ਸੁਖਬੀਰ ਬਾਦਲ ਨੇ ਵਿਸ਼ਾਲ ਇਕੱਠ ਨੂੰ ਕੀਤਾ ਸੰਬੋਧਨ, ਕਿਹਾ- 'ਖਾਲਸਾ ਪੰਥ ਦੇ ਹਿੱਤਾਂ ਨਾਲ ਕਦੇ ਨਹੀਂ ਕਰਾਂਗੇ ਸਮਝੌਤਾ...'

Monday, Aug 19, 2024 - 10:33 PM (IST)

ਸੁਖਬੀਰ ਬਾਦਲ ਨੇ ਵਿਸ਼ਾਲ ਇਕੱਠ ਨੂੰ ਕੀਤਾ ਸੰਬੋਧਨ, ਕਿਹਾ- 'ਖਾਲਸਾ ਪੰਥ ਦੇ ਹਿੱਤਾਂ ਨਾਲ ਕਦੇ ਨਹੀਂ ਕਰਾਂਗੇ ਸਮਝੌਤਾ...'

ਬਾਬਾ ਬਕਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਬਾ ਬਕਾਲਾ ਸਾਹਿਬ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਕਦੇ ਵੀ ਖਾਲਸਾ ਪੰਥ ਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਗੇ ਅਤੇ ਹਮੇਸ਼ਾ ਪੰਜਾਬ ਦੇ ਵਿਕਾਸ ਵਾਸਤੇ ਕੰਮ ਕਰਨਗੇ। ਇਤਿਹਾਸਕ ਰੱਖੜ ਪੁੰਨਿਆ ਦੇ ਮੌਕੇ ’ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥ ਨੂੰ ਅਪੀਲ ਕੀਤੀ ਕਿ ਉਹ ਗੱਦਾਰਾਂ ਦੀ ਹਮੇਸ਼ਾ ਪਛਾਣ ਕਰਨ ਅਤੇ ਕਿਹਾ ਕਿ ਇਹ ਉਹੀ ਲੋਕ ਹਨ ਜੋ ਏਜੰਸੀਆਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।

ਸੁਖਬੀਰ ਸਿੰਘ ਬਾਦਲ ਨੇ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਉਹ ਕੌਮ ਦੇ ਅੰਦਰੋਂ ਤੇ ਬਾਹਰੋਂ ਦੋਵਾਂ ਥਾਵਾਂ ਤੋਂ ਖ਼ਤਰੇ ਨੂੰ ਪਛਾਨਣ ਅਤੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦਿੱਤੀ ਗਈ ਤੇ ਹਰਿਆਣਾ ਵਿਚ ਵੱਖਰੀ ਕਮੇਟੀ ਇਕ ਮਿੱਥੀ ਯੋਜਨਾ ਤਹਿਤ ਬਣਾਈ ਗਈ। ਉਨ੍ਹਾਂ ਕਿਹਾ ਕਿ ਹੁਣ ਅਸੀਂ ਵੇਖ ਰਹੇ ਹਾਂ ਕਿ ਕਿਵੇਂ ਆਰ.ਐੱਸ.ਐੱਸ. ਤੇ ਭਾਜਪਾ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀਆਂ ਸੰਸਥਾਵਾਂ ’ਤੇ ਇਹ ਹਮਲਾ ਨਾ ਰੋਕਿਆ ਤਾਂ ਕੱਲ੍ਹ ਨੂੰ ਦੋਸ਼ ਸਾਡੇ ਸਿਰ ਹੀ ਆਵੇਗਾ।

PunjabKesari

ਉਨ੍ਹਾਂ ਕਿਹਾ ਕਿ ਪੰਜਾਬ 'ਚ ਜਿਹੜਾ ਵੀ ਵਿਕਾਸ ਤੁਸੀਂ ਵੇਖ ਰਹੇ ਹੋ, ਇਹ ਸਾਰਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ। ਭਾਵੇਂ ਉਹ ਐਕਸਪ੍ਰੈੱਸਵੇਅ ਬਣਾਉਣ ਦੀ ਗੱਲ ਹੋਵੇ, ਥਰਮਲ ਪਲਾਂਟ ਜਿਨ੍ਹਾਂ ਨੇ ਸੂਬੇ ਨੂੰ ਬਿਜਲੀ ਸਰਪਲੱਸ ਬਣਾਇਆ, ਉਨ੍ਹਾਂ ਦੀ ਗੱਲ ਹੋਵੇ, ਹਵਾਈ ਅੱਡਿਆਂ ਦੀ ਸਥਾਪਨਾ ਹੋਵੇ ਜਾਂ ਫਿਰ ਆਟਾ-ਦਾਲ ਸਕੀਮ ਤੇ ਐੱਸ.ਸੀ. ਸਕਾਲਰਸ਼ਿਪ ਵਰਗੀਆਂ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਹੋਣ, ਸਭ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੋਣ ਸਮੇਂ ਕੀਤੇ ਗਏ ਕੰਮ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ 3.5 ਲੱਖ ਦਲਿਤ ਵਿਦਿਆਰਥੀਆਂ ਨੂੰ ਐੱਸ.ਸੀ. ਸਕਾਲਰਸ਼ਿਪ ਸਕੀਮ ਅਧੀਨ ਮੁਫ਼ਤ ਵਿੱਦਿਆ ਮਿਲਦੀ ਸੀ। ਉਨ੍ਹਾਂ ਕਿਹਾ ਕਿ ਵਾਰ-ਵਾਰ ਦੇ ਘੁਟਾਲਿਆਂ ਤੇ ਕੁਪ੍ਰਬੰਧਨ ਕਾਰਣ ਹੁਣ ਇਹ ਗਿਣਤੀ ਘੱਟ ਕੇ ਪ੍ਰਤੀ ਸਾਲ ਇਕ ਲੱਖ ਤੋਂ ਵੀ ਘੱਟ ਰਹਿ ਗਈ ਹੈ।

ਕਾਨਫਰੰਸ ਦੌਰਾਨ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਖੁੱਲ੍ਹ ਕੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਵਿਚ ਆਏ। ਬੰਦੀ ਸਿੰਘ ਨੇ ਆਪਣੇ ਜੋਸ਼ੀਲੇ ਭਾਸ਼ਣ ਵਿਚ ਭਾਈ ਜਸਬੀਰ ਸਿੰਘ ਰੋਡੇ ਅਤੇ ਬਲਜੀਤ ਸਿੰਘ ਦਾਦੂਵਾਲ ਸਮੇਤ ਉਨ੍ਹਾਂ ਨੂੰ ਬੇਨਕਾਬ ਕੀਤਾ ਜੋ ਕੇਂਦਰੀ ਏਜੰਸੀਆਂ ਦੇ ਪਿੱਠੂ ਬਣੇ ਹੋਏ ਹਨ ਅਤੇ ਮਨਜਿੰਦਰ ਸਿੰਘ ਸਿਰਸਾ ਤੇ ਇਕਬਾਲ ਸਿੰਘ ਲਾਲਪੁਰਾ ਵਰਗੇ ਸਿਆਸਤਦਾਨ ਜੋ ਬੰਦੀ ਸਿੰਘਾਂ ਦੇ ਹਿੱਤਾਂ ਦੇ ਖਿਲਾਫ ਕੰਮ ਕਰ ਰਹੇ ਹਨ। ਭਾਈ ਖੇੜਾ ਨੇ ਪ੍ਰੇਮ ਸਿੰਘ ਚੰਦੂਮਾਜਰਾ ’ਤੇ ਵੀ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਉਸ ਨੇ ਹੀ ਅਪਰੇਸ਼ਨ ਬਲੈਕ ਥੰਡਰ ਵੇਲੇ ਸ੍ਰੀ ਦਰਬਾਰ ਸਾਹਿਬ ਵਿਚ ਪੁਲਸ ਦੀ ਅਗਵਾਈ ਕੀਤੀ। 

ਗੁਰਦੀਪ ਖੇੜਾ ਨੇ ਕਿਹਾ ਕਿ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ, ਜਿਨ੍ਹਾਂ ਨੇ ਅਨੇਕਾਂ ਬੰਦੀ ਸਿੰਘਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕਰਵਾਇਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਪੈਰੋਲ ਦਿੱਤੀ। ਉਨ੍ਹਾਂ ਨੇ ’ਸੰਗਤ’ ਨੂੰ ਆਖਿਆ ਕਿ ਇਹ ਹੁਣ ਉਨ੍ਹਾਂ 'ਤੇ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਨੂੰ ਚੁਣਨਾ ਚਾਹੁੰਦੇ ਹਨ ਜਿਸ ਦੇ ਰਾਜ ਦੌਰਾਨ ਸੂਬੇ ਵਿਚ ਆਮ ਹਾਲਾਤ ਬਹਾਲ ਹੋਏ ਜਾਂ ਫਿਰ ਉਨ੍ਹਾਂ ਨੂੰ, ਜੋ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ।

PunjabKesari

ਇਸ ਮੌਕੇ ਆਪਣੇ ਜ਼ਬਰਦਸਤ ਭਾਸ਼ਣ ਵਿਚ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਕਿਵੇਂ ਬੰਦੀ ਸਿੰਘਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਲਗਾਤਾਰ ਜੇਲ੍ਹ ਵਿਚ ਰੱਖਿਆ ਹੋਇਆ ਹੈ ਜੋ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਮਜੀਠੀਆ ਨੇ ਕੇਂਦਰ ਨੂੰ ਸਵਾਲ ਕੀਤਾ ਕਿ ਉਹ ਬਿਲਕਿਸ ਬਾਨੋ ਨਾਲ ਜ਼ਬਰ-ਜਨਾਹ ਕਰਨ ਵਾਲਿਆਂ ਦੀ ਰਿਹਾਈ ਅਤੇ ਖ਼ਤਰਨਾਕ ਅਪਰਾਧੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਨੂੰ ਕਿਵੇਂ ਜਾਇਜ਼ ਠਹਿਰਾ ਸਕਦਾ ਹੈ, ਜਦੋਂ ਕਿ ਬੰਦੀ ਸਿੰਘਾਂ ਨੂੰ ਨਿਆਂ ਦੇਣ ਤੋਂ ਵਾਰ-ਵਾਰ ਇਨਕਾਰ ਕੀਤਾ ਜਾ ਰਿਹਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਅਸੀਂ ਉਸ ਸਰਕਾਰ ਤੋਂ ਸਾਡੀ ਉਸ ਭੈਣ ਨੂੰ ਨਿਆਂ ਦੇਣ ਦੀ ਆਸ ਕਿਵੇਂ ਕਰ ਸਕਦੇ ਹਾਂ ਜਿਸ ਨਾਲ ਕੁਝ ਦਿਨ ਪਹਿਲਾਂ ਪੱਛਮੀ ਬੰਗਾਲ ਵਿਚ ਜ਼ਬਰ ਜਨਾਹ ਕੀਤਾ ਗਿਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ। ਮਜੀਠੀਆ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰਪਤੀ ਨੂੰ ਚਿੱਠੀ ਲਿਖਣ ਅਤੇ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਕਿ 26 ਲੱਖ ਪੰਜਾਬੀਆਂ ਨੇ ਉਸ ਅਪੀਲ ’ਤੇ ਹਸਤਾਖ਼ਰ ਕੀਤੇ ਹਨ ਜਿਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਅਪੀਲ ਕੀਤੀ ਗਈ ਹੈ। ਮਜੀਠੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਅੰਮ੍ਰਿਤਸਰ ਤੋਂ ਦਿੱਲੀ ਤੱਕ ਮਾਰਚ ਦੀ ਸ਼ੁਰੂਆਤ ਕਰੇ। ਉਨ੍ਹਾਂ ਨੇ ਅਖੌਤੀ ਸੁਧਾਰ ਲਹਿਰ ਅਕਾਲੀ ਧੜੇ ਨੂੰ ਵੀ ਅਪੀਲ ਕੀਤੀ ਕਿ ਉਹ ਮੌਕਾਪ੍ਰਸਤੀ ਦੀ ਸਿਆਸਤ ਨਾ ਖੇਡਣ।

PunjabKesari

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਕੰਮ ਵਾਸਤੇ ਬਣਾਈ ਗਈ ਕਮੇਟੀ ਦੇ ਮੈਂਬਰ ਬਲਜੀਤ ਸਿੰਘ ਦਾਦੂਵਾਲ ਤੇ ਹਰਮੀਤ ਸਿੰਘ ਕਾਲਕਾ ਨੇ ਇਸ ਕਦਮ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਇਸ ਮੌਕੇ ਗੁਲਜ਼ਾਰ ਸਿੰਘ ਰਣੀਕੇ, ਡਾ. ਦਲਜੀਤ ਸਿੰਘ ਚੀਮਾ, ਬਲਜੀਤ ਸਿੰਘ ਜਲਾਲਉਸਮਾ, ਲਖਬੀਰ ਸਿੰਘ ਲੋਧੀਨੰਗਲ, ਵੀਰ ਸਿੰਘ ਲੋਪੋਕੇ, ਗੁਰਬਚਨ ਸਿੰਘ ਬੱਬੇਹਾਲੀ, ਸਰਬਜੀਤ ਸਿੰਘ ਝਿੰਜਰ ਅਤੇ ਰਾਜਨਬੀਰ ਸਿੰਘ ਨੇ ਵੀ ਸੰਬੋਧਨ ਕੀਤਾ।

ਇਹ ਵੀ ਪੜ੍ਹੋ- ਕੋਲਕਾਤਾ ਰੇਪ ਤੇ ਕਤਲ ਮਾਮਲੇ 'ਚ ਮਹਿਲਾ ਡਾਕਟਰ ਦੇ ਮਾਪਿਆਂ ਦਾ ਵੱਡਾ ਬਿਆਨ, ਕੀਤੇ ਕਈ ਅਹਿਮ ਖੁਲਾਸੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News