ਸੁਖਬੀਰ ਨਾ ਹੀ ਇਤਿਹਾਸ ਜਾਣਦੈ ਤੇ ਨਾ ਹੀ ਗੁਰੂ ਮਰਿਆਦਾ : ਸੇਖਵਾਂ

Tuesday, Jan 28, 2020 - 12:56 AM (IST)

ਸੁਖਬੀਰ ਨਾ ਹੀ ਇਤਿਹਾਸ ਜਾਣਦੈ ਤੇ ਨਾ ਹੀ ਗੁਰੂ ਮਰਿਆਦਾ : ਸੇਖਵਾਂ

ਜਲੰਧਰ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪੰਜਾਬ ਸੇਵਾ ਸਿੰਘ ਸੇਖਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਸਭ ਤੋਂ ਨਖਿੱਧ ਪ੍ਰਧਾਨ ਆਖਿਆ। 'ਜਗ ਬਾਣੀ' ਨਾਲ ਗੱਲ ਬਾਤ ਕਰਦਿਆਂ ਸੇਖਵਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਲੀਡਰ ਨਹੀਂ ਹੈ, ਉੁਹ ਇਕ ਮੈਨੇਜ਼ਰ ਹੈ, ਜੋ ਕਿ ਮੈਨਜਮੈਂਟ ਨਾਲ ਤੇ ਕਾਰਪੋਰੇਟ ਢੰਗ ਨਾਲ ਪਾਰਟੀ ਨੂੰ ਚਲਾਉਣਾ ਚਾਹੁੰਦਾ ਸੀ। ਸੁਖਬੀਰ ਦੇ ਮੰਨ 'ਚ ਇਕੋ ਨਿਸ਼ਾਨਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਿਵੇਂ ਬਣਾਉਣੀ ਹੈ। ਸੇਖਵਾਂ ਨੇ ਕਿਹਾ ਕਿ ਸੁਖਬੀਰ ਨੂੰ ਪਾਰਟੀ ਚਲਾਉਣ ਤੋਂ ਇਲਾਵਾ ਕਿਸੇ ਹੋਰ ਗੱਲ ਦੀ ਬਿਲਕੁਲ ਜਾਣਕਾਰੀ ਨਹੀਂ ਹੈ, ਸੁਖਬੀਰ ਨਾ ਤਾਂ ਇਤਿਹਾਸ ਜਾਣਦਾ ਹੈ, ਨਾ ਹੀ ਉਸ ਨੂੰ ਗੁਰੂਮਰਿਆਦਾ ਦੀ ਕੋਈ ਜਾਣਕਾਰੀ ਹੈ। ਬਾਦਲ ਪਰਿਵਾਰ ਗੁਰੂ ਨੂੰ ਤੇ ਧਰਮ ਨੂੰ ਦਾਅ 'ਤੇ ਲਾ ਕੇ ਰਾਜ ਭਾਗ ਚਾਹੁੰਦਾ ਹੈ। 

ਸੇਖਵਾਂ ਨੇ ਕਿਹਾ ਕਿ ਜੋ ਮੌਜੂਦਾ ਅਕਾਲੀ ਦਲ ਬਾਦਲ ਹੈ, ਉਸ 'ਚ ਬਹੁਤ ਖਾਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨਾ ਔਖਾ ਹੈ। ਜਿਸ ਲਈ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਇਆ ਹੈ। ਉਨ੍ਹਾਂ ਕਿਹਾ ਕਿ 1920 'ਚ ਉਨ੍ਹਾਂ ਦੇ ਪੁਰਖਾਂ ਨੇ ਉਸ ਸਮੇਂ ਲੋੜ ਮਹਿਸੂਸ ਕੀਤੀ ਸੀ ਕਿ ਸਿੱਖਾਂ ਦੀ ਇਕ ਰਾਜਨੀਤਕ ਜਮਾਤ ਚਾਹੀਦੀ ਹੈ, ਜਿਸ ਨੂੰ ਮੱਦੇਨਜ਼ਰ ਰੱਖ ਕੇ ਕੁੱਝ ਅਸੂਲ ਤਹਿ ਕੀਤੇ ਗਏ ਤੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਗੁਰਮਤਾ ਕਰ ਕੇ ਅਕਾਲੀ ਦਲ ਤਿਆਰ ਕੀਤਾ ਗਿਆ ਸੀ ਪਰ ਹੁਣ ਜਦੋਂ ਨਵੀਂ ਲੀਡਰਸ਼ਿਪ ਆਈ, ਜਿਸ ਨੇ ਬਹੁਤ ਸਾਰੀਆਂ ਸਿਧਾਂਤਕ ਗਲਤੀਆਂ ਕੀਤੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਬੋਲਦਿਆਂ ਸੇਖਵਾਂ ਨੇ ਕਿਹਾ ਕਿ ਐਸ. ਜੀ. ਪੀ. ਸੀ. 'ਚ ਬਹੁਤ ਭ੍ਰਿਸ਼ਟਾਚਾਰ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਦਾ ਮੈਂਬਰ ਹਾਂ। ਉਨ੍ਹਾਂ ਕਿਹਾ ਕਿ ਕਮੇਟੀ ਦਾ ਕੰਮ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ, ਸਿੱਖ ਕੌਮ ਦੀ ਚੜ੍ਹਦੀ ਕਲਾਂ ਲਈ ਯੋਜਨਾ ਤਿਆਰ ਕਰਨਾ ਤੇ ਉਸ ਲਈ ਕੰਮ ਕਰਨਾ ਹੈ ਪਰ ਕਮੇਟੀ ਇਹ ਸਭ ਭੁੱਲ ਕੇ ਰਾਜਨੀਤੀ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਹੁਕਮਨਾਮੇ ਅਕਾਲ ਤਖਤ ਸਾਹਿਬ 'ਚ ਹੁੰਦੇ ਸਨ ਤੇ ਅਕਾਲ ਤਖ਼ਤ ਦੇ ਜਥੇਦਾਰ ਕਰਦੇ ਹੁੰਦੇ ਸਨ ਪਰ ਬਾਦਲ ਪਰਿਵਾਰ ਨੇ ਤਖਤਾਂ ਦੇ ਜਥੇਦਾਰਾਂ ਨੂੰ ਮੁਜ਼ਰਮਾਂ ਵਾਂਗ ਸਰਕਾਰੀ ਕੋਠੀਆਂ 'ਚ ਬੁਲਾ ਕੇ ਹੁਕਮ ਦਿੱਤੇ, ਜੋ ਕੰਮ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਂ ਦੀ ਸਲਾਹ ਨਾਲ ਹੁੰਦੇ ਸੀ, ਬਾਦਲ ਪਰਿਵਾਰ ਨੇ ਸਰਕਾਰੀ ਕੋਠੀਆਂ 'ਚ ਕਰਨੇ ਸ਼ੁਰੂ ਦਿੱਤੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਤਿਆਨਾਸ਼ ਕਰ ਦਿੱਤਾ ਹੈ।


Related News