ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ''ਤੇ ਵਿੰਨ੍ਹੇ ਨਿਸ਼ਾਨੇ, ਦਿੱਤੀ ਇਹ ਚੁਣੌਤੀ

12/24/2021 4:42:16 PM

ਲੁਧਿਆਣਾ (ਵੈੱਬ ਡੈਸਕ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਜਗਰਾਓਂ ’ਚ ਰੈਲੀ ਕੀਤੀ ਗਈ। ਇਸ ਦੌਰਾਨ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ’ਤੇ ਜੰਮ ਕੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਬਿਆਨ ਦਿੰਦਾ ਹੈ ਕਿ ਜਿਹੜੇ ਬੇਅਦਬੀ ਕਰਨ, ਉਨ੍ਹਾਂ ਨੂੰ ਫਾਂਸੀ ਲੱਗਣੀ ਚਾਹੀਦੀ ਹੈ। ਉਨ੍ਹਾਂ ਸਿੱਧੂ ਨੂੰ ਚੁਣੌਤੀ ਦਿੱਤੀ ਕਿ ਉਹ ਇਹ ਬਿਆਨ ਦੇਣ ਕਿ ਗਾਂਧੀ ਪਰਿਵਾਰ ਨੂੰ ਫਾਂਸੀ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਸਿੱਧੂ ’ਚ ਹਿੰਮਤ ਹੈ ਤਾਂ ਬਿਆਨ ਦੇਣ ਕਿ ਟਾਈਟਲਰ ਤੇ ਸੱਜਣ ਕੁਮਾਰ ਨੂੰ ਫਾਂਸੀ ਲੱਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਕਿਹਾ ਕਿ ਅਸੀਂ ਪਰਚੇ ਦੇ ਕੇ ਇਹ ਕਰ ਦੇਵਾਂਗੇ, ਉਹ ਕਰ ਦੇਵਾਂਗੇ। ਇਨ੍ਹਾਂ ਨੇ ਪੰਜ ਸਾਲ ਬੇਅਦਬੀ ਤੇ ਡਰੱਗਜ਼ ਨੂੰ ਲੈ ਕੇ ਹੀ ਗੱਲ ਕੀਤੀ। ਬੇਅਦਬੀਆਂ ਦਾ ਸਾਨੂੰ ਬਹੁਤ ਦੁੱਖ ਹੈ ਪਰ ਮੁਲਜ਼ਮਾਂ ਨੂੰ ਫੜਨਾ ਚਾਹੀਦਾ ਸੀ, ਇਨ੍ਹਾਂ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ ਸੀ। ਕਾਂਗਰਸ ਨੇ ਇਸ ’ਤੇ ਸਿਆਸਤ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜ ਸਾਲ ਬਰਬਾਦ ਕਰ ਦਿੱਤੇ। ਇਸ ਨੂੰ ਲੈ ਕੇ ਹਾਈਕੋਰਟ ਨੇ ਵੀ ਇਨ੍ਹਾਂ ਨੂੰ ਲਾਹਨਤਾਂ ਪਾਈਆਂ ਕਿ ਤੁਸੀਂ ਇਸ ’ਤੇ ਇਕੱਲੀ ਸਿਆਸਤ ਕਰ ਰਹੇ ਹੋ। ਬਾਦਲ ਨੇ ਕਿਹਾ ਕਿ ਪੰਜ ਸਾਲ ਇਨ੍ਹਾਂ ਦਾ ਇਕੋ ਹੀ ਨਿਸ਼ਾਨਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਇਸ ’ਚ ਪਾਓ।

ਇਹ ਵੀ ਪੜ੍ਹੋ : ਲੁਧਿਆਣਾ ਪਹੁੰਚੇ ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ-ਸਿਆਸੀ ਏਜੰਡੇ ਲਈ ਲੋਕਾਂ ’ਚ ਫੈਲਾਇਆ ਜਾ ਰਿਹਾ ਡਰ

ਇਨ੍ਹਾਂ ਨੇ ਹੁਣ ਬਿਕਰਮ ਮਜੀਠੀਆ ’ਤੇ ਝੂਠਾ ਕੇਸ ਕਰ ਦਰਜ ਕਰ ਦਿੱਤਾ ਹੈ। ਇਸ ਨਾਲ ਕੀ ਹੋਵੇਗਾ। ਸਾਡੇ ਵਰਕਰਾਂ ਨੇ ਇਸ ਤੋਂ ਵੀ ਵੱਡੇ-ਵੱਡੇ ਕੇਸ ਝੱਲੇ ਹਨ। ਇਸ ਕੇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਝੂਠ ਜਿੰਨਾ ਮਰਜ਼ੀ ਕਹਿ ਲਓ, ਝੂਠ ਨੇ ਝੂਠ ਹੀ ਰਹਿਣਾ। ਉਨ੍ਹਾਂ ਕਿਹਾ ਕਿ ਲੋਕ ਤੁਹਾਨੂੰ ਸਵਾਲ ਪੁੱਛਣਗੇ। ਕਾਂਗਰਸ ਸਰਕਾਰ ਦੇ ਡੇਢ ਸੌ ਘੰਟੇ ਹੀ ਬਾਕੀ ਰਹਿ ਗਏ ਹਨ। ਇਸ ਤੋਂ ਬਾਅਦ ਕੋਡ ਆਫ ਕੰਡੈਕਟ ਲੱਗ ਜਾਵੇਗਾ। ਚੰਨੀ ਸਰਕਾਰ ਨੇ ਇੰਨੀ ਮਾੜੀ ਗੱਲ ਕੀਤੀ ਕਿ ਜੁਲਾਈ ਮਹੀਨੇ ’ਚ ਸ੍ਰੀ ਆਨੰਦਪੁਰ ਸਾਹਿਬ ’ਚ ਬੇਅਦਬੀ ਹੋਈ ਸੀ ਤੇ ਦੋਸ਼ੀਆਂ ਨੂੰ ਪੁਲਸ ਨੂੰ ਫੜਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ’ਚ ਬੇਅਦਬੀ ਹੋਈ ਤੇ ਗੁਟਕਾ ਸਾਹਿਬ ਨੂੰ ਪਾਵਨ ਸਰੋਵਰ ’ਚ ਸੁੱਟਿਆ ਗਿਆ ਤੇ ਦੋਸ਼ੀਆਂ ਨੂੰ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਗਿਆ ਪਰ ਪੁਲਸ ਨੇ ਦੋਸ਼ੀਆਂ ਦਾ ਰਿਮਾਂਡ ਨਹੀਂ ਲਿਆ, ਸਿੱਧਾ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਤੋਂ ਇਕ ਵੀ ਸਵਾਲ ਨਹੀਂ ਪੁੱਛਿਆ ਗਿਆ। ਜੇ ਉਨ੍ਹਾਂ ਤੋਂ ਪੁੱਛਗਿੱਛ ਕਰ ਲੈਂਦੇ ਤਾਂ ਜੋ ਸ੍ਰੀ ਹਰਿਮੰਦਰ ਸਾਹਿਬ ’ਚ ਬੇਅਦਬੀ ਦੀ ਘਟਨਾ ਹੋਈ ਹੈ, ਉਹ ਨਹੀਂ ਹੋਣੀ ਸੀ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਜੋ ਘਟਨਾ ਵਾਪਰੀ ਹੈ, ਉਸ ਤੋਂ ਬਾਅਦ ਦੋਸ਼ੀ ਦਾ ਪੰਜਾਬ ਸਰਕਾਰ ਨੇ ਸਸਕਾਰ ਵੀ ਕਰ ਦਿੱਤਾ।

ਉਨ੍ਹਾਂ ਕਾਂਗਰਸ ਸਰਕਾਰ ’ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਇਹ ਸਾਰੇ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ’ਤੇ ਕਾਰਵਾਈ ਨਾ ਕਰਨ ਦੇ ਰੋਸ ਵਜੋਂ 2 ਤਾਰੀਖ਼ ਨੂੰ ਖਾਲਸਾ ਪੰਥ ਦਾ ਵੱਡਾ ਇਕੱਠ ਸ੍ਰੀ ਦਰਬਾਰ ਸਾਹਿਬ ਵਿਖੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤੋਂ ਕੀ ਉਮੀਦ ਕੀਤੀ ਜਾ ਸਕਦੀ, ਜਿਸ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਵਾਇਆ ਸੀ ਤੇ ਹਜ਼ਾਰਾਂ ਭੈਣਾਂ-ਭਰਾਵਾਂ ਦਾ ਕਤਲੇਆਮ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਾਰਟੀ ਤੇ ਜਥੇਬੰਦੀ ਹੈ, ਜਿਸ ਨੇ ਲੋਕਾਂ ਲਈ ਹੀ ਲੜਨਾ ਹੈ। ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਤੇ ਉਨ੍ਹਾਂ ਦੀ ਸੋਚ ਸੀ ਕਿ ਪੰਜਾਬ ’ਚ ਸਦਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਰਹੇ। ਉਨ੍ਹਾਂ ਕਿਹਾ ਕਿ ਕਈ ਪਾਰਟੀਆਂ ਭਾਈਚਾਰਕ ਸਾਂਝ ਨੂੰ ਤੋੜ ਕੇ ਵੋਟਾਂ ਦਾ ਫਾਇਦਾ ਲੈਣਾ ਚਾਹੁੰਦੀਆਂ ਹਨ। ਸਾਨੂੰ ਉਨ੍ਹਾਂ ਤਾਕਤਾਂ ਤੋਂ ਬਚਣ ਦੀ ਲੋੜ ਹੈ। ਬਾਦਲ ਨੇ ਕਿਹਾ ਕਿ ਮੇਰੀ ਜਾਨ ਭਾਵੇਂ ਚਲੀ ਜਾਵੇ ਪਰ ਪੰਜਾਬ ਦੀ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗਾ। 


Manoj

Content Editor

Related News