ਬਾਦਲਾਂ ਦੇ ਰਾਜਸੀ ਸੱਜਰੇ ਸ਼ਰੀਕਾਂ ’ਚ ਏਕਾ!

12/15/2019 10:36:47 AM

ਲੁਧਿਆਣਾ (ਮੁੱਲਾਂਪੁਰੀ) - ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਦੀ ਧਰਤੀ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਤੀਜੀ ਵਾਰ ਆਪਣਾ ਪ੍ਰਧਾਨ ਚੁਣ ਕੇ ਜੈਕਾਰੇ ਛੱਡੇ ਹਨ। ਇਸ ਮੌਕੇ ਬਾਦਲ ਦਲ ਦੇ ਸੱਜਰੇ ਰਾਜਸੀ ਸ਼ਰੀਕਾਂ ਵਲੋਂ ਵੀ ਇਕ ਸਟੇਜ ’ਤੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਬਾਦਲਾਂ ਦੀ ਚੁੰਗਲ ’ਚੋਂ ਆਜ਼ਾਦ ਕਰਵਾਉਣ ਲਈ ਵੱਡੇ ਪ੍ਰਣ ਲਏ ਗਏ। ਜਾਣਕਾਰੀ ਅਨੁਸਾਰ ਇਹ ਸੱਜਰੇ ਸ਼ਰੀਕ ਕੋਈ ਹੋਰ ਨਹੀਂ, ਸਗੋਂ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਵੀਇੰਦਰ ਸਿੰਘ, ਬੀਰ ਦਵਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਮਨਜੀਤ ਸਿੰਘ ਜੀ. ਕੇ., ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੀਰ ਮੁਹੰਮਦ, ਉਜਾਗਰ ਸਿੰਘ ਬਡਾਲੀ, ਮਨਜੀਤ ਸਿੰਘ ਭੋਮਾ ਹਨ।

ਇਸ ਮੌਕੇ ਹੋਏ ਵੱਡੇ ਇਕੱਠ ’ਚ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਸਮਾਗਮ ਸਾਲ ਭਰ ਮਨਾਉਣ ਦਾ ਐਲਾਨ ਕੀਤਾ। ਅਕਾਲੀ ਦਲ ’ਚ ਬਾਦਲ ਦੇ ਰਾਜ ਕਾਰਨ ਅਤੇ ਮੌਜੂਦਾ ਸਮੇਂ ਆਈ ਖੜੋਤ ਨੂੰ ਦੂਰ ਕਰਨ ਲਈ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਦੱਸਿਆ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਉਨ੍ਹਾਂ ਲੀਹਾਂ ’ਤੇ ਲਿਆਂਦਾ ਜਾਵੇਗਾ। ਅਜਿਹਾ ਦੇਖ ਰਾਜਸੀ ਪੰਡਤਾਂ ਨੇ ਕਿਹਾ ਕਿ ਬਾਦਲਾਂ ਦੇ ਸੱਜਰੇ ਰਾਜਸੀ ਸ਼ਰੀਕ ਇਕੱਠੇ ਹੋਏ, ਉੱਥੇ ਦਿੱਲੀ ਵਾਲੇ ਸਰਨੇ ਧੜੇ ’ਤੇ ਹੋਰਨਾਂ ਦਾ ਇਸ ਸਮਾਗਮ ’ਚ ਸ਼ਾਮਲ ਹੋਣਾ ਇਹ ਸੰਕੇਤ ਦੇ ਗਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਫਰਵਰੀ 2021 ’ਚ ਹੋਣ ਜਾ ਰਹੀਆਂ ਹਨ। ਹੁਣ ਸਰਨਾ, ਜੀ. ਕੇ. ਤੇ ਇਹ ਸਾਰਾ ਬਾਦਲ ਵਿਰੋਧੀ ਖੇਮਾ ਇਕ ਪਾਸੇ ਨਹੀਂ ਭੁਗਤੇਗਾ, ਸਗੋਂ ਆਪਣੇ ਰਾਜਸੀ ਹੱਥ ਦਿਖਾਵੇਗਾ।

ਬਾਕੀ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜਿਸ ਦੀਆਂ ਚੋਣਾਂ ਦੀ ਵਿਰੋਧੀ ਧੜੇ ਦੁਹਾਈ ਪਾ ਰਹੇ ਹਨ, ਜੇਕਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਚੋਣਾਂ ਕਰਵਾਉਣ ਬਾਰੇ ਸਵੱਲੀ ਨਜ਼ਰ ਪੈ ਗਈ ਤਾਂ ਇਹ ਸੱਜਰੇ ਸ਼ਰੀਕ ਸ਼੍ਰੋਮਣੀ ਕਮੇਟੀ ਵਿਚ ਵੱਡੀ ਸੰਨ੍ਹ ਹੀ ਨਹੀਂ ਲਾਉਣਗੇ, ਸਗੋਂ ਬਰਗਾੜੀ, ਬਹਿਬਲ ਕਲਾਂ ਕਾਂਡ, ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇ ਮਾਮਲੇ ਮੁੜ ਜਿਊਂਦਾ ਕਰ ਕੇ ਖਤਰੇ ਦੀ ਘੰਟੀ ਬਣਨਗੇ।


rajwinder kaur

Content Editor

Related News