ਮਿਨਹਾਸ ਨੇ ਅਕਾਲੀ ਦਲ ਦਿੱਲੀ (ਸਰਨਾ) ਧੜੇ ਦੀ ਪਾਰਟੀ ਨੂੰ ਗਲੇ ਲਗਾਇਆ
Monday, Nov 09, 2020 - 05:53 PM (IST)
ਅੰਮ੍ਰਿਤਸਰ/ਨਵੀਂ ਦਿੱਲੀ (ਦੀਪਕ ਸ਼ਰਮਾ) : ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨੇੜੇ ਆਉਂਦੇ ਹੀ ਰਾਜਨੀਤਿਕ ਹਲਚਲ ਜ਼ੋਰਾਂ 'ਤੇ ਆ ਗਈ ਹੈ। ਪਾਰਟੀਆਂ ਆਪਣੇ ਆਧਾਰ ਨੂੰ ਮਜ਼ਬੂਤ ਕਰਨ 'ਚ ਲੱਗੀਆਂ ਹੋਈਆਂ ਹਨ। ਇਸ ਦੇ ਅਧੀਨ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਨੇ ਨਾਮਵਰ ਸਿੱਖਿਆ ਸ਼ਾਸਤਰੀ ਸੁਖਬੀਰ ਸਿੰਘ ਮਿਨਹਾਸ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ। ਮਿਨਹਾਸ ਇਸ ਤੋਂ ਪਹਿਲਾਂ ਸੀ. ਬੀ. ਐੱਸ. ਸੀ. ਦੇ ਮੈਂਬਰ ਰਹਿ ਚੁਕੇ ਹਨ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਵੀ ਸਨ, ਜਿਨ੍ਹਾਂ ਦੇ ਅਧੀਨ ਸਕੂਲ ਨੇ ਸਫ਼ਲਤਾ ਦੇ ਨਵੇਂ ਪਹਿਲੂਆਂ ਨੂੰ ਛੂਹਿਆ। ਇਹ ਜਾਣਨਯੋਗ ਹੈ ਕਿ ਸਾਬਕਾ ਸਿੱਖਿਆ ਸ਼ਾਸਤਰੀ ਨੇ ਪਹਿਲਾਂ ਵੀ ਵੱਧ ਰਹੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਚੁੱਕੀ ਅਤੇ ਹਮੇਸ਼ਾਂ ਜੀ. ਐੱਚ. ਪੀ. ਐੱਸ. ਦੇ ਵਿਗੜ ਰਹੇ ਹਾਲਾਤ 'ਤੇ ਚਿੰਤਾ ਜ਼ਾਹਰ ਕੀਤੀ ਹੈ। 43 ਸਾਲਾਂ ਤੋਂ ਵੱਧ ਦੇ ਤਜਰਬੇ ਵਾਲੇ ਐੱਸ. ਐੱਸ. ਮਿਨਹਾਸ ਨੇ ਪਾਰਟੀ ਦੀ ਮੈਬਰਸ਼ਿਪ ਲੈਣ ਉਪਰੰਤ ਪਾਰਟੀ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਦਾ ਧੰਨਵਾਦ ਕਰਦਿਆਂ ਹੋਇਆਂ ਪੰਥਕ ਰਾਹ 'ਤੇ ਚੱਲਦਿਆਂ ਸਿਖ ਕੌਮ ਦੀ ਸੇਵਾ ਕਰਨ ਦਾ ਪ੍ਰਣ ਕੀਤਾ। ਇਸ ਦੌਰਾਨ ਪਾਰਟੀ ਮੁਖੀ ਸਰਦਾਰ ਸਰਨਾ ਵੀ ਖ਼ੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਮਿਨਹਾਸ ਜੀ ਦੇ ਮੋਢਿਆਂ 'ਤੇ ਮਹੱਤਵਪੂਰਣ ਜ਼ਿੰਮੇਵਾਰੀ ਦੇਣ ਦੀ ਗੱਲ ਕਹੀ। ਤੁਹਾਡੇ ਆਉਣ ਨਾਲ ਸਾਡੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪਰਿਵਾਰ ਨੂੰ ਨਵੀਂ ਤਾਕਤ ਅਤੇ ਦਿਸ਼ਾ ਮਿਲੇਗੀ। ਮੈਂਬਰ ਸਾਹਿਬਾਨ ਨੂੰ ਸੰਬੋਧਨ ਕਰਦਿਆਂ ਸਰਨਾ ਨੇ ਕਿਹਾ,''ਅੱਜ ਸਿੱਖ ਪੰਥ ਨੂੰ ਤੁਹਾਡੇ ਸਾਰਿਆਂ ਦੀ ਸਖ਼ਤ ਜ਼ਰੂਰਤ ਹੈ। ਸਾਡੇ ਵਿੱਦਿਅਕ ਘਰ ਅਤੇ ਗੁਰੂ ਘਰ ਉੱਜੜ ਰਹੇ ਹਨ। ਪੰਥ ਦੇ ਆਗੂ ਰਾਜਨੀਤੀ ਦੀ ਆੜ 'ਚ ਸਭ ਕੁਝ ਵਿਗਾੜ ਰਹੇ ਹਨ। ਸਾਨੂੰ ਸਾਰਿਆਂ ਨੂੰ ਮਿਲ ਕੇ ਚੱਲਣਾ ਹੈ ਅਤੇ ਮਿਲ ਕੇ ਕੰਮ ਕਰਨਾ ਹੈ।''
ਇਹ ਵੀ ਪੜ੍ਹੋ : ਬਾਦਲ ਧੜਾ ਆਪਣੀ ਜ਼ਮੀਰ ਨੂੰ ਜਗਾਵੇ, ਗੋਲਕ ਦੀ ਅੰਨ੍ਹੀ ਲੁੱਟ 'ਤੇ ਖੋਲ੍ਹੇ ਜ਼ੁਬਾਨ : ਹਰਪ੍ਰੀਤ ਸਿੰਘ ਬੰਨੀ
ਮੈਂਬਰਸ਼ਿਪ ਮੁਹਿੰਮ ਦੀ ਅਗਵਾਈ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਸਰਦਾਰ ਰਮਨਦੀਪ ਸਿੰਘ ਸੋਨੂੰ ਨੇ ਕੀਤੀ। ਸੋਨੂੰ ਨੇ ਨਵੇਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ,“ਉਹ ਸਮਾਂ ਆ ਗਿਆ ਹੈ ਜਦੋਂ ਅਸੀਂ ਕੌਮ ਦੀਆਂ ਵਿਗੜਦੀਆਂ ਸਥਿਤੀਆਂ ਵੇਖ ਕੇ ਜਾਗ ਜਾਈਏ। ਅੱਜ ਗੁਰੂ ਦੀ ਗੋਲਕ ਖ਼ਾਲੀ ਹੈ। ਅਧਿਆਪਕਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ। ਸਿੱਖ ਬੱਚਿਆਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ। ਸਿੱਖਾਂ ਦੀਆਂ ਲਾਸ਼ਾਂ ਸੜਕਾਂ 'ਤੇ ਪਈਆਂ ਹਨ। ਕੋਈ ਵੇਖਣ ਵਾਲਾ ਨਹੀਂ ਰਿਹਾ ਅਤੇ ਤੁਹਾਡੇ ਡੀ. ਐੱਸ. ਜੀ. ਐੱਮ. ਸੀ. ਮੈਂਬਰ ਸਿਰਫ ਮਾੜੀ ਰਾਜਨੀਤੀ ਵਿੱਚ ਰੁੱਝੇ ਹੋਏ ਹਨ। ਸੰਗਤਾਂ ਨੂੰ ਭਰਮਾਇਆ ਜਾ ਰਿਹਾ ਹੈ।'' ਰਾਜਨੀਤਕ ਵਿਸ਼ਲੇਸ਼ਕਾਂ ਦੇ ਅਨੁਸਾਰ ਮਿਨਹਾਸ ਦੀ ਮੈਂਬਰਸ਼ਿਪ ਇਸ ਲਈ ਮਹੱਤਵਪੂਰਨ ਮੰਨੀ ਜਾਂਦੀ ਹੈ ਕਿਉਂਕਿ ਇਸ ਨਾਲ ਦੱਖਣੀ ਦਿੱਲੀ ਹਲਕੇ 'ਚ ਸਰਨਾ ਦਲ ਨੂੰ ਬਹੁਤ ਤਾਕਤ ਮਿਲੇਗੀ। ਇਕ ਸਾਫ਼ ਚਿੱਤਰ ਵਾਲੇ ਸਿੱਖਿਆ ਸ਼ਾਸਤਰੀ ਦੀ ਆਮਦ ਨਾਲ ਪਾਰਟੀ ਵਿਚ ਇਕ ਨਵਾਂ ਜੋਸ਼ ਆਉਣਾ ਨਿਸ਼ਚਤ ਹੈ।
ਇਹ ਵੀ ਪੜ੍ਹੋ : 'ਆਪ' ਦੀ ਮੰਗ , ਗੁੰਮ ਹੋਏ ਸਰੂਪਾਂ ਦੇ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਰਿਟਾਇਰਡ ਸਿੱਖ ਜੱਜਾਂ ਤੋਂ ਕਰਵਾਈ ਜਾਵੇ