ਪੁਲਸ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਤੰਗ ਕਰਨਾ ਬੰਦ ਕਰੇ : ਸੁਖਬੀਰ
Tuesday, Jul 24, 2018 - 06:06 AM (IST)
ਚੰਡੀਗੜ੍ਹ(ਅਸ਼ਵਨੀ)-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਪੁਲਸ ਨੂੰ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਤੰਗ ਕਰਨ ਅਤੇ ਧਮਕਾਉਣ ਤੋਂ ਵਰਜਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਾਸਤੇ ਬਦਲੇਖੋਰੀ ਦੇ ਲਈ ਕਠਪੁਤਲੀ ਬਣਨ ਲਈ ਨਿੱਜੀ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਹੁਤ ਸਾਰੇ ਕੇਸਾਂ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਵਿਜੀਲੈਂਸ ਵਿਭਾਗ ਦੀ ਅਕਾਲੀਆਂ ਨੂੰ ਨਿਸ਼ਾਨਾ ਬਣਾਉਣ ਲਈ ਉਨ੍ਹਾਂ ਖ਼ਿਲਾਫ ਝੂਠੇ ਕੇਸ ਦਰਜ ਕਰਨ ਵਾਸਤੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਹ ਸਭ ਕੁੱਝ ਖਾਸ ਅਕਾਲੀ ਆਗੂਆਂ ਅਤੇ ਵਰਕਰਾਂ ਖ਼ਿਲਾਫ ਬਦਲੇਖੋਰੀ ਵਜੋਂ ਅਤੇ ਆਮ ਅਕਾਲੀ ਵਰਕਰਾਂ ਨੂੰ ਡਰਾ ਕੇ ਉਨ੍ਹਾਂ ਵਲੋਂ ਕਾਂਗਰਸ ਪਾਰਟੀ ਦਾ ਸਮਰਥਨ ਕਰਵਾਉਣ ਲਈ ਕੀਤਾ ਜਾ ਰਿਹਾ ਹੈ। ਬਾਦਲ ਨੇ ਕਿਹਾ ਕਿ ਕੋਈ ਵੀ ਪੁਲਸ ਅਧਿਕਾਰੀ ਜੋ ਅਕਾਲੀਆਂ 'ਤੇ ਅੱਤਿਆਚਾਰ ਕਰਨ ਵਾਸਤੇ ਕਾਂਗਰਸ ਪਾਰਟੀ ਦੇ ਹੱਥਾਂ ਦੀ ਕਠਪੁਤਲੀ ਬਣਿਆ ਹੈ, ਸੂਬੇ ਵਿਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਨ 'ਤੇ ਉਸ ਦੀ ਮਾੜੇ ਕਾਰਨਾਮਿਆਂ ਲਈ ਜੁਆਬਦੇਹੀ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਨਾ ਸਿਰਫ ਦਰਜ ਕੀਤੇ ਝੂਠੇ ਕੇਸਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਰੱਦ ਕਰਨ ਲਈ ਜ਼ਰੂਰੀ ਕਦਮ ਚੁੱਕਾਂਗੇ, ਸਗੋਂ ਉਨ੍ਹਾਂ ਅਧਿਕਾਰੀਆਂ ਖ਼ਿਲਾਫ ਵੀ ਸਖ਼ਤ ਕਾਰਵਾਈ ਕਰਾਂਗੇ, ਜਿਨ੍ਹਾਂ ਨੇ ਇਹ ਕੇਸ ਦਰਜ ਕੀਤੇ ਹਨ।
