ਪਰਮਿੰਦਰ ਕੋਲਿਆਂਵਾਲੀ ''ਤੇ ਹਮਲੇ ਪਿੱਛੇ ਸੁਨੀਲ ਜਾਖੜ ਦਾ ਹੱਥ : ਸੁਖਬੀਰ ਬਾਦਲ

Sunday, Oct 29, 2017 - 01:43 AM (IST)

ਬਠਿੰਡਾ(ਜ. ਬ.)-ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੇ ਸਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ, ਜੋ ਕਿ ਮਲੋਟ ਵਿਖੇ ਹਮਲਾ ਹੋਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਸੀ, ਦਾ ਹਾਲ-ਚਾਲ ਪੁੱਛਣ ਲਈ ਮੈਕਸ ਹਸਪਤਾਲ ਬਠਿੰਡਾ ਵਿਖੇ ਪਹੁੰਚੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਹਮਲੇ ਪਿੱਛੇ ਹੋਰ ਕੋਈ ਨਹੀਂ, ਸਗੋਂ ਕਾਂਗਰਸੀ ਐੱਮ. ਪੀ. ਸੁਨੀਲ ਜਾਖੜ ਹੈ ਕਿਉਂਕਿ ਜੱਗ ਜ਼ਾਹਿਰ ਹੈ ਕਿ ਉਸ ਦੇ ਪੰਜਾਬ ਦੇ ਆਸ-ਪਾਸ ਦੇ ਰਾਜਾਂ ਦੇ ਗੈਂਗਸਟਰਾਂ ਨਾਲ ਸਿੱਧੇ ਸਬੰਧ ਹਨ, ਜੋ ਉਸ ਦੇ ਇਸ਼ਾਰਿਆਂ 'ਤੇ ਕੁਝ ਵੀ ਕਰ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਜੰਗਲ ਰਾਜ ਚੱਲ ਰਿਹਾ ਹੈ, ਸਰਕਾਰ ਦੇ ਇਸ਼ਾਰੇ 'ਤੇ ਪੁਲਸ ਅਧਿਕਾਰੀ ਨਾਜਾਇਜ਼ ਕਬਜ਼ਿਆਂ ਅਤੇ ਵੱਡੀਆਂ ਰਕਮਾਂ ਹੜੱਪਣ 'ਚ ਲੱਗੇ ਹੋਏ ਹਨ। ਇਸ ਲਈ ਰਾਜ ਅੰਦਰ ਅਮਨ-ਸ਼ਾਂਤੀ ਭੰਗ ਹੋ ਚੁੱਕੀ ਹੈ ਤੇ ਗੁੰਡਾਰਾਜ ਚੱਲ ਰਿਹਾ ਹੈ। ਇਸ ਤੋਂ ਜ਼ਿਆਦਾ ਧੱਕਾ ਕੀ ਹੋਵੇਗਾ ਕਿ ਜਿਸ ਵਿਅਕਤੀ 'ਤੇ ਜਾਨਲੇਵਾ ਹਮਲਾ ਕੀਤਾ ਗਿਆ, ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਤੇ ਉਸ ਵਿਰੁੱਧ ਹੀ ਮੁਕੱਦਮਾ ਵੀ ਦਰਜ ਕਰਵਾ ਦਿੱਤਾ ਗਿਆ। ਦੂਜੇ ਪਾਸੇ ਜਿਵੇਂ ਕਿ ਬਠਿੰਡਾ 'ਚ ਇਕ ਨਵਾਂ ਟੈਕਸ ਲੱਗਿਆ ਹੈ, ਜਿਸ ਦਾ ਨਾਂ ਹੈ 'ਜੋ-ਜੋ ਟੈਕਸ', ਇਹ ਪੰਜਾਬ ਦੇ ਕਿਸੇ ਵੀ ਬੰਦੇ ਨੂੰ ਦੱਸਣ ਦੀ ਲੋੜ ਨਹੀਂ ਹੈ। ਵਿੱਤ ਮੰਤਰੀ ਖਜ਼ਾਨਾ ਭਰਨ ਜਾਂ ਬਠਿੰਡਾ ਦੇ ਲੋਕਾਂ ਨੂੰ ਰਾਹਤਾਂ ਦੇਣ ਦੇ ਦਮਗਜੇ ਮਾਰ ਰਹੇ ਹਨ, ਉਨ੍ਹਾਂ ਨੂੰ ਕਹੋ ਕਿ ਬਠਿੰਡਾ 'ਚ ਸਿਰਫ 'ਜੋ-ਜੋ ਟੈਕਸ' ਬੰਦ ਕਰ ਦੇਣ, ਲੋਕਾਂ ਨੂੰ ਬਹੁਤ ਰਾਹਤ ਮਿਲੇਗੀ। 


Related News