‘ਕੈਪਟਨ ਖਿਲਾਫ ਟਿੱਪਣੀਆਂ ਕਰਨ ਦੀ ਬਜਾਏ ਕੇਂਦਰ ਨੂੰ ਨਿਸ਼ਾਨਾ ਬਣਾਵੇ ਸੁਖਬੀਰ : ਜਾਖੜ’

12/07/2020 2:10:39 AM

ਜਲੰਧਰ, (ਧਵਨ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਯਾਦ ਦਵਾਇਆ ਹੈ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਕਾਲੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਸੀ ਜਦੋਂ ਕਿ ਅਕਾਲੀ ਦਲ ਦੇ ਨੇਤਾ ਤਾਂ ਇਸ ਕਾਲੇ ਕਾਨੂੰਨ ਨੂੰ ਲਾਗੂ ਕਰਨ ਵਿਚ ਹਿੱਸੇਦਾਰ ਰਹੇ ਹਨ।
ਉਨ੍ਹਾਂ ਨੇ ਕਾਲੇ ਕਾਨੂੰਨ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਝੂਠਾ ਪ੍ਰਚਾਰ ਕਰਨ ’ਤੇ ਸੁਖਬੀਰ ਬਾਦਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਅਜਿਹਾ ਕਰਨ ਦੀ ਬਜਾਏ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਆਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਅਤੇ ਅੱਗੇ ਵੀ ਰਹੇਗੀ। ਜਾਖੜ ਨੇ ਕਿਹਾ ਕਿ ਜੇਕਰ ਸੱਤਾ ਮੋਹ ਨੂੰ ਅਕਾਲੀ ਨੇਤਾ ਹਰਸਿਮਰਤ ਬਾਦਲ ਸਮੇਂ ’ਤੇ ਤਿਆਗ ਦਿੰਦੀ ਤਾਂ ਕਿਸਾਨਾਂ ਦੇ ਸਾਹਮਣੇ ਇੰਨੀਆਂ ਮੁਸ਼ਕਲਾਂ ਪੈਦਾ ਨਹੀਂ ਹੋਣੀਆਂ ਸਨ ਪਰ ਜਿਸ ਕੈਬਨਿਟ ਬੈਠਕ ਵਿਚ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਗਿਆ, ਉਸ ਵਿਚ ਹਰਸਿਮਰਤ ਬਾਦਲ ਮੌਜੂਦ ਸੀ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨੂੰ ਕੈਪਟਨ ਨੇ ਲਿਖਿਆ ਪੱਤਰ, ਕੀਤੀ ਇਹ ਮੰਗ

ਕਾਨੂੰਨ ਬਣਾਉਣ ਸਮੇਂ ਤਾਂ ਅਕਾਲੀ ਦਲ ਭਾਜਪਾ ਦਾ ਪਿਛਲੱਗੂ ਬਣਿਆ ਰਿਹਾ ਅਤੇ ਕਿਸਾਨਾਂ ਨੂੰ ਉਸ ਸਮੇਂ ਅਕਾਲੀ ਨੇਤਾ ਇਹ ਕਹਿੰਦੇ ਰਹੇ ਕਿ ਇਹ ਕਾਨੂੰਨ ਤਾਂ ਉਨ੍ਹਾਂ ਦੇ ਹੱਕ ਵਿਚ ਹੈ। ਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਵਿਸ਼ਾਲ ਰੋਸ ਨੂੰ ਦੇਖਦਿਆ ਹੀ ਅਕਾਲੀ ਦਲ ਨੇ ਕੇਂਦਰ ਸਰਕਾਰ ਤੋਂ ਬਾਹਰ ਆਉਣ ਦਾ ਫੈਸਲਾ ਲਿਆ। ਅਸਲ ਵਿਚ ਪੰਜਾਬ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਤਾਂ ਅਕਾਲੀ ਨੇਤਾਵਾਂ ਨੇ ਮਾਰਿਆ ਹੈ ਅਤੇ ਹੁਣ ਉਹ ਕਾਂਗਰਸ ’ਤੇ ਝੂਠੇ ਇਲਜ਼ਾਮ ਲਗਾ ਰਹੇ ਹਨ। ਸੁਖਬੀਰ ਬਾਦਲ ਨੇ ਤਾਂ ਵਾਰ-ਵਾਰ ਕੈਪਟਨ ਖਿਲਾਫ ਬੇਬੁਨਿਆਦ ਟਿੱਪਣੀਆਂ ਕੀਤੀਆਂ ਹਨ ਜਦੋਂ ਕਿ ਕੇਂਦਰ ਸਰਕਾਰ ਖਿਲਾਫ ਚੁੱਪੀ ਸਾਧੀ ਹੋਈ ਹੈ, ਜਿਸ ਦੇ ਨਾਲ ਉਨ੍ਹਾਂ ਦੀ ਨੀਅਤ ਅਤੇ ਨੀਤੀ ਦੋਵਾਂ ’ਤੇ ਸਵਾਲ ਖੜੇ ਹੁੰਦੇ ਹਨ।

ਇਹ ਵੀ ਪੜ੍ਹੋ: ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਲਾਗੂ ਕਰਨ ਲਈ ਕੇਂਦਰ ਸਰਕਾਰ ਹੀ ਅੜੀ ਹੋਈ ਹੈ ਇਸ ਲਈ ਚੰਗਾ ਹੋਵੇਗਾ ਕਿ ਅਕਾਲੀ ਦਲ ਕੇਂਦਰ ਸਰਕਾਰ ਦੇ ਖਿਲਾਫ ਕੋਈ ਅੰਦੋਲਨ ਸ਼ੁਰੂ ਕਰਨ ਲਈ ਅੱਗੇ ਆਏ।


Bharat Thapa

Content Editor

Related News