੀ ਸੇਵਾ ਕਰ ਰਹੀ ਹੈ। ਸੁਖਦੀਪ ਨੇ ਕਿਹਾ ਕਿ ਇੱਥੇ ਵਰਕਰ ਦੀ ਕਦਰ ਨਹੀਂ ਹੈ। ਉਨ੍ਹਾਂ ਨੇ ਲੋਕ ਸਭਾ ਉਮੀਦਵਾਰ ਅਤੇ ਖੰਨਾ, ਪਾਇਲ ਅਤੇ ਸਮਰਾਲਾ ਦੇ ਵਿਧਾਇਕਾਂ 'ਤੇ ਵੀ ਭੇਦਭਾਵ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦੱਸਿਆ ਕਿ ਸਮਰਾਲਾ ਦੇ ਵਿਧਾਇਕ ਤੋਂ ਇਲਾਵਾ ਕੋਈ ਵੀ ਉਨ੍ਹਾਂ ਦਾ ਫੋਨ ਹੀ ਨਹੀਂ ਚੁੱਕਦਾ।