ਢੀਂਡਸਿਆਂ ਦੇ ਇਕੱਠ ''ਚ ਪਹੁੰਚੇ ਆਗੂ ਟਕਸਾਲੀ ਨਹੀਂ ਜਾਅਲੀ : ਸੁਖਬੀਰ ਬਾਦਲ
Wednesday, Feb 26, 2020 - 04:42 PM (IST)
ਸੰਗਰੂਰ/ਲਹਿਰਗਾਗਾ (ਬੇਦੀ) : ਢੀਂਡਸਾ ਪਰਿਵਾਰ ਵੱਲੋਂ ਕੀਤੇ ਪੰਥਕ ਇਕੱਠ 'ਤੇ ਤੰਜ ਕੱਸਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਸ ਇਕੱਠ 'ਚ ਪਹੁੰਚਣ ਵਾਲੇ ਆਗੂ ਟਕਸਾਲੀ ਨਹੀਂ ਸਗੋਂ ਜਾਅਲੀ ਹਨ। ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ਵੱਲੋਂ ਐੱਸ. ਜੀ. ਪੀ. ਸੀ. ਚੋਣਾਂ ਤੋਂ ਵਿਧਾਨ ਸਭਾ ਚੋਣਾਂ ਦੇ ਲੜਨ 'ਤੇ ਐਲਾਨ ਬਾਰੇ ਕਿਹਾ ਕਿ ਹਰ ਬੰਦੇ ਨੂੰ ਸੁਪਨੇ ਲੈਣ ਦਾ ਹੱਕ ਹੈ। ਸੁਖਬੀਰ ਸਿੰਘ ਬਾਦਲ ਹਲਕਾ ਲਹਿਰਾਗਾਗਾ ਦੇ ਪਿੰਡ ਗੁਲਾੜੀ ਵਿਖੇ ਇੱਕ ਟੂਰਨਾਮੈਂਟ ਅਤੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਲਈ ਪਹੁੰਚੇ ਹੋਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਫੇਲ ਸਰਕਾਰ ਦਾ ਖਿਤਾਬ ਦਿੰਦਿਆ ਕਿਹਾ ਕਿ ਅੱਜ ਸੂਬੇ ਦੀ ਕਾਨੂੰਨ ਵਿਵਸਥਾ ਬਿਲਕੁਲ ਵਿਗੜ ਚੁੱਕੀ ਹੈ। ਕਾਂਗਰਸ ਦੇ ਆਪਣੇ ਐੱਮ. ਐੱਲ. ਏ. ਗੈਂਗਸਟਰਾਂ ਨਾਲ ਮਿਲੇ ਹੋਏ ਹਨ ਅਤੇ ਕੈਪਟਨ ਸਾਹਿਬ ਉਨ੍ਹਾਂ ਨੂੰ ਕਲੀਨ ਚਿੱਟ ਦੇਣ ਦਾ ਕੰਮ ਕਰ ਰਹੇ ਹਨ।
ਪੰਜਾਬ 'ਚ ਨਸ਼ੇ ਆਏ ਦਿਨ ਵੱਧ ਰਹੇ ਹਨ ਅਤੇ ਇਨ੍ਹਾਂ ਦੀ ਓਵਰਡੋਜ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਕੈਪਟਨ ਸਰਕਾਰ ਸੁੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਝੂਠੀਆਂ ਸੌਂਹਾਂ ਖਾ ਕੇ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਕਿਹਾ ਕਿ ਝੂਠੀ ਸਹੁੰ ਆਮ ਬੰਦਾ ਵੀ ਨਹੀਂ ਖਾਂਦਾ ਹੈ ਤਾਂ ਫਿਰ ਮਹਾਰਾਜਾ ਤੇ ਕੈਪਟਨ ਹਨ। ਲੋਕਾਂ ਦੀਆਂ ਉਮੀਦਾਂ 'ਤੇ ਕੈਪਟਨ ਅਮਰਿੰਦਰ ਸਿੰਘ ਖਰ੍ਹੇ ਨਹੀਂ ਉਤਰੇ ਸਨ, ਜਿਸਦੇ ਚੱਲਦਿਆਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ 'ਚ ਅਸਲੀ ਚਿਹਰਾ ਦਿਖਾਉਣਗੇ। ਇਸ ਮੌਕੇ ਉਨ੍ਹਾਂ ਨਾਲ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਐੱਸ. ਜੀ. ਪੀ. ਸੀ., ਐਡਵੋਕੇਟ ਇਕਬਾਲ ਸਿੰਘ ਝੂੰਦਾਂ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਗਰੂਰ, ਬਲਦੇਵ ਸਿੰਘ ਮਾਨ ਸਾਬਕਾ ਮੰਤਰੀ ਆਦਿ ਹਾਜ਼ਰ ਸਨ।