ਮਜੀਠੀਆ ਦੀ ਜ਼ਮਾਨਤ ਨਾਲ ਸੁਖਬੀਰ ਨੂੰ ਮਿਲੇਗੀ ਵੱਡੀ ਰਾਹਤ
Thursday, Aug 11, 2022 - 06:23 PM (IST)
ਚੰਡੀਗੜ੍ਹ : ਬਿਕਰਮ ਮਜੀਠੀਆ ਨੂੰ ਸਾਢੇ ਪੰਜ ਮਹੀਨਿਆਂ ਬਾਅਦ ਡਰਗ ਕੇਸ 'ਚੋਂ ਮਿਲੀ ਜ਼ਮਾਨਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਖ਼ਾਸ ਤੌਰ 'ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸੰਨਿਆਸ ਤੇ ਬਿਕਰਮ ਮਜੀਠਿਆ ਦੇ ਜੇਲ੍ਹ ਜਾਣ ਤੋਂ ਬਾਅਦ ਸੁਖਬੀਰ ਬਾਦਲ ਲਗਾਤਾਰ ਕਮਜ਼ੋਰ ਪੈ ਰਹੇ ਸਨ।
ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਮਨਪ੍ਰੀਤ ਇਆਲੀ ਵਰਗੇ ਉਨ੍ਹਾਂ ਦੇ ਨਜ਼ਦੀਕੀ ਵੀ ਉਨ੍ਹਾਂ ਨੂੰ ਚੁਣੌਤੀ ਦੇ ਰਹੇ ਹਨ। ਬਿਕਰਮ ਮਜੀਠੀਆ ਦੇ ਪਟਿਆਲਾ ਜੇਲ੍ਹ 'ਚੋਂ ਬਾਹਰ ਆਉਣ ਨੂੰ ਲੈ ਕੇ ਜਿਸ ਤਰ੍ਹਾਂ ਪਾਰਟੀ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਉਸ ਤੋਂ ਸਾਫ਼ ਹੈ ਕਿ ਇਸ ਮੌਕੇ ਨੂੰ ਪਾਰਟੀ ਗੁਆਉਣਾ ਨਹੀਂ ਚਾਹੁੰਦੀ ਤੇ ਆਪਣੇ ਵਰਕਰਾਂ ਜੋ ਇਸ ਸਮੇਂ ਨਿਰਾਸ਼ ਹਨ 'ਚ ਫ਼ਿਰ ਜਾਨ ਫੂਕਣਾ ਚਾਹੁੰਦੀ ਹੈ। ਮਜੀਠੀਆ ਜਿਨ੍ਹਾਂ ਨੂੰ ਡਰਗ ਕੇਸ 'ਚ ਪੰਜ ਮਹੀਨਿਆਂ ਤੋਂ ਜ਼ਿਆਦਾ ਜੇਲ੍ਹ 'ਚ ਰਹਿਣਾ ਪਿਆ ਸੀ ਦੀ ਨੌਜਵਾਨਾਂ 'ਚ ਚੰਗੀ ਪੱਕੜ ਹੈ ਇਸ ਲਈ ਪਾਰਟੀ ਨੂੰ ਉਨ੍ਹਾਂ ਦੇ ਬਾਹਰ ਆਉਣ ਨਾਲ ਫਾਇਦਾ ਮਿਲਣਾ ਤੈਅ ਹੈ।
ਇਹ ਵੀ ਪੜ੍ਹੋ : ਇਕ ਵੀ ਦੋਸ਼ ਸਾਬਤ ਹੋ ਜਾਵੇ ਤਾਂ ਗਰਦਨ ਕੱਟਵਾਉਣ ਲਈ ਤਿਆਰ ਹਾਂ : ਜਥੇਦਾਰ ਪਟਨਾ ਸਾਹਿਬ
ਉਹ ਵੀ ਉਸ ਸਮੇਂ ਜਦੋਂ ਪਾਰਟੀ ਲੀਡਰਸ਼ਿਪ ਬਦਲਣ ਲਈ ਲੰਬੀ ਜੱਦੋਜਹਿਦ ਚੱਲ ਰਹੀ ਹੈ। ਅੰਮ੍ਰਿਤਸਰ ਤੇ ਪਟਿਆਲਾ 'ਚ ਹੋਈਆਂ ਮੀਟਿੰਗਾਂ ਹੋਣ ਜਾਂ ਫਿਰ ਕੋਰ ਕਮੇਟੀ ਦੀ ਮੀਟਿੰਗ ਸਾਰਿਆਂ 'ਚ ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇਣ ਲਈ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਅੱਗੇ ਕੀਤਾ ਜਾ ਰਿਹਾ ਹੈ। ਬਿਕਰਮ ਮਜੀਠੀਆ ਦੇ ਬਾਹਰ ਆਉਣ ਨਾਲ ਸੁਖਬੀਰ ਬਾਦਲ ਨੂੰ ਇਸ ਦਾ ਲਾਭ ਜ਼ਰੂਰ ਮਿਲੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ