ਨਵਜੋਤ ਸਿੱਧੂ ਵੱਲੋਂ ਕੀਤੀ ਗਈ 'ਭੁੱਖ ਹੜਤਾਲ' ਨੂੰ ਸੁਖਬੀਰ ਨੇ ਦੱਸਿਆ ਡਰਾਮਾ, ਕਿਹਾ-ਕਰ ਰਿਹੈ ਸਰਕਸ
Saturday, Oct 09, 2021 - 06:05 PM (IST)
ਜਲੰਧਰ (ਵੈੱਬ ਡੈਸਕ)- ਨਵਜੋਤ ਸਿੰਘ ਸਿੱਧੂ ਵੱਲੋਂ ਲਖੀਮਪੁਰ ਖੀਰੀ ਦੀ ਹਿੰਸਾ ਵਿਚ ਮਾਰੇ ਗਏ ਕਿਸਾਨਾਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕੀਤੀ ਗਈ ਭੁੱਖ ਹੜਤਾਲ ਨੂੰ ਸੁਖਬੀਰ ਸਿੰਘ ਬਾਦਲ ਨੇ ਡਰਾਮਾ ਕਰਾਰ ਦਿੱਤਾ ਹੈ। ਦਰਅਸਲ ਸੁਖਬੀਰ ਸਿੰਘ ਬਾਦਲ ਅੱਜ ਜਲੰਧਰ ਵਿਖੇ ਅਕਾਲੀ ਦਲ ਅਤੇ ਬਸਪਾ ਵੱਲੋਂ ਕੀਤੀ ਗਈ ਭੁੱਲ ਸੁਧਾਰ ਰੈਲੀ ਵਿਚ ਪਹੁੰਚੇ ਸਨ। ਇਸ ਦੌਰਾਨ ਜਦੋਂ ਮੀਡੀਆ ਵੱਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਕੀਤੀ ਗਈ ਕਥਿਤ ਭੁੱਖ ਹੜਤਾਲ ਬਾਰੇ ਪੁੱਛਿਆ ਗਿਆ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਨਾ ਸਿਰਫ਼ ਭੁੱਖ ਹੜਤਾਲ ਦੇ ਨਾਂ ’ਤੇ ਡਰਾਮਾ ਕੀਤਾ ਸਗੋਂ ਪੱਤਰਕਾਰ ਰਮਨ ਕਸ਼ਯਪ ਦੀ ਰਿਹਾਇਸ਼ ’ਤੇ ਇਹ ਡਰਾਮਾ ਕਰਕੇ ਉਨ੍ਹਾਂ ਦੀ ਯਾਦ ਦਾ ਵੀ ਅਪਮਾਨ ਕੀਤਾ।
'ਭੁੱਲ ਸੁਧਾਰ ਰੈਲੀ’ ਦੌਰਾਨ ਸੁਖਬੀਰ ਦਾ ਵੱਡਾ ਐਲਾਨ, ਦੋਆਬੇ ’ਚ ਬਣੇਗਾ ਕਾਂਸ਼ੀ ਰਾਮ ਜੀ ਦੇ ਨਾਂ ’ਤੇ ਮੈਡੀਕਲ ਕਾਲਜ
ਉਨ੍ਹਾਂ ਕਿਹਾ ਕਿ ਤੁਸੀਂ ਦੱਸੋ ਕਿ ਇਕ ਵਿਅਕਤੀ ਨੇ ਰਾਤ ਨੁੰ ਰੱਜ ਕੇ ਰੋਟੀ ਖਾਧੀ ਅਤੇ ਸਵੇਰ ਦੇ ਨਾਸ਼ਤੇ ਤੋਂ ਪਹਿਲਾਂ ਹੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਤਾਂ ਕੀ ਇਹ ਭੁੱਖ ਹੜਤਾਲ ਹੁੰਦੀ ਹੈ ? ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਿੱਧੂ ਨੇ ਕੈਮਰਿਆਂ ਦਾ ਧਿਆਨ ਖਿੱਚਣ ਵਾਸਤੇ ਇਹ ਸਰਕਸ ਕੀਤੀ ਜਦਕਿ ਉਸ ਨੂੰ ਕੇਂਦਰੀ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੀ ਗੱਡੀ ਹੇਠ ਕੁਚਲੇ ਗਏ ਚਾਰ ਕਿਸਾਨਾਂ ਅਤੇ ਪੱਤਰਕਾਰ ਲਈ ਨਿਆਂ ਯਕੀਨੀ ਬਣਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ।
ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਲਖੀਮਪੁਰ ਘਟਨਾ ਦੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਲਈ 5-5 ਲੱਖ ਦੇਣ ਦਾ ਐਲਾਨ
ਉਨ੍ਹਾਂ ਕਿਹਾ ਕਿ ਇਹ ਹੋਰ ਵੀ ਮੰਦਭਾਗੀ ਗੱਲ ਹੈ ਕਿ ਸਿੱਧੂ ਨੇ ਅਸ਼ੀਸ਼ ਵੱਲੋਂ ਪੁੱਛਗਿੱਛ ਲਈ ਪੇਸ਼ ਹੋਣ ਦਾ ਬਹਾਨਾ ਬਣਾਇਆ ਜਦਕਿ ਕੱਲ੍ਹ ਤੋਂ ਇਹ ਸਪਸ਼ਟ ਹੋ ਰਿਹਾ ਸੀ ਕਿ ਉਹ ਪੁੱਛਗਿੱਛ ਲਈ ਪੁਲਸ ਸਾਹਮਣੇ ਪੇਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਅਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਦੀ ਮੰਗ ਤਾਂ ਹਾਲੇ ਪੂਰੀ ਹੋਣੀ ਬਾਕੀ ਹੈ। ਸਰਦਾਰ ਬਾਦਲ ਨੇ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰਨ ਵਿਚ ਦੇਰੀ ਦੀ ਵੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੁੰ ਬਰਖ਼ਾਸਤ ਕੀਤਾ ਜਾਵੇ, ਜਿਨ੍ਹਾਂ ਨੇ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖ਼ਿਲਾਫ਼ ਹਿੰਸਾ ਭੜਕਾ ਕੇ ਲਖੀਮਪੁਰ ਖੀਰੀ ਦਾ ਮਾਹੌਲ ਖ਼ਰਾਬ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਕਿਸਾਨਾਂ ਵੱਲੋਂ ਅਕਾਲੀ ਦਲ-ਬਸਪਾ ਦੀ ‘ਭੁੱਲ ਸੁਧਾਰ ਰੈਲੀ’ ਦਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ