ਕੈਪਟਨ ਨੂੰ ਸਲਾਹ ਦੇਣ ਵਾਲੇ ਸੁਖਬੀਰ ਖੁਦ ਮਰਨ ਵਰਤ ’ਤੇ ਕਿਉਂ ਨਹੀਂ ਬੈਠਦੇ: ਬੀਰ ਦਵਿੰਦਰ ਸਿੰਘ
Thursday, Nov 05, 2020 - 08:50 PM (IST)
ਮੋਹਾਲੀ, (ਨਿਆਮੀਆਂ)- ਸੁਖਬੀਰ ਸਿੰਘ ਬਾਦਲ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦੇਣ ਦੀ ਬਜਾਏ ਖੁਦ ਹੀ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ’ਤੇ ਅਰਦਾਸ ਕਰ ਕੇ ਮਰਨ ਵਰਤ ਉੱਤੇ ਬੈਠ ਜਾਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸੁਖਬੀਰ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀਆਂ ਦੇ ਇਤਿਹਾਸ ਵਿਚ ਖਾਤਾ ਖੁੱਲ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਐਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੀ ਸਲਾਹ ਦੇਣ ਦਾ ਕੀ ਫਾਇਦਾ, ਜਿਸ ਦੀ ‘ਸੰਧੂਰੀ ਸ਼ਾਮ’ ਹਰ ਰੋਜ਼ ਸੂਰਜ ਦੇ ਛਿਪਣ ਨਾਲ ਸ਼ੁਰੂ ਹੋ ਜਾਂਦੀ ਹੈ ਅਤੇ ਜਿਸ ਦੇ ‘ਮਹਿਫ਼ਲੀ ਨਿਜ਼ਾਮ’ ਦੀ ਮਰਿਆਦਾ ਨਿਰਵਿਘਨ ਚਲਦੀ ਰਹਿੰਦੀ ਹੈ, ਜਿਸ ਵਿਚ ਕਿਸੇ ਕਿਸਮ ਦੇ ਵਿਘਨ ਦੀ ਕੋਈ ਗੁੰਜਾਇਸ਼ ਹੀ ਨਹੀਂ। ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਅਜਿਹੀਆਂ ਅਣਹੋਣੀਆਂ ਗੱਲਾਂ ਵਿਚ ਸਮਾਂ ਬਰਬਾਦ ਕਰਨ ਦੀ ਬਜਾਏ ਆਪਣੀ ਕੁਰਬਾਨੀ ਦਾ ਸ਼ੁਭ ਮਹੂਰਤ ਕਰਨਾ ਚਾਹੀਦਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਦੇ ਇਤਿਹਾਸ ਦਾ ਇਕ ਹੋਰ ਦਿਲਚਸਪ ਅਧਿਆਏ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵਲੋਂ ਸਮੇਂ-ਸਮੇਂ ’ਤੇ ਕੀਤੀ ਗਈ ਜੱਦੋ-ਜਹਿਦ ਅਤੇ ਮੋਰਚਿਆਂ ਵਿਚ ਕੀਤੀਆਂ ਗਈਆਂ ਕੁਰਬਾਨੀਆਂ ਦਾ ਸਭ ਤੋਂ ਵੱਧ ਮੁੱਲ ਵੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਟੱਬਰ ਨੇ ਹੀ ਵੱਟਿਆ ਹੈ। ਪੰਥ ਦੀਆਂ ਕੁਰਬਾਨੀਆਂ ਦੇ ਰਾਗ ਅਲਾਪ ਕੇ ਅੱਜ ਬਾਦਲ ਪਰਿਵਾਰ ਪੰਜਾਬ ਦਾ ਸਭ ਤੋਂ ਵੱਧ ਅਮੀਰ ਕਾਰਪੋਰੇਟ ਘਰਾਣਾ ਬਣ ਗਿਆ ਹੈ ਪਰ ਜਿਹੜੇ ਕੁਰਬਾਨੀ ਵਾਲੇ ਮਾਸੂਮ ਜਥੇਦਾਰਾਂ ਦੀਆਂ ਜਾਇਦਾਦਾਂ ਕੁਰਕ ਹੋਈਆਂ, ਜਿਨ੍ਹਾਂ ਅਕਾਲੀ ਪਰਿਵਾਰਾਂ ਨੇ ਅਕਾਲੀ ਮੋਰਚਿਆਂ ਵਿਚ ਜੇਲਾਂ ਕੱਟੀਆਂ, ਸ਼ਹੀਦੀਆਂ ਦਿੱਤੀਆਂ ਉਨ੍ਹਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸੁਖਬੀਰ ਬਾਦਲ, ਬਿਕਰਮ ਮਜੀਠੀਆ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਤਾਂ ਉਨ੍ਹਾਂ ਸ਼ਹੀਦਾਂ ਅਤੇ ਕੁਰਬਾਨੀ ਕਰਨ ਵਾਲੇ ਪਰਿਵਾਰਾਂ ਦੇ ਨਾਂ ਵੀ ਚੇਤੇ ਨਹੀਂ ਹੋਣੇ।