ਸੁਖਬੀਰ ਬਾਦਲ ਨੇ ਹਰਿਆਣਾ 'ਚ ਭਾਜਪਾ ਤੋਂ ਇਸ ਤਰ੍ਹਾਂ ਲਿਆ ਬਦਲਾ

Tuesday, Oct 01, 2019 - 11:32 PM (IST)

ਸੁਖਬੀਰ ਬਾਦਲ ਨੇ ਹਰਿਆਣਾ 'ਚ ਭਾਜਪਾ ਤੋਂ ਇਸ ਤਰ੍ਹਾਂ ਲਿਆ ਬਦਲਾ

ਚੰਡੀਗੜ੍ਹ,(ਅਸ਼ਵਨੀ):  ਭਾਜਪਾ ਵਲੋਂ ਅਕਾਲੀ ਦਲ ਦੇ ਆਗੂ ਨੂੰ ਪਾਰਟੀ 'ਚ ਸ਼ਾਮਲ ਕਰਨ ਮਗਰੋਂ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਵੀ ਹਰਿਆਣਾ ਦੇ ਭਾਜਪਾ ਆਗੂ ਨੂੰ ਅਕਾਲੀ ਦਲ 'ਚ ਸ਼ਾਮਲ ਕੀਤਾ ਗਿਆ। ਜਾਣਕਾਰੀ ਮੁਤਾਬਕ ਹਰਿਆਣਾ ਦੇ ਵਿਧਾਨ ਸਭਾ ਹਲਕਾ ਕਾਲਾਂਵਾਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਰਜਿੰਦਰ ਸਿੰਘ ਦੇਸੂਜੋਧਾ ਅੱਜ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਤੇ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਕਾਲਾਂਵਾਲੀ ਤੋਂ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਭਾਜਪਾ ਆਗੂ ਦਾ ਪਾਰਟੀ ਅੰਦਰ ਸਵਾਗਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਦੇਸੂਜੋਧਾ ਨੇ ਪਾਰਟੀ ਤੇ ਇਸ ਦੇ ਆਦਰਸ਼ਾਂ ਨੂੰ ਅਪਣਾਉਣ ਦੀ ਇੱਛਾ ਜਾਹਿਰ ਕੀਤੀ ਹੈ ਤੇ ਆਪਣੇ ਹਲਕੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਤੋਂ ਇਲਾਵਾ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਕੰਮ ਕਰਨ ਦਾ ਵਾਅਦਾ ਕੀਤਾ ਹੈ। ਅਕਾਲੀ ਦਲ ਵਲੋਂ ਕਾਲਾਂਵਾਲੀ ਸੀਟ ਜਿੱਤਣ ਬਾਰੇ ਪੂਰਾ ਵਿਸਵਾਸ਼ ਪ੍ਰਗਟਾਉਂਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ 2009 ਤੇ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ 'ਚ ਆਪਣਾ ਭਰੋਸਾ ਜਤਾਇਆ ਸੀ ਤੇ ਉਹ ਪਾਰਟੀ ਦਾ ਸਮਰਥਨ ਕਰਨਾ ਜਾਰੀ ਰੱਖਣਗੇ।

ਇਸ ਮੌਕੇ 'ਤੇ ਬੋਲਦਿਆਂ ਸਰਦਾਰ ਦੇਸੂਜੋਧਾ ਨੇ ਕਿਹਾ ਕਿ ਭਾਜਪਾ ਨੇ ਅਕਾਲੀ ਵਿਧਾਇਕ ਬਲਕੌਰ ਸਿੰਘ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਕੇ ਅਕਾਲੀ ਦਲ ਨਾਲ ਵਿਸਵਾਸ਼ਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮੈਨੂੰ ਇਸ ਸੀਟ ਤੋਂ ਪਾਰਟੀ ਉਮੀਦਵਾਰ ਬਣਾਉਣ ਦਾ ਵਾਅਦਾ ਕਰਨ ਮਗਰੋਂ ਮੇਰੇ ਨਾਲ ਵੀ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਭਾਜਪਾ ਵੱਲੋਂ ਕੀਤੇ ਇਸ ਦੋਹਰੇ ਵਿਸਵਾਸ਼ਘਾਤ ਦਾ ਮੈਂ ਕਰਾਰਾ ਜਵਾਬ ਦੇਵਾਂਗਾ ਤੇ ਅਕਾਲੀ ਦਲ ਨੂੰ ਇਹ ਸੀਟ 25 ਹਜ਼ਾਰ ਵੋਟਾਂ ਨਾਲ ਜਿੱਤ ਕੇ ਦਿਆਂਗਾ। ਇਸੇ ਦੌਰਾਨ ਸਵਾਲਾਂ ਦੇ ਜੁਆਬ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੀ ਹਰਿਆਣਾ ਇਕਾਈ ਵਲੋਂ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ 'ਚ ਹਰਿਆਣਾ ਅੰਦਰ ਗਠਜੋੜ ਵਾਸਤੇ ਬਾਕੀ ਸਿਆਸੀ ਪਾਰਟੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਇਸ ਸੰਬੰਧੀ ਇਕ-ਦੋ ਦਿਨ 'ਚ ਅਸੀਂ ਕਿਸੇ ਸਿੱਟੇ 'ਤੇ ਪਹੁੰਚ ਜਾਵਾਂਗੇ।


Related News