ਸੁਖਬੀਰ ਬਾਦਲ ਦਾ ਵੱਡਾ ਬਿਆਨ, ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦੀਆਂ ਛੇਤੀ ਖੁੱਲ੍ਹਣਗੀਆਂ ਪਰਤਾਂ

09/01/2022 1:48:20 PM

ਜਲੰਧਰ- ਪੰਜਾਬ ਦੀ ਸਿਆਸਤ ’ਚ ਵਿਰੋਧੀ ਧਿਰਾਂ ’ਚ ਬੈਠੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪਾਰਟੀਆਂ ਇਨ੍ਹੀਂ ਦਿਨੀਂ ਕਾਫ਼ੀ ਚੁਣੌਤੀਆਂ ’ਚੋਂ ਲੰਘ ਰਹੀਆਂ ਹਨ। ਸਭ ਤੋਂ ਵੱਡਾ ਚੈਲੰਜ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਬਣਿਆ ਹੋਇਆ ਹੈ, ਜਿੱਥੇ ਉਨ੍ਹਾਂ ਨੇ ਇਕ ਪਾਸੇ ਮੁੜ ਪਾਰਟੀ ਨੂੰ ਖੜ੍ਹਾ ਕਰਨਾ ਹੈ, ਉਥੇ ਹੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਸਰਕਾਰ ਨੂੰ ਘੇਰਣਾ ਵੀ ਹੈ। ਸੱਤਾ ਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ’ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇਨ੍ਹਾਂ ਸਾਰੇ ਇਲਜ਼ਾਮਾਂ ’ਤੇ ਅਤੇ ਪਾਰਟੀ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਮੁੱਦੇ ਸਣੇ ਪੰਜਾਬ ਦੇ ਕਈ ਹੋਰ ਮੁੱਦਿਆਂ ’ਤੇ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ, ਜਿਸ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਾਰੇ ਸਵਾਲਾਂ ਦੇ ਬੇਬਾਕੀ ਨਾਲ ਜਵਾਬ ਦਿੱਤੇ ਗਏ। ਪੇਸ਼ ਹਨ ਗੱਲਬਾਤ ਦੇ ਕੁਝ ਪ੍ਰਮੁੱਖ ਅੰਸ਼-

ਲੋਕ ਕਹਿੰਦੇ ਹਨ ਕਿ ਅਕਾਲੀ ਦਲ ਹਾਸ਼ੀਏ ’ਤੇ ਆ ਗਿਆ ਹੈ ਅਤੇ ਸਥਿਤੀ ਬੇਹੱਦ ਖ਼ਰਾਬ ਹੋ ਗਈ ਹੈ, ਕੀ ਕਹੋਗੇ?
ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੇਹੱਦ ਪੁਰਾਣਾ ਹੈ। ਅੱਜ ਵੀ ਜੇਕਰ ਕੋਈ ਪੰਜਾਬੀਆਂ ਦੀ ਜਾਂ ਫਿਰ ਸਿੱਖ ਪੰਥ ਦੀ ਆਵਾਜ਼ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ। ਸਿੱਖ ਬੇਹੱਦ ਭਾਵਨਾਤਮਕ ਹੁੰਦੇ ਹਨ। ਪਿਛਲੀਆਂ 2 ਵਾਰ ਦੀਆਂ ਚੋਣਾਂ ’ਚ ਕਾਂਗਰਸ ਅਤੇ 'ਆਪ' ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਵੋਟਾਂ ਬਟੋਰੀਆਂ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਸਰਕਾਰ ਲਿਆਉਣ ਲਈ ਗੁਟਕਾ ਸਾਹਿਬ ਦੀ ਸਹੁੰ ਚੁੱਕੀ, ਜਿਸ ਨਾਲ ਸਾਡੇ ਵਰਕਰ ਵੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਤਰੀਕੇ ਨਾਲ ਖਾਧੀ ਸਹੁੰ ਕਾਰਨ ਸੋਚਣ ਲਈ ਮਜਬੂਰ ਹੋ ਗਏ। ਅਕਸਰ ਅਸੀਂ ਪਿੰਡਾਂ ’ਚ ਲੋਕ ਫ਼ੈਸਲੇ ਕਰਵਾਉਣ ਵੇਲੇ ਗੁਰੂ ਘਰ ਜਾ ਕੇ ਸਹੁੰ ਖੁਆ ਕੇ ਇਨਸਾਫ਼ ਕਰਦੇ ਹਨ ਤਾਂ ਲੋਕਾਂ ਲਈ ਤਾਂ ਸਰਵਉੱਚ ਗੁਰੂ ਘਰ ਹੀ ਸੀ। ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਦੀਆਂ ਇਨ੍ਹਾਂ ਭਾਵਨਾਵਾਂ ਨਾਲ ਖੇਡ ਕੇ ਹੀ ਸੱਤਾ ਹਾਸਲ ਕੀਤੀ। ਹੁਣ ਇਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਵੀ ਲੋਕਾਂ ਨਾਲ ਅਜਿਹਾ ਹੀ ਕੀਤਾ। ਲੋਕਾਂ ਨਾਲ ਗਾਰੰਟੀਆਂ ਵਜੋਂ ਜੋ ਵਾਅਦੇ ਕੀਤੇ, ਉਹ ਵੀ ਪੂਰੇ ਨਹੀਂ ਕੀਤੇ ਜਾ ਰਹੇ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਨਸ਼ੇ ਲਈ ਪੈਸੇ ਨਾ ਦੇਣ ’ਤੇ ਨੌਜਵਾਨ ਨੇ ਫੁੱਫੜ ਦਾ ਬੇਰਹਿਮੀ ਨਾਲ ਕੀਤਾ ਕਤਲ

‘ਸ਼ਰਾਬ ਨੀਤੀ ਨਾਲ ਹੋਇਆ 500 ਕਰੋੜ ਦਾ ਸਕੈਮ’
ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਇਸ ਵੇਲੇ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਸਕੈਮ ਕਰ ਰਹੇ ਹਨ। ਪੰਜਾਬ ਵਿਚ ਲੀਕਰ ਸਕੈਮ ਹੋਇਆ, ਜਿਸ ਦੀਆਂ ਪਰਤਾਂ ਖੁੱਲ੍ਹਣ ਵਾਲੀਆਂ ਹਨ, ਜਿਸ ਕਾਰਨ ਇਹ ਹੁਣ ਘਬਰਾਏ ਬੈਠੇ ਹਨ। ਦਿੱਲੀ ਵਿਚ ਵੀ ਲੀਕਰ ਸਕੈਮ ਹੋਇਆ, ਜਿਸ ਦੀ ਜਾਂਚ ਹੁਣ ਸੀ. ਬੀ. ਆਈ. ਕਰ ਰਹੀ ਹੈ। ਲੀਕਰ ਟਰੇਡ ਵਿਚ 3 ਚੀਜ਼ਾਂ ਮੈਨੂਫੈਕਚਰਿੰਗ, ਐੱਲ 1 ਠੇਕੇਦਾਰ ਅਤੇ ਫਿਰ ਦੁਕਾਨਦਾਰ ਆਉਂਦੇ ਹਨ। ਇਨ੍ਹਾਂ ਨੇ ਨਵੀਂ ਪਾਲਿਸੀ ਨਾਲ ਦੁਕਾਨਦਾਰਾਂ ਦੇ ਐੱਲ 1 ਲਾਈਸੈਂਸ ਲੈਣ ਉੱਤੇ ਰੋਕ ਲਗਾ ਦਿੱਤੀ ਹੈ। ਪਹਿਲਾਂ ਐੱਲ 1 ਲਾਈਸੈਂਸ ਧਾਰਕ ਸ਼ਰਾਬ ਵਪਾਰ ਵਿਚ ਮੁਕਾਬਲੇਬਾਜ਼ੀ ਪੈਦਾ ਕਰਦੇ ਸਨ ਪਰ ਹੁਣ ਨਵੀਂ ਪਾਲਿਸੀ ਮਗਰੋਂ ਪੂਰੇ ਪੰਜਾਬ ਵਿਚ ਸਿਰਫ਼ ਇਕ ਐੱਲ 1 ਲਾਈਸੈਂਸ ਧਾਰਕ ਬਣਾ ਦਿੱਤਾ। ਜੋ ਹੁਣ ਫ਼ੈਸਲਾ ਕਰ ਰਿਹਾ ਹੈ ਕਿ ਉਹ ਪ੍ਰਚੂਨ ਦੁਕਾਨਦਾਰਾਂ ਨੂੰ ਕਿਸ ਭਾਅ ਸ਼ਰਾਬ ਵੇਚੇਗਾ। ਹੁਣ ਜਿਸ ਕੰਪਨੀ ਨੂੰ ਸਾਰਾ ਕੁਝ ਦੇ ਦਿੱਤਾ ਗਿਆ, ਉਸ ਦਾ ਮਾਰਜਨ ਦੋਗੁਣਾ ਕਰ ਦਿੱਤਾ ਗਿਆ। ਆਖਿਰ ਸਰਕਾਰ ਕੋਲ ਜਵਾਬ ਹੈ ਕਿ ਸਰਕਾਰ ਨੇ ਐੱਲ 1 ਲਾਈਸੈਂਸ ਧਾਰਕ ਕੰਪਨੀ ਦਾ ਮਾਰਜਨ ਕਿਉਂ ਵਧਾ ਦਿੱਤਾ। ਇਹ ਸਿੱਧੇ ਤੌਰ ਉੱਤੇ ਸਕੈਮ ਹੈ। ਜੇਕਰ ਇਹ ਪਾਲਿਸੀ ਸਹੀ ਸੀ ਤਾਂ ਫਿਰ ਦਿੱਲੀ ਵਿਚ ਵਾਪਸ ਕਿਉਂ ਲੈ ਲਈ ਗਈ। ਮੈਂ ਇਸ ਬਾਰੇ ਪਹਿਲਾਂ ਵੀ ਬਿਆਨ ਜਾਰੀ ਕੀਤਾ ਸੀ, ਉਸ ਬਾਰੇ ਐਕਸਾਈਜ਼ ਮੰਤਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਪੰਜਾਬ ਸਰਕਾਰ ਵਿਚ ਸ਼ਾਮਲ ਇਕ ਸੀਨੀਅਰ ਆਗੂ ਨਾਲ ਦਿੱਲੀ ਦੇ ਇਕ ਵੱਡੇ ਆਗੂ ਦੇ ਘਰ ਬੈਠਕ 30 ਤਰੀਕ ਨੂੰ ਹੋਈ, ਜਿਸ ਵਿਚ ਪੰਜਾਬ ਦੇ ਕਈ ਵੱਡੇ ਅਫ਼ਸਰ ਵੀ ਸ਼ਾਮਲ ਸਨ। ਆਖਿਰ ਦਿੱਲੀ ਦਾ ਇਹ ਆਗੂ ਪੰਜਾਬ ਦੇ ਅਧਿਕਾਰੀਆਂ ਦੀ ਬੈਠਕ ਕਿਵੇਂ ਕਰ ਗਿਆ? ਇਕ ਨਹੀਂ ਨਵੀਂ ਐਕਸਾਈਜ਼ ਪਾਲਿਸੀ ਲਈ ਕਈ ਬੈਠਕਾਂ ਦਿੱਲੀ ਵਿਚ ਹੋਈਆਂ ਪਰ ਸਰਕਾਰ ਇਸ ਬਾਰੇ ਕੁਝ ਕਿਉਂ ਨਹੀਂ ਬੋਲ ਰਹੀ। ਮੈਂ ਇਕ ਚੈਲੰਜ ਕਰਦਾ ਹਾਂ ਕਿ ਜਿਨ੍ਹਾਂ ਅਫ਼ਸਰਾਂ ਦੀ ਮੈਂ ਮੀਟਿੰਗ ਵਿਚ ਸ਼ਾਮਲ ਹੋਣ ਬਾਰੇ ਗੱਲ ਕਰ ਰਿਹਾ ਹਾਂ, ਉਨ੍ਹਾਂ ਦੀਆਂ ਤਾਰੀਖ਼ਾਂ ਦੇ ਹਿਸਾਬ ਨਾਲ ਲੋਕੇਸ਼ਨਾਂ ਕਢਵਾ ਲਓ, ਤਹਾਨੂੰ ਸਾਰੀ ਸਥਿਤੀ ਸਾਫ਼ ਹੋ ਜਾਵੇਗੀ।

ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ’ਚ ਕੀਤੇ ਜਾ ਰਹੇ ਸੁਧਾਰ ਨੂੰ ਕਿਵੇਂ ਵੇਖਦੇ ਹੋ?
ਵਿਕਾਸ ਕਰਨ ਦਾ ਇਹ ਮਤਲਬ ਨਹੀਂ ਕਿ ਭ੍ਰਿਸ਼ਟਾਚਾਰ ਕੀਤਾ ਜਾਵੇ। ਵਿਕਾਸ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਮੁਹੱਲਾ ਕਲੀਨਿਕ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਵਾਅਦਾ ਸੀ ਕਿ ਅਸੀਂ ਹਰ ਮੁਹੱਲੇ ’ਚ ਕਲੀਨਿਕ ਖੋਲ੍ਹਾਂਗੇ। ਪੰਜਾਬ ਵਿਚ 2 ਲੱਖ ਤੋਂ ਵੱਧ ਮੁਹੱਲੇ ਹਨ। ਜਦਕਿ ਸਰਕਾਰ ਨੇ ਮੁਹੱਲਾ ਕਲੀਨਿਕ ਸਿਰਫ਼ 70 ਖੋਲ੍ਹੇ ਹਨ। ਉਹ ਕਲੀਨਿਕ ਵੀ ਉਸ ਥਾਂ ਖੋਲ੍ਹੇ ਗਏ, ਜਿਨ੍ਹਾਂ ਬਿਲਡਿੰਗਾਂ ਵਿਚ ਅਸੀਂ ਸੇਵਾ ਕੇਂਦਰ ਖੋਲ੍ਹੇ ਸਨ। ਅੱਜ ਸਾਡੀ ਸਰਕਾਰ ਦੇ ਸਮੇਂ ਦੀਆਂ ਬਣੀਆਂ ਬਿਲਡਿੰਗਾਂ ਵਿਚ 20 ਲੱਖ ਦਾ ਖ਼ਰਚਾ ਵਿਖਾ ਕੇ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਗਏ। ਹਰ ਬਿਲਡਿੰਗ ਵਿਚ ਇਨ੍ਹਾਂ ਨੇ 20 ਲੱਖ ਆਖਿਰ ਕਿਥੇ ਖ਼ਰਚ ਦਿੱਤਾ? ਇਹ ਵੀ ਸਕੈਮ ਨਿਕਲੇਗਾ। 10 ਲੱਖ ਦੀ ਬਿਲਡਿੰਗ ’ਤੇ 20 ਲੱਖ ਕਿਵੇਂ ਖ਼ਰਚ ਦਿੱਤਾ। ਪੰਜਾਬ ਵਿਚ ਸਰਕਾਰ ਦੇ 5 ਹਜ਼ਾਰ ਮੈਡੀਕਲ ਸੈਂਟਰ ਹਨ। ਜਿੱਥੇ ਡਾਕਟਰਾਂ ਵੱਲੋਂ ਦਵਾਈਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ, ਉਥੇ ਤਾਂ ਡਾਕਟਰ ਮੌਜੂਦ ਨਹੀਂ, ਉਲਟਾ ਸਿਵਲ ਹਸਪਤਾਲਾਂ ਵਿਚ ਤਾਇਨਾਤ ਡਾਕਟਰਾਂ ਨੂੰ ਹਸਪਤਾਲਾਂ ਵਿਚੋਂ ਲਿਆ ਕੇ ਮੁਹੱਲਾ ਕਲੀਨਿਕਾਂ ਵਿਚ ਬਿਠਾ ਦਿੱਤਾ ਗਿਆ, ਨਾ ਸਿਰਫ਼ ਡਾਕਟਰ ਭੇਜੇ ਸਗੋਂ ਦਵਾਈਆਂ ਵੀ ਭੇਜ ਦਿੱਤੀਆਂ, ਜਿਸ ਕਾਰਨ ਹੁਣ ਲੋਕ ਹਸਪਤਾਲਾਂ ਵਿਚ ਖੱਜਲ-ਖੁਆਰ ਹੋ ਰਹੇ ਹਨ। ਸਿੱਖਿਆ ਸੁਧਾਰਾਂ ਦੀ ਗੱਲ ਕਰ ਰਹੀ ਆਮ ਆਦਮੀ ਪਾਰਟੀ ਤਾਂ ਆਪ ਮੰਨਦੀ ਹੈ ਕਿ ਬਾਦਲ ਸਾਹਿਬ ਦੀ ਸਰਕਾਰ ਦੇ ਸਮੇਂ ਬਣੇ ਮੈਰੀਟੋਰੀਅਸ ਸਕੂਲ ਵਧੀਆ ਉਪਰਾਲਾ ਸਨ। ਅੱਜ ਦਿੱਲੀ ਵਿਚ ਪਿਛਲੇ 7 ਸਾਲਾਂ ਤੋਂ ਇਕ ਵੀ ਨਵਾਂ ਸਕੂਲ ਨਹੀਂ ਬਣਾਇਆ ਗਿਆ। ਸਾਰੇ ਸਕੂਲਾਂ ਵਿਚੋਂ ਕੁਝ ਕੁ ਸਕੂਲਾਂ ਨੂੰ ਵਧੀਆ ਬਣਾ ਕੇ ਬੱਸ ਉਨ੍ਹਾਂ ਨੂੰ ਮਾਡਲ ਵਜੋਂ ਪੇਸ਼ ਕਰ ਦਿੱਤਾ ਬਾਕੀ ਸਕੂਲਾਂ ਦਾ ਹਾਲ ਸਹੀ ਨਹੀਂ।

ਇਹ ਵੀ ਪੜ੍ਹੋ: ਪੰਜਾਬ 'ਚੋਂ ਗੈਂਗਸਟਰ ਕਲਚਰ ਖ਼ਤਮ ਕਰਨ ਨੂੰ ਲੈ ਕੇ DGP ਗੌਰਵ ਯਾਦਵ ਨੇ ਪੁਲਸ ਅਧਿਕਾਰੀਆਂ ਨੂੰ ਮੁੜ ਦਿੱਤੇ ਨਿਰਦੇਸ਼

ਲੋਕ ਸਿਰਫ਼ ਗੁੰਮਰਾਹ ਹੋ ਕੇ ਦੂਜੀਆਂ ਪਾਰਟੀਆਂ ਨਾਲ ਜੁੜੇ ਜਾਂ ਤੁਹਾਡੇ ਤੋਂ ਨਾਰਾਜ਼ ਹੋ ਕੇ, ਤੁਸੀਂ ਮੰਥਨ ਕੀਤਾ?
ਹਾਂ, ਬਿਲਕੁਲ ਅਸੀਂ ਮੰਥਨ ਕੀਤਾ, ਸਾਡੇ ਖ਼ਿਲਾਫ਼ ਝੂਠੀ ਕੰਪੇਨਿੰਗ ਸ਼ੁਰੂ ਕੀਤੀ ਗਈ। 7 ਸਾਲ ਪਹਿਲਾਂ ਸਾਡੀ ਸਰਕਾਰ ਦੌਰਾਨ ਬੇਹੱਦ ਮੰਦਭਾਗੀ ਵਾਰਦਾਤ ਹੋਈ, ਗੁਰੂ ਘਰਾਂ ਅੰਦਰ ਬੇਅਦਬੀਆਂ ਹੋਈਆਂ, ਜਿਸ ਦੌਰਾਨ ਅਸੀਂ ਤਾਂ ਕੌਮ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਕੇਂਦਰੀ ਜਾਂਚ ਏਜੰਸੀਆਂ ਤੋਂ ਜਾਂਚ ਕਰਵਾਉਣ ਦੀ ਗੱਲ ਕੀਤੀ ਪਰ ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਬੇਅਦਬੀ ਅਕਾਲੀ ਦਲ ਨੇ ਕਰਵਾਈ, ਅੱਜ ਤਕ ਕਿਸੇ ਵੀ ਪਾਰਟੀ ਨੇ ਇਹ ਮੰਗ ਨਹੀਂ ਕੀਤੀ ਕਿ ਬੇਅਦਬੀ ਕਰਨ ਵਾਲਿਆਂ ਨੂੰ ਫੜ੍ਹਿਆ ਜਾਵੇ, ਸਗੋਂ ਸਿਰਫ਼ ਇਹੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬੇਅਦਬੀਆਂ ਲਈ ਅਕਾਲੀ ਦਲ ਦੋਸ਼ੀ ਹੈ। ਹਰ ਰੋਜ਼ ਸਿਰਫ਼ ਬਿਆਨ ਜਾਰੀ ਕਰਕੇ ਅਕਾਲੀ ਦਲ ਨੂੰ ਭੰਡਿਆ ਗਿਆ ਜਦਕਿ ਬੇਅਦਬੀਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਫੜ੍ਹਣ ਦੀ ਕੋਸ਼ਿਸ਼ ਤਕ ਨਹੀਂ ਕੀਤੀ ਗਈ। ਅੱਜ ਸੁਖਬੀਰ ਸਿੰਘ ਬਾਦਲ ਨੂੰ ਅੰਦਰ ਕਰਨ ਦਾ ਬਿਆਨ ਦੇਣ ਵਾਲੇ ਕਾਂਗਰਸੀ ਅਤੇ 'ਆਪ' ਦੇ ਲੀਡਰ ਕਿਤੇ ਵੀ ਇਹ ਸਾਬਿਤ ਹੀ ਨਹੀਂ ਕਰ ਸਕੇ ਕਿ ਅਕਾਲੀ ਦਲ ਦੋਸ਼ੀ ਹੈ। ਕੋਈ ਵੀ ਜਾਂਚ ਏਜੰਸੀ ਜਾਂ ਐੱਸ. ਆਈ. ਟੀ. ਆਪਣੀ ਜਾਂਚ ਦੌਰਾਨ ਅਕਾਲੀ ਦਲ ਦੀ ਮੌਜੂਦਗੀ ਦੀ ਗੱਲ ਨਹੀਂ ਕਰ ਰਹੀ ਪਰ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸਿਰਫ਼ ਬੇਅਦਬੀਆਂ ਦੇ ਮੁੱਦੇ ਨੂੰ ਪ੍ਰਚਾਰਿਆ ਜਾ ਰਿਹਾ ਹੈ। ਸਹੀ ਮਾਇਨੇ ’ਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਤੁਸੀਂ ਗ੍ਰਹਿ ਮੰਤਰੀ ਸੀ ਤਾਂ ਫਿਰ ਗੋਲ਼ੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ?
ਦੇਸ਼ ਦਾ ਇਕ ਕਾਨੂੰਨ ਹੈ। ਆਈ. ਪੀ. ਸੀ. ਦੇ ਵਿਚ ਲਿਖਿਆ ਗਿਆ ਹੈ ਕਿ ਜੇਕਰ ਲਾਠੀ ਚਲਾਉਣੀ ਹੈ, ਪਾਣੀ ਦੀਆਂ ਵਾਛੜਾਂ ਕਰਨੀਆਂ ਹੋਣ ਜਾਂ ਫਿਰ ਗੋਲ਼ੀ ਚਲਾਉਣੀ ਹੋਵੇ ਤਾਂ ਇਸ ਲਈ ਮੈਜਿਸਟ੍ਰੇਟ ਦੇ ਹੁਕਮ ਹੋਣੇ ਲਾਜ਼ਮੀ ਹਨ। ਬਹਿਬਲਕਲਾਂ ਗੋਲ਼ੀਕਾਂਡ ਵੇਲੇ ਜਿਸ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਜਾਰੀ ਕੀਤੇ ਹਨ, ਉਸ ਨੇ ਪਹਿਲਾਂ ਆਰਡਰ ਜਾਰੀ ਕੀਤਾ ਲਾਠੀਚਾਰਜ ਦਾ, ਜਿਸ ਤੋਂ ਬਾਅਦ ਉਸ ਨੇ ਪਾਣੀ ਦੀਆਂ ਵਾਛੜਾਂ ਛੱਡਣ ਦਾ ਹੁਕਮ ਦਿੱਤਾ। ਆਖਿਰ ਉਸ ਨੇ ਹਾਲਾਤ ਵੇਖ ਕੇ ਗੋਲੀ ਚਲਾਉਣ ਦਾ ਹੁਕਮ ਜਾਰੀ ਕੀਤਾ।
ਉਸ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਮੁਕਰਾਉਣ ਲਈ ਪਿਛਲੀ ਕਾਂਗਰਸ ਸਰਕਾਰ ਅਤੇ ਹੁਣ ਵਾਲੀ ਸਰਕਾਰ ਨੇ ਵੀ ਆਪਣਾ ਜ਼ੋਰ ਲਗਾ ਲਿਆ ਪਰ ਉਹ ਆਪਣੇ ਹੁਕਮਾਂ ’ਤੇ ਅੱਜ ਵੀ ਕਾਇਮ ਹੈ। ਇਸ ਤਰ੍ਹਾਂ ਤਾਂ ਪਟਿਆਲਾ ’ਚ ਧਾਰਮਿਕ ਵਿਵਾਦ ਜਾਂ ਕਈ ਹੋਰ ਪ੍ਰਦਰਸ਼ਨਾਂ ਦੌਰਾਨ ਗੋਲੀ ਚੱਲੀ ਹੈ ਤਾਂ ਕਿ ਇਸ ਲਈ ਮੌਜੂਦਾ ਮੁੱਖ ਮੰਤਰੀ ਜ਼ਿੰਮੇਵਾਰ ਹਨ। ਦਿੱਲੀ ’ਚ ਕਿਸਾਨਾਂ ਵਲੋਂ ਲਾਲ ਕਿਲੇ ’ਤੇ ਕੀਤੇ ਗਏ ਪ੍ਰਦਰਸ਼ਨ ਦੌਰਾਨ ਉੱਥੇ ਗੋਲੀ ਚੱਲੀ , ਉਸ ਹਿਸਾਬ ਨਾਲ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਵੀ ਕਾਰਵਾਈ ਕਰ ਦਿਓ। ਸਥਿਤੀ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਮੈਜਿਸਟ੍ਰੇਟ ਦੀ ਹੁੰਦੀ ਹੈ, ਗ੍ਰਹਿ ਮੰਤਰੀ ਦੀ ਨਹੀਂ।

ਇਹ ਵੀ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਮਾਗਮ ਗੁ. ਸ੍ਰੀ ਬੇਰ ਸਾਹਿਬ ’ਚ ਸ਼ੁਰੂ, ਵੇਖੋ ਤਸਵੀਰਾਂ

‘ਬਹਿਬਲਕਲਾਂ ਗੋਲ਼ੀਕਾਂਡ ਵੇਲੇ ਮੈਂ ਪੰਜਾਬ ’ਚ ਮੌਜੂਦ ਹੀ ਨਹੀਂ ਸੀ’
ਲਾਅ ਐਂਡ ਆਰਡਰ ਦੀ ਸਥਿਤੀ ਕਿਸੇ ਵੀ ਥਾਂ ਉੱਤੇ ਵਿਗੜ ਸਕਦੀ ਹੈ। ਸਥਿਤੀ ਨੂੰ ਕੰਟਰੋਲ ਕਰਨ ਲਈ ਐੱਸ. ਐੱਸ. ਪੀ. ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਰੰਤ ਕੀ ਐਕਸ਼ਨ ਲਿਆ ਜਾਣਾ ਚਾਹੀਦਾ ਹੈ। ਹੁਣ ਉਹ ਪਹਿਲਾਂ ਗ੍ਰਹਿ ਮੰਤਰਾਲਾ ਨੂੰ ਪੁੱਛਣਗੇ ਥੋੜ੍ਹਾ ਕਿ ਅਸੀਂ ਕੀ ਐਕਸ਼ਨ ਲਈਏ। ਜੋ ਐਕਸ਼ਨ ਲੈਣਾ ਉਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੁੰਦਾ ਹੈ। ਕੋਈ ਅਫ਼ਸਰ ਆਖ ਦੇਵੇ ਕਿ ਮੈਂ ਉਸ ਨੂੰ ਫੋਨ ਕੀਤਾ ਹੋਵੇ ਜਾਂ ਫਿਰ ਉਸ ਨੂੰ ਗੋਲ਼ੀਆਂ ਚਲਾਉਣ ਲਈ ਕਿਹਾ ਹੋਵੇ। ਮੈਂ ਚੈਲੰਜ ਕਰਦਾ ਹਾਂ, ਇਹ ਮਸਲਾ ਸਿਰਫ਼ ਮੇਰਾ ਨਹੀਂ ਇਹ ਮਸਲਾ ਕਾਨੂੰਨ ਦਾ ਹੈ। ਮੈਂ ਉਸ ਵੇਲੇ ਤਾਂ ਪੰਜਾਬ ਵਿਚ ਮੌਜੂਦ ਹੀ ਨਹੀਂ ਸੀ। ਮੈਂ ਬਾਦਲ ਸਾਹਿਬ ਤੋਂ ਛੁੱਟੀ ਲੈ ਕੇ ਬਾਹਰ ਗਿਆ ਹੋਇਆ ਸੀ। ਜਦੋਂ ਪੂਰੀ ਘਟਨਾ ਬਾਰੇ ਮੈਨੂੰ ਸਵੇਰੇ ਪਤਾ ਲੱਗਾ ਤਾਂ ਮੈਂ ਤੁਰੰਤ ਹੈਲੀਕਾਪਟਰ ਰਾਹੀਂ ਪੰਜਾਬ ਪਹੁੰਚ ਗਿਆ। ਮੈਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ, ਮੇਰੇ ਇਕੱਲੇ-ਇਕੱਲੇ ਮਿੰਟ ਦਾ ਰਿਕਾਰਡ ਪੁਲਸ ਕੋਲ ਹੁੰਦਾ ਹੈ, ਮੈਂ ਉਸ ਦਿਨ ਕਿੱਥੇ ਸੀ, ਇਹ ਵੀ ਰਿਕਾਰਡ ਪੁਲਸ ਕੋਲ ਹੈ। ਪੰਜਾਬ ਸਰਕਾਰ ਖ਼ੁਦ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਕਲੀਨ ਚਿੱਟ ਦੇ ਚੁੱਕੀ ਹੈ।

PunjabKesari

ਸੀ. ਐੱਮ. ਮਾਨ ਕਹਿੰਦੇ ਨੇ ਸਾਡੇ ਕਿਸੇ ਮੰਤਰੀ ਅਤੇ ਐੱਮ. ਐੱਲ. ਏ. ਨੇ ਤੁਹਾਡੇ ਵਾਂਗ ਹਾਲੇ ਤੱਕ ਕਾਰੋਬਾਰਾਂ ’ਚ ਹਿੱਸੇ ਨਹੀਂ ਪਾਏ?
ਇਹ 500 ਕਰੋੜ ਦਾ ਜੋ ਸ਼ਰਾਬ ਦਾ ਸਕੈਮ ਹੋਇਆ ਹੈ, ਸਰਕਾਰ ਅਤੇ ਉਸ ਦੇ ਆਗੂਆਂ ਨੇ ਇਹ ਸ਼ਰੇਆਮ ਕੀਤਾ। ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿਚ ਆਬਕਾਰੀ ਨੀਤੀ ਵਿਚ ਭ੍ਰਿਸ਼ਟਾਚਾਰ ਕੀਤਾ ਗਿਆ, ਜਿਸ ਦੀ ਪੁਸ਼ਟੀ ਖ਼ੁਦ ਸੀ. ਬੀ. ਆਈ. ਨੇ ਪਰਚਾ ਦਰਜ ਕਰਕੇ ਕਰ ਦਿੱਤੀ ਹੈ। ਇਹੀ ਪਾਲਸੀ ਪੰਜਾਬ ਵਿਚ ਲਾਗੂ ਕੀਤੀ ਗਈ ਹੈ। ਦਿੱਲੀ ਵਿਚ ਤਾਂ ਇਹ ਪਾਲਿਸੀ ਰੱਦ ਕਰ ਦਿੱਤੀ ਗਈ। ਪੰਜਾਬ ਵਿਚ ਵੀ ਇਸ ਸਕੈਮ ਕਾਰਨ ਕਈ ਦਿੱਗਜ ਆਗੂ ਫਸਣਗੇ ਤੇ ਅੰਦਰ ਜਾਣਗੇ। ਰੇਤ ਮਾਫ਼ੀਆਂ ਲਈ ਵੀ ਇਕ ਬੰਦਾ ਇਨ੍ਹਾਂ ਵੱਲੋਂ ਨਾਮਜ਼ਦ ਕੀਤਾ ਗਿਆ ਹੈ, ਜੋ ਸਾਰੀਆਂ ਸੈਟਿੰਗਜ਼ ਕਰਦਾ ਹੈ।

ਸ਼੍ਰੋਮਣੀ ਅਕਾਲੀ ਦਲ ਬਾਰੇ ਆਖਿਆ ਜਾਂਦਾ ਹੈ ਕਿ ਇਹ ਪਿਓ-ਪੁੱਤ ਦੀ ਪਾਰਟੀ ਹੈ?
ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਤੋਂ ਹੁਣ ਤਕ ਪਾਰਟੀ ਦੇ 25 ਤੋਂ 30 ਪ੍ਰਧਾਨ ਰਹਿ ਚੁੱਕੇ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਲਗਭਗ 71 ਸਾਲ ਦੇ ਲੰਬੇ ਅਰਸੇ ਤਕ ਪਾਰਟੀ ਦੀ ਸੇਵਾ ਕੀਤੀ ਹੈ। ਪਿੰਡ ਦੇ ਸਰਪੰਚ ਤੋਂ ਉਨ੍ਹਾਂ ਨੇ ਇਕ ਲੰਬਾ ਸਿਆਸੀ ਸਫ਼ਰ ਤੈਅ ਕੀਤਾ। ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਪਾਰਟੀ ਲਈ ਜੇਲ੍ਹਾਂ ਤਕ ਕੱਟੀਆਂ ਹਨ। 25 ਸਾਲ ਉਨ੍ਹਾਂ ਦੀ ਅਗਵਾਈ ਵਿਚ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਰਹੀ ਹੈ। ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਫ਼ਤਵਾ ਦਿੱਤਾ। ਪਾਰਟੀ ਤੋਂ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਗਿਆ। ਜੇਕਰ ਪਾਰਟੀ ਦੇ ਪ੍ਰਧਾਨ ਦੀ ਗੱਲ ਕਰੀਏ ਤਾਂ ਇਹ ਫ਼ੈਸਲਾ ਪਾਰਟੀ ਦੇ ਡੈਲੀਗੇਟਸ ਵੱਲੋਂ ਕੀਤਾ ਜਾਂਦਾ ਹੈ ਅਤੇ ਇਹ ਚੋਣ ਹਰ 5 ਸਾਲ ਬਾਅਦ ਚੋਣ ਕਮਿਸ਼ਨ ਦੀਆਂ ਹਦਾਇਤਾਂ ਉੱਤੇ ਹੁੰਦੀ ਹੈ। 2 ਸਤੰਬਰ ਨੂੰ ਅਸੀਂ ਨਵੇਂ ਢਾਂਚੇ ਬਾਰੇ ਐਲਾਨ ਕਰਨ ਜਾ ਰਹੇ ਹਾਂ।

ਇਹ ਵੀ ਪੜ੍ਹੋ: ਭੁਲੱਥ ਦੀ ਸ਼ਰਮਨਾਕ ਘਟਨਾ, 3 ਬੱਚਿਆਂ ਦੀ ਮਾਂ ਨਾਲ ਜਬਰ-ਜ਼ਿਨਾਹ, ਅਸ਼ਲੀਲ ਵੀਡੀਓ ਬਣਾ ਕੀਤੀ ਵਾਇਰਲ

‘ਰਾਜਾ ਵੜਿੰਗ ਨੂੰ ਤਾਂ ਕੋਈ ਪ੍ਰਧਾਨ ਮੰਨਦਾ ਹੀ ਨਹੀਂ’
ਨੈਸ਼ਨਲ ਕਾਂਗਰਸ ਦੀ ਗੱਲ ਕਰ ਲਓ ਜਾਂ ਫਿਰ ਸਟੇਟ ਕਾਂਗਰਸ ਦੀ, ਇਹ ਖੇਰੂੰ-ਖੇਰੂੰ ਹੋਈ ਪਈ ਹੈ। ਨਵੇਂ ਪ੍ਰਧਾਨ ਰਾਜਾ ਵੜਿੰਗ ਨੂੰ ਤਾਂ ਕੋਈ ਪ੍ਰਧਾਨ ਮੰਨਣ ਨੂੰ ਤਿਆਰ ਨਹੀਂ। ਰਾਜਾ ਵੜਿੰਗ ਖੁਦ ਬੱਸ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਹੀ ਨਹੀਂ ਕਾਂਗਰਸ ਦੇ ਸਾਰੇ ਆਗੂ ਹੀ ਡਰੇ ਬੈਠੇ ਹਨ, ਕਿਉਂਕਿ ਸਭ ਨੇ ਘਪਲੇ ਕੀਤੇ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News