ਜਿੰਨਾ ਚਿਰ ''84 ਸਿੱਖ ਕਤਲੇਆਮ ਦੇ ਸਾਰੇ ਦੋਸ਼ੀ ਸਲਾਖਾਂ ਪਿੱਛੇ ਨਹੀਂ ਜਾਂਦੇ, ਸੰਘਰਸ਼ ਕਰਦੇ ਰਹਾਂਗੇ : ਸੁਖਬੀਰ

Saturday, Nov 02, 2019 - 01:23 AM (IST)

ਜਿੰਨਾ ਚਿਰ ''84 ਸਿੱਖ ਕਤਲੇਆਮ ਦੇ ਸਾਰੇ ਦੋਸ਼ੀ ਸਲਾਖਾਂ ਪਿੱਛੇ ਨਹੀਂ ਜਾਂਦੇ, ਸੰਘਰਸ਼ ਕਰਦੇ ਰਹਾਂਗੇ : ਸੁਖਬੀਰ

ਜਲੰਧਰ/ਨਵੀਂ ਦਿੱਲੀ,(ਲਾਭ ਸਿੰਘ ਸਿੱਧੂ, ਚਾਵਲਾ) : 1984 ਦੇ ਸਿੱਖ ਕਤਲੇਆਮ ਦੀ 35ਵੀਂ ਵਰ੍ਹੇਗੰਢ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਕਨਾਟ ਪਲੇਸ ਵਿਖੇ ਇਸ ਕਤਲੇਆਮ ਨਾਲ ਸਬੰਧਤ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਪ੍ਰਦਰਸ਼ਨੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਭਾਰਤ ਭਾਵੇਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਕਹਾਉਂਦਾ ਹੈ ਪਰ ਇਥੇ ਇਨਸਾਫ ਲੈਣ ਵਾਸਤੇ ਸਿੱਖ ਕੌਮ ਪਿਛਲੇ 35 ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ਦੀ ਖਾਤਰ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਅਤੇ ਜਦੋਂ ਵੀ ਬਾਹਰੀ ਤਾਕਤਾਂ ਦਾ ਹਮਲਾ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਸੰਤਾਪ ਪੰਜਾਬ ਨੂੰ ਹੰਢਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਿੰਨੀਆਂ ਕੁਰਬਾਨੀਆਂ ਸਿੱਖ ਕੌਮ ਨੇ ਦੇਸ਼ ਵਾਸਤੇ ਦਿੱਤੀਆਂ, ਕਿਸੇ ਹੋਰ ਨੇ ਨਹੀਂ ।

ਸ. ਬਾਦਲ ਨੇ ਕਿਹਾ ਕਿ ਅੱਜ ਦੀ ਇਹ ਚਿੱਤਰਾਂ ਦੀ ਪ੍ਰਦਰਸ਼ਨੀ ਸਾਨੂੰ ਯਾਦ ਦੁਆਉਂਦੀ ਰਹੇਗੀ ਕਿ ਜਦੋਂ ਤੱਕ ਸਾਨੂੰ ਪੂਰਨ ਇਨਸਾਫ ਨਹੀਂ ਮਿਲ ਜਾਂਦਾ ਅਤੇ ਦੋਸ਼ੀ ਸਲਾਖਾਂ ਪਿੱਛੇ ਨਹੀਂ ਹੁੰਦੇ, ਤਦ ਤੱਕ ਅਸੀਂ ਸੰਘਰਸ਼ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਆਪਣੀ ਨੁਮਾਇੰਦਾ ਜਮਾਤ ਹੈ, ਜੋ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ ਤੇ 13 ਦਸੰਬਰ ਤੋਂ ਆਪਣੀ ਸਥਾਪਨਾ ਦੇ 100ਵੇਂ ਵਰ੍ਹੇ ਦੀ ਸ਼ੁਰੂਆਤ ਕਰੇਗੀ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਇਸ ਪ੍ਰਦਰਸ਼ਨੀ ਦੀਆਂ ਤਸਵੀਰਾਂ ਵੇਖਣ 'ਤੇ ਉਨ੍ਹਾਂ ਨੂੰ ਚੇਤੇ ਆ ਗਿਆ ਕਿ ਕਿਵੇਂ 1984 ਵੇਲੇ ਉਨ੍ਹਾਂ ਦੇ ਪਰਿਵਾਰ 'ਤੇ ਹਮਲਾ ਹੋਇਆ ਤੇ ਕਿਵੇਂ ਉਨ੍ਹਾਂ ਦੇ ਪਰਿਵਾਰ ਨੇ ਆਪਣੀਆਂ ਜਾਨਾਂ ਬਚਾਈਆਂ। ਉਨ੍ਹਾਂ ਕਿਹਾ ਕਿ ਤਸਵੀਰਾਂ ਨੇ ਉਸ ਕਤਲੇਆਮ ਵੇਲੇ ਦੇ ਸੜਦੇ ਘਰ, ਸਕੂਟਰ ਤੇ ਟੈਕਸੀ ਸਟੈਂਡ ਅੱਗ ਦੀਆਂ ਲਪਟਾਂ ਵਿਚ ਹੋਣ ਦੀ ਗੱਲ ਚੇਤੇ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਤਲੇਆਮ ਤੋਂ ਬਾਅਦ ਸਾਨੂੰ ਕੈਂਪਾਂ ਵਿਚ ਜਾ ਕੇ ਕੰਮ ਕਰਨਾ ਪਿਆ ।

ਉਨ੍ਹਾਂ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਅੱਜ ਉਸ ਸਰਕਾਰ ਦਾ ਹਿੱਸਾ ਹਨ ਜਿਸ ਨੇ ਸੱਜਣ ਕੁਮਾਰ ਨੂੰ ਜੇਲ ਭੇਜਿਆ ਹੈ ਤੇ ਜਲਦ ਹੀ ਟਾਈਟਲਰ, ਕਮਲਨਾਥ ਤੇ ਹੋਰ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਉਨ੍ਹਾਂ ਕਿਹਾ ਕਿ ਸਿੱਖ ਕਿਸੇ ਤੋਂ ਡਰਦੇ ਨਹੀਂ ਤੇ ਨਾ ਹੀ ਦੱਬਦੇ ਹਨ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਕਿ ਜ਼ੁਲਮ ਕਰਨਾ ਨਹੀਂ ਤੇ ਸਹਿਣਾ ਵੀ ਨਹੀਂ। ਉਨ੍ਹਾਂ ਨੇ ਸਿੱਖ ਕੌਮ ਦੀ ਇਸ ਲੜਾਈ ਵਿਚ ਹਿੰਦੂ ਭਾਈਚਾਰੇ ਦਾ ਵੀ ਸਾਥ ਮੰਗਿਆ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਇਸ ਕਤਲੇਆਮ ਦੌਰਾਨ ਦਸਤਾਰਾਂ ਸਜਾਉਣ ਵਾਲੇ ਚੁਣ-ਚੁਣ ਕੇ ਮਾਰੇ ਗਏ ਅਤੇ ਇਹ ਭੁਗਤਦਿਆਂ ਸਾਨੂੰ 35 ਸਾਲ ਤਾਂ ਹੋ ਗਏ ਪਰ ਕੌਮ ਨੇ ਕਦੇ ਹਾਰ ਨਹੀਂ ਮੰਨੀ ਅਤੇ ਅੱਜ 35 ਸਾਲਾਂ ਮਗਰੋਂ ਸੱਜਣ ਕੁਮਾਰ ਵਰਗੇ ਦੋਸ਼ੀ ਸਲਾਖਾਂ ਪਿੱਛੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 8000 ਸਿੱਖਾਂ ਨੂੰ ਮਾਰਨਾ ਵਾਜਬ ਠਹਿਰਾਇਆ। ਉਨ੍ਹਾਂ ਕਿਹਾ ਕਿ ਨਾਨਾਵਤੀ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਮੰਨਿਆ ਹੈ ਕਿ ਕਾਂਗਰਸ ਦੇ ਗੁੰਡਿਆਂ ਨੇ ਸਿੱਖ ਕਤਲੇਆਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਤਲੇਆਮ ਵਿਚ 50 ਸਿੱਖ ਸੈਨਿਕ ਜਿਊਂਦੇ ਸਾੜ ਦਿੱਤੇ ਗਏ ਤੇ ਅੱਜ ਇਸ ਪ੍ਰਦਰਸ਼ਨੀ ਵੇਲੇ ਉਨ੍ਹਾਂ ਦੇ ਨਾਵਾਂ ਦੀ ਵੀ ਇਥੇ ਪ੍ਰਦਰਸ਼ਨੀ ਲਾਈ ਗਈ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਹਰਵਿੰਦਰ ਸਿੰਘ ਕੇ.ਪੀ., ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਕਮੇਟੀ ਮੈਂਬਰ ਹਰਿੰਦਰ ਪਾਲ ਸਿੰਘ, ਪਰਮਜੀਤ ਸਿੰਘ ਰਾਣਾ, ਹਰਜੀਤ ਸਿੰਘ ਪੱਪਾ, ਸਰਬਜੀਤ ਸਿੰਘ ਵਿਰਕ, ਅਮਰਜੀਤ ਸਿੰਘ ਪਿੰਕੀ, ਜਸਪ੍ਰੀਤ ਸਿੰਘ ਵਿੱਕੀ ਮਾਨ ਆਦਿ ਹਾਜ਼ਰ ਸਨ।


Related News