ਅਕਾਲੀ ਵਰਕਰ ਮਰ ਸਕਦੈ ਪਰ ਬੇਅਦਬੀ ਨਹੀਂ ਕਰ ਸਕਦਾ : ਸੁਖਬੀਰ ਬਾਦਲ

Thursday, Feb 27, 2020 - 08:38 PM (IST)

ਤਰਨਤਾਰਨ,(ਬਲਵਿੰਦਰ ਕੌਰ, ਰਮਨ, ਰਾਜੂ)-ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਨੂੰ ਜਗ ਜ਼ਾਹਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਪ੍ਰੋ. ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਤਰਨ ਤਾਰਨ ਅਨਾਜ ਮੰਡੀ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਸ਼ਾਲ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਬੇਅਦਬੀ ਦਾ ਝੂਠਾ ਇਲਜ਼ਾਮ ਲਾਇਆ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਇਕ ਪੰਥਕ ਜਮਾਤ ਹੈ ਬਲਕਿ ਸ਼੍ਰੋਮਣੀ ਅਕਾਲੀ ਦਲ ਮੇਰੀ ਨਹੀਂ ਪੂਰੀ ਸਿੱਖ ਕੌਮ ਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰ ਮਰ ਸਕਦਾ ਹੈ ਪਰ ਬੇਅਦਬੀ ਕਦੇ ਨਹੀਂ ਕਰ ਸਕਦਾ।

ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੱਥ 'ਚ ਗੁਟਕਾ ਸਾਹਿਬ ਫੜਕੇ ਸਹੁੰ ਖਾਧੀ ਸੀ ਕਿ ਪੰਜਾਬ 'ਚੋਂ ਚਾਰ ਹਫਤਿਆਂ 'ਚ ਨਸ਼ਾ ਖਤਮ ਕਰ ਦੇਵਾਂਗਾ ਪਰ ਤਿੰਨ ਸਾਲ ਬੀਤਣ 'ਤੇ ਵੀ ਕੈਪਟਨ ਸਰਕਾਰ ਕੁੱਝ ਨਹੀਂ ਕਰ ਸਕੀ ਸਗੋਂ ਸੂਬੇ ਅੰਦਰ ਅੱਗੇ ਨਾਲੋਂ ਜ਼ਿਆਦਾ ਨਸ਼ਾ ਹੋ ਚੁੱਕਾ ਹੈ ਤੇ ਹਰ ਰੋਜ਼ ਨਸ਼ੇ ਵਾਲੀਆਂ ਵੱਡੀਆਂ ਖੇਪਾਂ ਫੜੀਆਂ ਜਾ ਰਹੀਆਂ ਹਨ। ਇਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ 'ਚ ਜਨਤਾ ਨਾਲ ਜੋ ਵੀ ਵਾਅਦੇ ਕੀਤੇ ਸਨ, ਉਹ ਸਾਰੇ ਝੂਠੇ ਨਿਕਲੇ ਹਨ।  ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵਲੋਂ 55 ਲੱਖ ਨੀਲੇ ਕਾਰਡ ਜਨਤਾ ਦੀ ਸਹੂਲਤ ਲਈ ਬਣਾਏ ਗਏ, ਜਿਨ੍ਹਾਂ 'ਚੋਂ 20-25 ਲੱਖ ਨੀਲੇ ਕਾਰਡ ਕਾਂਗਰਸ ਸਰਕਾਰ 'ਚ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਸੂਬੇ ਦੇ ਸਾਰੇ ਪਿੰਡਾਂ ਦੀਆਂ ਸੀਮੈਂਟ ਦੀਆਂ ਗਲੀਆਂ, ਸੀਵਰੇਜ ਸਿਸਟਮ ਅਤੇ ਸਟਰੀਟ ਲਾਈਟਾਂ ਆਦਿ ਤੋਂ ਇਲਾਵਾ ਬਿਜਲੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਵੀ ਗੱਲ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਬੰਦ ਕੀਤੇ ਕਬੱਡੀ ਕੱਪ ਨੂੰ ਅਸੀਂ ਆਪਣੀ ਸਰਕਾਰ ਆਉਣ 'ਤੇ 5 ਕਰੋੜ ਦੇ ਇਨਾਮ ਵਾਲੇ ਕਬੱਡੀ ਕੱਪ ਆਰੰਭ ਕਰਾਵਾਂਗੇ। ਅਖੀਰ 'ਚ ਮਝੈਲ ਅਕਾਲੀ ਵਰਕਰਾਂ ਦੇ ਲਾਮਿਸਾਲ ਹੋਏ ਵਿਸ਼ਾਲ ਇਕੱਠ ਤੋਂ ਬਾਗੋਬਾਗ ਹੋਏ ਸੁਖਬੀਰ ਬਾਦਲ ਨੇ ਮਖੌਲ ਭਰੇ ਲਹਿਜੇ 'ਚ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਨੋਟਾਂ ਦੇ ਟਰਾਲੇ ਭਰਕੇ ਲੈ ਆਵਾਂਗੇ, ਤੁਸੀ ਸਰਪੰਚੋ ਜਿੰਨੇ ਮਰਜ਼ੀ ਬੋਰੇ ਲਾਹ ਲਿਓ।

ਇਸ ਰੋਸ ਰੈਲੀ ਦੌਰਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ, ਜ਼ਿਲਾ ਪ੍ਰਧਾਨ ਪ੍ਰੋ. ਵਿਰਸਾ ਸਿੰਘ ਵਲਟੋਹਾ, ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਫਤਿਹ ਗਰੁੱਪ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਸੰਧੂ, ਜਗਮੀਤ ਸਿੰਘ ਬਰਾੜ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਕੁਲਦੀਪ ਸਿੰਘ ਔਲਖ ਜਥੇਬੰਦਕ ਸਕੱਤਰ, ਜਥੇਬੰਦਕ ਸਕੱਤਰ ਦਲਬੀਰ ਸਿੰਘ ਜਹਾਂਗੀਰ, ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਜ਼ਿਲਾ ਪ੍ਰਧਾਨ ਬੀਬੀ ਰੁਪਿੰਦਰਜੀਤ ਕੌਰ ਬ੍ਰਹਮਪੁਰਾ, ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ, ਸਾਬਕਾ ਜ਼ਿਲਾ ਪ੍ਰਧਾਨ ਜਥੇ. ਅਲਵਿੰਦਰਪਾਲ ਸਿੰਘ ਪੱਖੋਕੇ, ਸਾਬਕਾ ਵਿਧਾਇਕ ਜਥੇ. ਮਨਜੀਤ ਸਿੰਘ ਮੰਨਾ ਮੀਆਂਵਿੰਡ, ਜਥੇਬੰਦਕ ਸਕੱਤਰ ਗੁਰਿੰਦਰ ਸਿੰਘ ਟੋਨੀ, ਬੀਬੀ ਰੁਪਿੰਦਰ ਕੌਰ ਬ੍ਰਹਮਪੁਰਾ ਜ਼ਿਲਾ ਪ੍ਰਧਾਨ ਇਸਤਰੀ ਵਿੰਗ, ਕੌਮੀ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ, ਅਜੇਪਾਲ ਸਿੰਘ ਮੀਰਾਂਕੋਟ ਆਦਿ ਨੇ ਰੈਲੀ ਨੂੰ ਸੰਬੋਧਨ ਕੀਤਾ।


Related News