ਸੁਖਬੀਰ ਬਾਦਲ ਨੇ ਪਰਾਲੀ ਸੰਭਾਲਣ ’ਤੇ ਕਿਸਾਨਾਂ ਦੇ ਹੁੰਦੇ ਖਰਚ ਨੂੰ ਲੈ ਕੇ CM ਮਾਨ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

Saturday, Oct 08, 2022 - 08:00 PM (IST)

ਸੁਖਬੀਰ ਬਾਦਲ ਨੇ ਪਰਾਲੀ ਸੰਭਾਲਣ ’ਤੇ ਕਿਸਾਨਾਂ ਦੇ ਹੁੰਦੇ ਖਰਚ ਨੂੰ ਲੈ ਕੇ CM ਮਾਨ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਕਿਸਾਨਾਂ ਨੂੰ ਪਰਾਲੀ ਸੰਭਾਲਣ ’ਤੇ ਹੁੰਦੇ ਖਰਚ ਦਾ ਮੁਆਵਜ਼ਾ ਦੇਣ ਤੋਂ ਕਿਉਂ ਭੱਜ ਰਹੇ ਹਨ, ਜਦੋਂ ਇਸ ਦਾ ਵਾਅਦਾ ਉਨ੍ਹਾਂ ਖ਼ੁਦ ਕੀਤਾ ਸੀ। ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਆਮ ਆਦਮੀ ਸਰਕਾਰ ਕਿਸਾਨਾਂ ਦੇ ਮਾਲ ਖਾਤਿਆਂ ’ਚ ਰੈੱਡ ਐਂਟਰੀ ਵਰਗੀਆਂ ਬਹੁਤ ਖ਼ਤਰਨਾਕ ਕਾਰਵਾਈਆਂ ਕਿਉਂ ਕਰ ਰਹੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਹ ਤਜਵੀਜ਼ ਦਿੱਤੀ ਸੀ ਕਿ ਜੇਕਰ ਕਿਸਾਨ ਪਰਾਲੀ ਨਾ ਸਾੜਨਗੇ ਤਾਂ ਉਨ੍ਹਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਤਜਵੀਜ਼ ਮੁੱਖ ਮੰਤਰੀ ਨੇ ਹੀ ਦਿੱਤੀ ਸੀ ਕਿ ਇਸ ਸਕੀਮ ਨੂੰ ਅਮਲੀ ਜਾਮਾ ਪਹਿਨਾਉਣ ਲਈ ਦਿੱਲੀ ਤੇ ਪੰਜਾਬ ਦੇ ਨਾਲ ਕੇਂਦਰ ਸਰਕਾਰਾਂ ਮਿਲ ਕੇ ਯੋਗਦਾਨ ਪਾਉਣਗੀਆਂ।

ਇਹ ਖ਼ਬਰ ਵੀ ਪੜ੍ਹੋ : ਬਟਾਲਾ ’ਚ ਪੁਲਸ ਮੁਕਾਬਲੇ ਮਗਰੋਂ ਫੜੇ ਗਏ ਗੈਂਗਸਟਰ ਬਬਲੂ ਦੀ ਮਾਂ ਦਾ ਵੱਡਾ ਖ਼ੁਲਾਸਾ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਪੰਜਾਬ ਤੇ ਦਿੱਲੀ ਸਰਕਾਰਾਂ ਜੋ ਆਮ ਆਦਮੀ ਪਾਰਟੀ ਦੀਆਂ ਹਨ, ਇਕ ਰੁਪਿਆ ਵੀ ਯੋਗਦਾਨ ਦੇਣ ਤੋਂ ਕਿਉਂ ਭੱਜ ਰਹੀਆਂ ਹਨ। ਬਾਦਲ ਨੇ ਜ਼ੋਰ ਦੇ ਕੇ ਆਖਿਆ ਕਿ ਮੁੱਖ ਮੰਤਰੀ ਸਿਰਫ ਪਬਲੀਸਿਟੀ ਵਾਸਤੇ ਐਲਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਭਗਵੰਤ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਮੂੰਗੀ ਦੀ ਫਸਲ ਬੀਜਣ ਜੋ ਕਿਸਾਨ ਐੱਮ. ਐੱਸ. ਪੀ. ਅਨੁਸਾਰ ਖਰੀਦੇਗੀ ਪਰ ਸਰਕਾਰ ਨੇ ਕੁੱਲ ਫਸਲ ਦਾ ਸਿਰਫ 10 ਫੀਸਦੀ ਹੀ ਐੱਮ. ਐੱਸ. ਪੀ. ਅਨੁਸਾਰ ਖਰੀਦਿਆ। ਉਨ੍ਹਾਂ ਕਿਹਾ ਕਿ ਇਸ ਮਗਰੋਂ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਕਿਸਾਨਾਂ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਵਾਸਤੇ ਸੂਬਾ ਸਰਕਾਰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇਗੀ ਪਰ ਸਰਕਾਰ ਸਮਾਂ ਆਉਣ ’ਤੇ ਇਹ ਵਾਅਦਾ ਪੂਰਾ ਕਰਨ ਤੋਂ ਵੀ ਮੁੱਕਰ ਗਈ। ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡਿਆ ਜਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਸਰਕਾਰ ਜ਼ਿਲ੍ਹਾ ਕਮਿਸ਼ਨਰਾਂ ਨੂੰ ਉਨ੍ਹਾਂ ਕਿਸਾਨਾਂ ਦੇ ਮਾਲ ਖਾਤਿਆਂ ’ਚ ਰੈੱਡ ਐਂਟਰੀ ਕਰਨ ਵਾਸਤੇ ਆਖ ਰਹੀ ਹੈ, ਜੋ ਪਰਾਲੀ ਸਾੜਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਦੇਣ ਕਾਰਨ ਗੰਭੀਰ ਸੰਕਟ ’ਚੋਂ ਲੰਘ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੱਢੇ ਗਏ ਰੋਸ ਮਾਰਚ ’ਤੇ ਜਥੇਦਾਰ ਦਾਦੂਵਾਲ ਨੇ ਚੁੱਕੇ ਵੱਡੇ ਸਵਾਲ

ਉਨ੍ਹਾਂ ਕਿਹਾ ਕਿ ਹੁਣ ਛੋਟੇ ਕਿਸਾਨ ਜੋ ਸਭ ਤੋਂ ਵੱਧ ਪ੍ਰਭਾਵਿਤ ਹਨ, ਨੂੰ ਰੈੱਡ ਐਂਟਰੀ ਨਾਲ ਕਰਜ਼ੇ ਲੈਣ ਜਾਂ ਜ਼ਮੀਨ ਗਹਿਣੇ ਰੱਖਣ ਤੋਂ ਅਸਮਰੱਥ ਬਣਾਇਆ ਜਾ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਉਨ੍ਹਾਂ ਦੀ ਸਸਤੇ ਭਾਅ ਪਰਾਲੀ ਸੰਭਾਲਣ ਮਸ਼ੀਨਰੀ ਲੈਣ ਦੀ ਪੇਸ਼ਕਸ਼ ਸਵੀਕਾਰ ਨਹੀਂ ਕਰ ਸਕਦੇ ਕਿਉਂਕਿ ਅਜਿਹੀਆਂ ਮਸ਼ੀਨਾਂ ਨੂੰ ਚਲਾਉਣ ਵਾਸਤੇ ਭਾਰੀ ਟਰੈਕਟਰਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ  ਛੋਟੇ ਤੇ ਅੰਸ਼ਿਕ ਕਿਸਾਨ ਇਹ ਮਸ਼ੀਨਾਂ ਨਾ ਤਾਂ ਖ਼ੁਦ ਖਰੀਦ ਸਕਦੇ ਹਨ ਤੇ ਨਾ ਹੀ ਖੁਦ ਚਲਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਜਿਹੜੇ ਕਿਸਾਨਾਂ ਨੇ ਪਿਛਲੇ ਸਾਲ ਇਹ ਮਸ਼ੀਨਾਂ ਖਰੀਦੀਆਂ ਸਨ, ਉਹ ਸਰਕਾਰ ਵੱਲੋਂ ਮਸ਼ੀਨਾਂ ਦੀ ਲਾਗਤ ’ਤੇ ਸਬਸਿਡੀ ਨਾ ਦੇਣ ਕਾਰਨ ਇਨ੍ਹਾਂ ਦਾ ਲਾਹਾ ਲੈਣ ਤੋਂ ਵਾਂਝੇ ਰਹਿ ਗਏ ਸਨ। ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੇ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਨੂੰ ਰਾਹਤ ਦੇਣ ਜਾਂ ਫਿਰ ਸੂਬਾ ਸਰਕਾਰ ਪਰਾਲੀ ਪ੍ਰਬੰਧਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਵੇ। ਉਨ੍ਹਾਂ ਕਿਹਾ ਕਿ ਕਿਸਾਨ ਜੋ ਪਹਿਲਾਂ ਹੀ ਵਿੱਤੀ ਸੰਕਟ ’ਚ ਹਨ, ਤੋਂ ਪਰਾਲੀ ਸੰਭਾਲਣ ’ਤੇ ਹੋਰ ਪੈਸੇ ਖਰਚਣ ਦੀ ਆਸ ਰੱਖਣਾ ਹੀ ਗ਼ਲਤ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ, ਕੈਨੇਡਾ ’ਚ 20 ਘੰਟਿਆਂ ਤੋਂ ਜ਼ਿਆਦਾ ਕਰ ਸਕਣਗੇ ਕੰਮ


author

Manoj

Content Editor

Related News