10 ਸਾਲ ਰਾਜ ਕਰਨ ਵਾਲੇ ਹੁਣ ਸੁਖਬੀਰ ਬਾਦਲ 2 ਮਹੀਨਿਆਂ ਦੀ ਮੰਗ ਰਹੇ ਹਨ ਭੀਖ

03/12/2018 6:26:26 AM

ਜਲੰਧਰ, ਰੂਪਨਗਰ  (ਚੋਪੜਾ, ਵਿਜੇ)  - ਪੰਜਾਬ 'ਚ 10 ਸਾਲਾਂ ਤਕ ਰਾਜ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਅੱਜ ਕਿਸ ਮੂੰਹ ਨਾਲ 2 ਮਹੀਨਿਆਂ ਦੀ ਭੀਖ ਮੰਗ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ 'ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ 10 ਸਾਲਾਂ ਤਕ ਸੂਬੇ ਦੀ ਜਨਤਾ ਨਾਲ ਲੁੱਟ-ਖੋਹ ਮਚਾਉਣ ਅਤੇ ਸੂਬੇ ਦਾ ਖਜ਼ਾਨਾ ਖਾਲੀ ਕਰਨ ਵਾਲੇ ਹੁਣ ਵੱਡੇ-ਵੱਡੇ ਝੂਠ ਬੋਲਣ ਲੱਗੇ ਹਨ ਕਿ ਉਨ੍ਹਾਂ ਨੂੰ 2 ਮਹੀਨਿਆਂ ਲਈ ਪੰਜਾਬ ਦੀ ਵਾਂਗਡੋਰ ਦੇ ਕੇ ਦੇਖਣ ਉਹ ਖਜ਼ਾਨੇ ਨੂੰ ਭਰ ਕੇ ਦਿਖਾ ਦੇਣਗੇ।
ਸਿੱਧੂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਰਕਾਰ ਨੇ 1 ਸਾਲ 'ਚ ਉਹ ਕੰਮ ਕਰਕੇ ਦਿਖਾ ਦਿੱਤੇ ਹਨ ਜਿਸ ਨੂੰ ਬਾਦਲ ਸਰਕਾਰ 10 ਸਾਲਾਂ 'ਚ ਨਹੀਂ ਕਰ ਸਕੀ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਈ-ਗਵਰਨੈਂਸ ਸਿਸਟਮ ਲਾਗੂ ਕਰਕੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ 'ਤੇ ਲਗਾਮ ਲਗਾਈ ਜਾਵੇਗੀ। ਉਸ ਨੇ ਦੱਸਿਆ ਕਿ ਇਸ ਸਾਲ ਦੇ ਅਖੀਰ ਤਕ 67 ਸਰਵਿਸਿਜ਼ ਆਨਲਾਈਨ ਹੋਵੇਗੀ, ਅਗਲੇ 3 ਮਹੀਨਿਆਂ 'ਚ ਨਕਸ਼ੇ ਆਨਲਾਈਨ ਪਾਸ ਹੋਣੇ ਸ਼ੁਰੂ ਹੋ ਜਾਣਗੇ।
ਸਿੱਧੂ ਨੇ ਕਿਹਾ ਕਿ ਪੰਜਾਬ ਦੇ 4 ਵੱਡੇ ਨਗਰ ਨਿਗਮ ਤੇ 4 ਇੰਪਰੂਵਮੈਂਟ ਟਰੱਸਟਾਂ ਦਾ 10 ਸਾਲਾਂ ਦਾ ਆਡਿਟ ਦਾ ਕੰਮ ਚੱਲ ਰਿਹਾ ਹੈ। ਹੁਣ ਢਾਈ ਮਹੀਨੇ ਹੋਏ ਹਨ ਅਤੇ 6 ਮਹੀਨਿਆਂ ਦੇ ਅੰਦਰ ਇਹ ਕੰਮ ਪੂਰਾ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਕਰੋੜਾਂ ਰੁਪਏ ਦੇ ਘਪਲੇ ਸਾਹਮਣੇ ਆਉਣਗੇ। ਸਿੱਧੂ ਨੇ ਕਿਹਾ ਪੰਜਾਬ 'ਚ ਗੈਰ-ਕਾਨੂੰਨੀ ਕਾਲੋਨੀਆਂ ਕੱਟਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਕਈ ਵਾਰ ਆਪਣੀਆਂ ਕਾਲੋਨੀਆਂ ਨੂੰ ਅਪਰੂਵ ਕਰਵਾਉਣ ਦਾ ਮੌਕਾ ਦਿੱਤਾ ਗਿਆ ਪਰ ਅਜੇ ਵੀ ਕਈ ਕਾਲੋਨੀਆਂ ਗੈਰ-ਕਾਨੂੰਨੀ ਤਰੀਕੇ ਨਾਲ ਬਣੀਆਂ ਹੋਈਆਂ ਹਨ।  ਸਿੱਧੂ ਨੇ ਗੈਰ-ਕਾਨੂੰਨੀ ਪ੍ਰਾਪਰਟੀ ਦਾ ਕੰਮ ਕਰਨ ਵਾਲਿਆਂ ਨੂੰ ਚੋਰ ਕਹਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਵੀਂ ਪਾਲਿਸੀ ਤਹਿਤ ਕਵਰ ਕੀਤਾ ਜਾਵੇਗਾ। ਇਸ ਮਾਮਲੇ ਸਬੰਧੀ ਫੈਸਲਾ ਹੁਣ ਪੰਜਾਬ ਦੇ ਮੁੱਖ ਮੰਤਰੀ ਜਲਦ ਕਰਨਗੇ।   ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ 'ਚ ਸਿੱਧੂ ਨੇ ਦੱਸਿਆ ਕਿ ਪੰਜਾਬ 'ਚ ਉਨ੍ਹਾਂ ਦੇ ਵਿਭਾਗ, ਨਗਰ ਕੌਂਸਲਾਂ ਤੇ ਨਗਰ ਸੁਧਾਰ ਟਰੱਸਟਾਂ 'ਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਰੋਕ ਸਕਣਾ ਮੁਸ਼ਕਲ ਹੈ ਕਿਉਂਕਿ ਕੰਮ ਕਰਨ ਵਾਲੇ ਖੁਦ ਹੀ ਪੈਸੇ ਬਟੋਰਨ 'ਚ ਲੱਗੇ ਹੋਏ ਹਨ।  
ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਕਾਲੋਨੀ ਕੱਟਣ ਵਾਲੇ ਪੈਸੇ ਜੇਬ ਵਿਚ ਪਾ ਕੇ ਚਲੇ ਗਏ ਅਤੇ ਹੁਣ ਇਨ੍ਹਾਂ ਨੂੰ ਅਪਰੂਵ ਕਰਵਾਉਣ ਲਈ ਸਿਰਫ ਕੁਝ ਲੱਖ ਰੁਪਏ ਦੇ ਕੇ ਛੁਟਕਾਰਾ ਪਾਉਣਾ ਚਾਹੁੰਦੇ ਹਨ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਕ ਏਕੜ ਦੀ ਕਾਲੋਨੀ ਨੂੰ ਵਿਕਸਿਤ ਕੀਤਾ ਜਾਵੇ ਤਾਂ ਸਰਕਾਰ ਦਾ ਉਸ 'ਚ 40 ਲੱਖ ਰੁਪਏ ਅਤੇ ਉਸ ਤੋਂ ਬਾਹਰ 50 ਲੱਖ ਰੁਪਏ ਖਰਚ ਆ ਰਿਹਾ ਹੈ। ਇਸੇ ਤਰ੍ਹਾਂ ਇਕ ਏਕੜ ਕਾਲੋਨੀ ਨੂੰ ਪਾਸ ਕਰਨ 'ਤੇ ਸਰਕਾਰ ਦਾ ਲੱਗਭਗ 1 ਕਰੋੜ ਰੁਪਏ ਖਰਚ ਆਏਗਾ, ਜਿਸ ਨਾਲ ਸਰਕਾਰ ਦਾ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਨਵੀਂ ਪਾਲਿਸੀ ਤਹਿਤ ਜਲਦੀ ਹੀ ਸਾਰੀਆਂ ਕਾਲੋਨੀਆਂ ਨੂੰ ਪਾਸ ਕਰ ਦਿੱਤਾ ਜਾਵੇਗਾ ਪਰੰਤੂ ਨਵੀਂ ਪਾਲਿਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪਾਸ ਹੋਣ 'ਤੇ ਲਾਗੂ ਹੋਵੇਗੀ।


Related News