ਅਕਾਲੀਆਂ ''ਤੇ ਪਰਚੇ ਦਰਜ ਕਰਨ ਵਾਲੇ ਅਫਸਰਾਂ ਖਿਲਾਫ਼ ''ਸਿਟ'' ਬਣਾ ਕੇ ਕਰਾਂਗੇ ਕੇਸ ਦਰਜ : ਸੁਖਬੀਰ

Sunday, Dec 22, 2019 - 01:17 AM (IST)

ਪਟਿਆਲਾ,(ਮਨਦੀਪ ਜੋਸਨ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪਟਿਆਲਾ ਵਿਖੇ ਗਰਜਦਿਆਂ ਅੱਜ ਐਲਾਨ ਕੀਤਾ ਹੈ ਕਿ ਅਕਾਲੀ ਸਰਕਾਰ ਬਣਦੇ ਹੀ ਪਹਿਲੇ ਮਹੀਨੇ ਅਕਾਲੀ ਵਰਕਰਾਂ ਤੇ ਨੇਤਾਵਾਂ 'ਤੇ ਧੱਕਾ ਕਰਨ ਵਾਲੇ ਸਮੂਹ ਅਫ਼ਸਰਾਂ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਡਿਸਮਿਸ ਕਰ ਦਿੱਤਾ ਜਾਵੇਗਾ ਅਤੇ ਜਾਂਚ ਤੋਂ ਬਾਅਦ ਇਨ੍ਹਾਂ ਦੇ ਥਾਣਿਆਂ ਵਿਚ ਹੀ ਇਨ੍ਹਾਂ ਅਫਸਰਾਂ ਖਿਲਾਫ਼ ਕੇਸ ਰਜਿਸਟਰ ਕੀਤੇ ਜਾਣਗੇ। ਸੁਖਬੀਰ ਸਿੰਘ ਬਾਦਲ ਕਾਂਗਰਸ ਦੀਆਂ ਵਧੀਕੀਆਂ ਖਿਲਾਫ਼ ਅਮਨ ਤੇ ਕਨੂੰਨ ਦਾ ਜਨਾਜਾ ਨਿਕਲਣ 'ਤੇ ਐਸ.ਐਸ.ਪੀ ਦਫ਼ਤਰ ਪਟਿਆਲਾ ਸਾਹਮਣੇ ਲਗਾਏ ਵਿਸ਼ਾਲ ਧਰਨੇ ਵਿਚ ਹਜ਼ਾਰਾਂ ਅਕਾਲੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ।

ਸੁਖਬੀਰ ਸਿੰਘ ਬਾਦਲ ਨੇ ਧਰਨੇ ਵਿਚ ਸਮੁੱਚੇ ਹਲਕਾ ਇੰਚਾਰਜਾਂ ਅਤੇ ਅਕਾਲੀ ਨੇਤਾਵਾਂ ਨੂੰ ਆਖਿਆ ਕਿ ਉਹ ਧੱਕਾ ਕਰਨ ਵਾਲੇ ਅਫਸਰਾਂ ਦੀਆਂ ਲਿਸਟਾਂ ਤਿਆਰ ਕਰਨ ਤੇ ਇਕ ਹਫਤੇ ਦੇ ਅੰਦਰ ਅੰਦਰ ਮੈਨੂੰ ਭੇਜ ਦੇਣ। ਉਨ੍ਹਾਂ ਆਖਿਆ ਕਿ ਜਿਨ੍ਹਾਂ ਅਕਾਲੀ ਵਰਕਰਾਂ 'ਤੇ ਕੇਸ ਦਰਜ ਹੋਏ ਹਨ ਉਨ੍ਹਾਂ ਦੀ ਵੱਖਰੀ ਲਿਸਟ ਤਿਆਰ ਕੀਤੀ ਜਾਵੇਗੀ ਤਾਂ ਜੋ ਅਕਾਲੀ ਸਰਕਾਰ ਬਣਨ 'ਤੇ ਧੱਕਾ ਕਰਨ ਵਾਲੇ ਕਾਂਗਰਸੀਆਂ ਅਤੇ ਇਸਦੇ ਧੱਕਾ ਕਰਨ ਵਾਲੇ ਅਫ਼ਸਰਾਂ ਨਾਲ ਹਿਸਾਬ ਕਿਤਾਬ ਕੀਤਾ ਜਾਵੇਗਾ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਅੱਜ ਹਾਲਾਤ ਪੰਜਾਬ ਵਿਚ ਇਹ ਹਨ ਕਿ ਅਮਰਿੰਦਰ ਕੁੰਭਕਰਨੀ ਨੀਂਦ ਸੋ ਰਿਹਾ ਹੈ ਅਤੇ ਇਸਦੇ ਐਮ.ਐਲ.ਏ ਲੁੱਟ ਰਹੇ ਹਨ। ਉਨ੍ਹਾਂ ਆਖਿਆ ਕਿ ਘਨੌਰ ਹਲਕੇ ਦਾ ਐਮ.ਐਲ.ਏ ਸਭ ਤੋਂ ਵੱਧ ਲੁੱਟ ਮਚਾ ਰਿਹਾ ਹੈ ਤੇ ਲੋਕਾਂ ਨਾਲ ਸਭ ਤੋਂ ਵੱਧ ਧੱਕਾ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਦੇਸ਼ ਦੇ ਹੁਣ ਤੱਕ ਬਣੇ ਸਮੁੱਚੇ ਮੁੱਖ ਮੰਤਰੀਆਂ ਵਿਚੋਂ ਸਭ ਤੋਂ ਨਿਕੰਮਾ ਤੇ ਘਟੀਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਹੈ ਜਿਹੜਾ ਕਿ ਪੰਜਾਬ ਨੂੰ ਲਵਾਰਿਸ ਛੱਡ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਆਖਿਆ ਕਿ ਬਾਦਲ ਸਾਹਿਬ ਤੇ ਮੈਂ ਸਵੇਰੇ 5 ਵਜੇ ਲੋਕਾਂ ਲਈ ਕੰਮ ਸ਼ੁਰੂ ਕਰ ਦਿੰਦੇ ਸੀ ਪਰ ਇਹ ਰਾਤ ਤੱਕ ਨਸ਼ੇ ਵਿਚ ਡੁੱਬਿਆ ਰਹਿੰਦਾ ਹੈ ਤੇ ਫਿਰ ਦੁਪਹਿਰ ਤੱਕ ਜਾਗਦਾ ਹੀ ਨਹੀਂ। ਸੁਖਬੀਰ ਬਾਦਲ ਨੇ ਆਖਿਆ ਕਿ ਇਕ ਦਿਨ ਵੀ ਜਿਹੜਾ ਮੁੱਖ ਮੰਤਰੀ ਪਟਿਆਲੇ ਨਹੀਂ ਆਇਆ ਉਹ ਲੋਕਾਂ ਦੀ ਕੀ ਸੰਵਾਰੇਗਾ।

ਸੁਖਬੀਰ ਬਾਦਲ ਨੇ ਆਖਿਆ ਕਿ ਅੱਜ ਸਮੁੱਚੇ ਪੰਜਾਬ ਵਿਚ ਐਮ.ਐਲ.ਏ ਮਾਈਨਿੰਗ ਕਰ ਰਹੇ ਹਨ ਤੇ ਕਰੋੜਾਂ ਰੁਪਏ ਮਹੀਨਾ ਕਮਾ ਰਹੇ ਹਨ, ਜਿਸ ਨਾਲ ਸਰਕਾਰ ਦਾ ਖਜਾਨਾ ਖਾਲੀ ਹੋ ਰਿਹਾ ਹੈ ਪਰ ਸਰਕਾਰ ਨੂੰ ਇਸ ਤੋਂ ਕੁਝ ਨਹੀਂ ਕਿਉਂਕਿ ਕਾਂਗਰਸ ਨੇ ਲੋਕਾਂ ਦਾ ਕੁਝ ਵੀ ਨਹੀਂ ਸੰਵਾਰਨਾ। ਉਨ੍ਹਾਂ ਆਖਿਆ ਕਿ ਅਸੀਂ ਆਪਣੇ ਵੇਲੇ ਐਕਸਾਈਜ਼ ਡਿਊਟੀ ਸਮੇਤ ਹਰ ਚੀਜ਼ ਨੂੰ ਸਿਖਰ 'ਤੇ ਲੈ ਕੇ ਗਏ ਪਰ ਕਾਂਗਰਸ ਵੇਲੇ ਸਭ ਕੁਝ ਖਤਮ ਹੋ ਗਿਆ ਹੈ ਤੇ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਵਿਚ ਅਕਾਲੀ ਵਰਕਰਾਂ 'ਤੇ ਸਰੇਆਮ ਤਸ਼ੱਦਦ ਹੋ ਰਿਹਾ ਹੈ ਤੇ ਸਰੇਆਮ ਪਰਚੇ ਦਰਜ ਹੋ ਰਹੇ ਹਨ ਜਿਨ੍ਹਾਂ ਦਾ ਆਉਣ ਵਾਲੇ ਸਮੇਂ ਵਿਚ ਸਾਰਾ ਹਿਸਾਬ ਕਿਤਾਬ ਕੀਤਾ ਜਾਵੇਗਾ। ਬਾਦਲ ਨੇ ਆਖਿਆ ਕਿ ਸੁੱਖੀ ਰੰਧਾਵਾ ਤੇ ਜਾਖੜ ਨੇ ਸਭ ਤੋਂ ਵੱਧ ਧੱਕੇ ਦੀ ਹੱਦ ਮਚਾਈ ਹੋਈ ਹੈ ਜਿਹੜੇ ਕਿ ਅਕਾਲੀ ਵਰਕਰਾਂ ਤੇ ਨੇਤਾਵਾਂ ਨੂੰ ਚੁਣ ਕੇ ਟਾਰਗੇਟ ਕਰ ਰਹੇ ਹਨ ਪਰ ਅਸੀਂ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ। ਉਨ੍ਹਾਂ ਇਸ ਮੌਕੇ ਸਟੇਜ ਤੋਂ ਹੀ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਹੁਕਮ ਦਿੱਤੇ ਕਿ ਉਹ ਪੂਰੇ ਤਗੜੇ ਹੋ ਕੇ ਨਿਕੰਮੇ ਮੁੱਖ ਮੰਤਰੀ ਨੂੰ ਜਿਲ੍ਹੇ 'ਚੋਂ ਭਜਾ ਦੇਣ ਤੇ ਜਿੱਥੇ ਵੀ ਕਿਤੇ ਧੱਕਾ ਹੁੰਦਾ ਹੈ ਉਥੇ ਜਾ ਕੇ ਆਪ ਖੜ੍ਹਨ, ਮੈਂ ਇਕ ਅਵਾਜ਼ ਵਿਚ ਆਪ ਕਾਂਗਰਸੀਆਂ ਦੇ ਧੱਕਿਆਂ ਖਿਲਾਫ਼ ਡੱਟ ਜਾਵਾਂਗਾ।


Related News