ਲੋਕ ਸਭਾ ਚੋਣਾਂ ''ਚ 5ਵੀਂ ਵਾਰ ਕਿਸਮਤ ਅਜ਼ਮਾਉਣਗੇ ਸੁਖਬੀਰ ਬਾਦਲ, ਜਾਣੋ ਪਿਛੋਕੜ

04/23/2019 2:58:31 PM

ਜਲੰਧਰ— ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਟੱਕਰ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਮੈਦਾਨ 'ਚ ਉਤਰ ਗਏ ਹਨ।  ਕੇਂਦਰ 'ਚ ਭਾਜਪਾ ਦੀ ਭਾਈਵਾਲ ਅਕਾਲੀ ਜਲ ਵੱਲੋਂ ਆਪਣੇ ਹਿੱਸੇ ਦੇ 10 ਮੈਂਬਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਉਥੇ ਹੀ ਭਾਜਪਾ ਵੱਲੋਂ ਅਜੇ ਤੱਕ ਸਿਰਫ ਇਕ ਹੀ ਸੀਟ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਂਗਰਸ ਅਤੇ ਪੰਜਾਬ ਡੈਮੋਕ੍ਰੇਟਿਕ ਪਾਰਟੀ ਵੱਲੋਂ 13 ਦੀਆਂ 13 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਮੈਦਾਨ 'ਚ ਉਤਰਣ ਦੇ ਕਾਰਨ ਫਿਰੋਜ਼ਪੁਰ ਸੀਟ 'ਤੇ ਮੁਕਾਬਲਾ ਹੌਟ ਹੋ ਗਿਆ ਹੈ। ਸੁਖਬੀਰ ਸਿੰਘ ਬਾਦਲ ਪੰਜਾਬ ਦੇ ਦੋ ਵਾਰ ਉੱਪ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਵਾਜਪੇਈ ਦੀ ਸਰਕਾਰ ਦੇ ਸਮੇਂ ਸੁਖਬੀਰ ਬਾਦਲ ਨੂੰ ਕੇਂਦਰੀ ਉਦਯੋਗ ਰਾਜ ਮੰਤਰੀ ਵੀ ਬਣਾਇਆ ਗਿਆ ਸੀ। ਸੁਖਬੀਰ ਸਿੰਘ ਬਾਦਲ ਹੁਣ ਤੱਕ 4 ਵਾਰ ਲੋਕ ਸਭਾ ਚੋਣਾਂ ਲੜ ਚੁੱਕੇ ਹਨ, ਜਿਨ੍ਹਾਂ 'ਚੋਂ ਤਿੰਨ ਵਾਰ ਜਿੱਤੇ ਅਤੇ ਇਕ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੁਖਬੀਰ ਸਿੰਘ ਬਾਦਲ ਹੁਣ 5ਵੀਂ ਵਾਰ ਲੋਕ ਸਭਾ ਚੋਣਾਂ 'ਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ। 
ਜਾਣੋ ਕੀ ਹੈ ਸੁਖਬੀਰ ਸਿੰਘ ਬਾਦਲ ਦਾ ਪਿਛੋਕੜ 
ਸੁਖਬੀਰ ਸਿੰਘ ਬਾਦਲ ਦਾ ਜਨਮ 9 ਜੁਲਾਈ 1962 'ਚ ਫਰੀਦਕੋਟ ਵਿਖੇ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ। ਸੁਖਬੀਰ ਸਿੰਘ ਬਾਦਲ ਨੇ ਆਪਣੀ ਮੁੱਢਲੀ ਸਿੱਖਿਆ ਲਾਅਰੈਂਸ ਸਕੂਲ ਮਨਾਵਰ ਤੋਂ ਹਾਸਲ ਕੀਤੀ। ਸੁਖਬੀਰ ਸਿੰਘ ਬਾਦਲ ਨੇ 1980 ਤੋਂ 1984 ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਰਥਸ਼ਾਸਤਰ 'ਚ ਐੱਮ.ਏ. ਦੀ ਡਿਗਰੀ ਹਾਸਲ ਕੀਤੀ। ਸੁਖਬੀਰ ਸਿੰਘ ਬਾਦਲ ਨੇ ਆਪਣੀ ਐੱਮ. ਬੀ. ਏ. ਦੀ ਪੜ੍ਹਾਈ ਕੈਲੀਫੋਰਨੀਆਂ ਸਟੇਟ ਯੂਨੀਵਰਸਿਟੀ ਲਾਸ ਏਜਲੰਸ (ਅਮਰੀਕਾ) ਤੋਂ ਹਾਸਲ ਕੀਤੀ। 11ਵੀਂ ਅਤੇ 12ਵੀਂ ਲੋਕ ਸਭਾ 'ਚ ਸੁਖਬੀਰ ਫਰੀਦਕੋਟ ਤੋਂ ਜਿੱਤੇ ਸਨ। ਸੁਖਬੀਰ ਸਿੰਘ ਬਾਦਲ 2001 ਤੋਂ 2004 ਦੌਰਾਨ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ ਅਤੇ 2004 'ਚ 14ਵੀਂ ਲੋਕ ਸਭਾ ਦੇ ਕਾਰਜਕਾਲ ਲਈ ਫਰੀਦਕੋਟ ਤੋਂ ਫਿਰ ਤੋਂ ਚੁਣੇ ਗਏ ਸਨ। 

PunjabKesari
1996 'ਚ ਰੱਖਿਆ ਸਿਆਸਤ 'ਚ ਕਦਮ 
ਸੁਖਬੀਰ ਸਿੰਘ ਬਾਦਲ ਨੇ ਸਾਲ 1996 'ਚ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿੱਥੇ ਕਾਂਗਰਸ ਦੇ ਉਮੀਦਵਾਰ ਦੇ ਕੰਵਲਜੀਤ ਕੌਰ ਖਿਲਾਫ ਫਰੀਦਕੋਟ ਤੋਂ ਲੋਕ ਸਭਾ ਦੀ ਚੋੜ ਲੜੀ ਸੀ। ਇਨ੍ਹਾਂ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਨੇ 305669 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਸੀ ਅਤੇ ਕੰਵਲਜੀਤ ਕੌਰ ਨੂੰ 267811 ਵੋਟਾਂ ਮਿਲੀਆਂ ਹਨ ਅਤੇ ਇਨ੍ਹਾਂ ਨੂੰ ਸੁਖਬੀਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੀ ਵਾਰ ਸੁਖਬੀਰ ਸਿੰਘ ਬਾਦਲ 1998 'ਚ ਕਾਂਗਰਸ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਖਿਲਾਫ ਲੜੇ ਸਨ, ਜਿੱਥੇ ਇਨ੍ਹਾਂ ਨੂੰ 439749 ਵੋਟਾਂ ਮਿਲੀਆਂ ਜਦਕਿ ਜਗਮੀਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਗਮੀਤ ਸਿੰਘ ਬਰਾੜ ਨੂੰ 404790 ਵੋਟਾਂ ਮਿਲੀਆਂ ਸਨ। 

ਸਾਲ 1999 'ਚ ਸੁਖਬੀਰ ਸਿੰਘ ਦਾ ਮੁਕਾਬਲਾ ਫਿਰ ਤੋਂ ਕਾਂਗਰਸ ਦੇ ਜਗਮੀਤ ਬਰਾੜ ਨਾਲ ਹੋਇਆ, ਜਿੱਥੇ ਇਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸੁਖਬੀਰ ਸਿੰਘ ਬਾਦਲ ਨੂੰ 413306 ਜਦਕਿ ਜਗਮੀਤ ਬਰਾੜ ਨੂੰ 418454 ਵੋਟਾਂ ਮਿਲੀਆਂ ਸਨ। ਸਾਲ 2004 'ਚ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀ ਉਮੀਦਵਾਰ ਕਰਨ ਕੌਰ ਬਰਾੜ ਖਿਲਾਫ ਲੋਕ ਸਭਾ ਚੋਣ ਲੜੀ ਸੀ ਅਤੇ ਸੰਸਦ ਮੈਂਬਰ ਬਣੇ ਬਣੇ ਸਨ। ਇਨ੍ਹਾਂ ਨੂੰ 475928 ਵੋਟਾਂ ਮਿਲੀਆਂ ਸਨ ਜਦਕਿ ਕਰਨ ਕੌਰ ਬਰਾੜ ਨੂੰ 340649 ਵੋਟਾਂ ਮਿਲੀਆਂ ਸਨ। 

PunjabKesari

ਸਾਲ 2008 'ਚ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ। ਸਾਲ 2009 'ਚ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਉੱਪ ਮੁੱਖ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਸੁਖਬੀਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਨਹੀਂ ਸਨ ਪਰ ਅਸੈਂਬਲੀ ਚੋਣ ਲੜਨ ਲਈ ਅਤੇ ਵਿਵਾਦਾਂ ਕਾਰਨ 6 ਮਹੀਨਿਆਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੀ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਾਲ 2009 'ਚ ਉਨ੍ਹਾਂ ਨੇ ਜਲਾਲਾਬਾਦ ਤੋਂ ਵਿਧਾਨ ਸਭਾ ਖੇਤਰ ਤੋਂ ਉੱਪ ਚੋਣ ਲੜੀ ਅਤੇ ਫਿਰ ਤੋਂ ਅਗਸਤ 2009 'ਚ ਉੱਪ ਮੁੱਖ ਮੰਤਰੀ ਬਣੇ ਅਤੇ 2009 ਤੋਂ ਲੈ ਕੇ 2017 ਤੱਕ ਉੱਪ ਮੁੱਖ ਮੰਤਰੀ ਰਹੇ। 

ਸਾਲ 2012 'ਚ ਸੁਖਬੀਰ ਮੁੜ ਜਲਾਲਾਬਾਦ ਤੋਂ ਚੁਣੇ ਗਏ ਅਤੇ ਉੱਪ ਮੁੱਖ ਮੰਤਰੀ ਬਣੇ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਤੋਂ 'ਆਪ' ਦੇ ਉਮੀਦਵਾਰ ਭਗਵੰਤ ਮਾਨ ਅਤੇ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ ਹਰਾਇਆ ਸੀ। ਇਸ ਦੌਰਾਨ ਸੁਖਬੀਰ ਨੂੰ 75271 ਵੋਟਾਂ ਮਿਲੀਆਂ ਸਨ ਜਦਕਿ ਭਗਵੰਤ ਮਾਨ ਨੂੰ 56771 ਵੋਟਾਂ ਹਾਸਲ ਹੋਈਆਂ ਸਨ। ਸੁਖਬੀਰ ਸਿੰਘ ਬਾਦਲ ਇਸ ਸਮੇਂ ਜਲਾਲਾਬਾਦ ਤੋਂ ਵਿਧਾਇਕ ਵੀ ਹਨ।


shivani attri

Content Editor

Related News