ਵਿਦੇਸ਼ਾਂ ''ਚ ਸਿੱਖਾਂ ਦੀ ਸੁਰੱਖਿਆ ਸਬੰਧੀ ਸੁਖਬੀਰ ਵਲੋਂ ਵਿਦੇਸ਼ ਮੰਤਰੀ ਨੂੰ ਅਪੀਲ

02/20/2018 7:14:55 AM

ਮਾਮਲਾ ਅਮਰੀਕਾ ਦੇ ਸਿੱਖ ਮੇਅਰ ਨੂੰ ਮਿਲੀ ਧਮਕੀ ਦਾ
ਚੰਡੀਗੜ੍ਹ(ਪਰਾਸ਼ਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਧਰਮ ਅਤੇ ਸਿੱਖਾਂ ਬਾਰੇ ਵਧੇਰੇ ਜਾਗਰੂਕਤਾ ਫੈਲਾਉਣ ਲਈ ਨਿਵੇਕਲੇ ਉਪਰਾਲੇ ਕਰਨ । ਉਨ੍ਹਾਂ ਕਿਹਾ ਕਿ ਹਾਲ ਹੀ 'ਚ ਅਮਰੀਕਾ ਦੇ ਪਹਿਲੇ ਸਿੱਖ ਮੇਅਰ ਰਵਿੰਦਰ ਭੱਲਾ ਨੂੰ ਮਿਲੀਆਂ ਮੌਤ ਦੀਆਂ ਧਮਕੀਆਂ ਨੇ ਇਸ ਕਾਰਜ ਦੀ ਹੰਗਾਮੀ ਜ਼ਰੂਰਤ ਨੂੰ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਸੁਸ਼ਮਾ ਸਵਰਾਜ ਨੂੰ ਵਿਦੇਸ਼ਾਂ 'ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਚਿਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਮਰੀਕਾ ਵਿਚਲੇ ਸਾਰੇ ਭਾਰਤੀ ਦੂਤਘਰ ਅਤੇ ਹਾਈ ਕਮਿਸ਼ਨ ਦੇ ਦਫਤਰ ਸਿੱਖ ਧਰਮ ਤੇ ਇਸ ਦੇ ਸਿਧਾਂਤਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਮਿਲ ਕੇ ਕੰਮ ਕਰ ਸਕਦੇ ਹਨ ਤਾਂ ਕਿ ਸਿੱਖਾਂ ਨੂੰ ਨਫਰਤੀ ਹਮਲਿਆਂ ਦਾ ਸ਼ਿਕਾਰ ਨਾ ਹੋਣਾ ਪਵੇ । ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਦਿਸ਼ਾ 'ਚ ਪਹਿਲਾਂ ਕਾਫੀ ਉਪਰਾਲੇ ਹੋਏ ਹਨ ਪਰ ਲੱਗਦਾ ਹੈ ਕਿ ਅਜੇ ਹੋਰ ਯਤਨ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਅਮਰੀਕਾ ਅੰਦਰ ਅਜੇ ਵੀ ਸਿੱਖਾਂ ਬਾਰੇ ਗਲਤਫਹਿਮੀਆਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੀ ਇਸ ਕੰਮ ਵਾਸਤੇ ਆਪਣਾ ਯੋਗਦਾਨ ਪਾਵੇਗਾ। ਸੁਖਬੀਰ ਨੇ ਉਨ੍ਹਾਂ ਕੱਟੜਪੰਥੀਆਂ ਦੀ ਵੀ ਨਿਖੇਧੀ ਕੀਤੀ, ਜਿਨ੍ਹਾਂ ਹੌਬਕੋਨ ਸਿਟੀ ਦੇ ਮੇਅਰ ਰਵਿੰਦਰ ਭੱਲਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ ।


Related News