ਸੁਖਬੀਰ ਬਾਦਲ ਦਾ ਵੱਡਾ ਖ਼ੁਲਾਸਾ, ਭਾਜਪਾ 'ਚ ਜਾਣ ਤੋਂ ਪਹਿਲਾਂ ਸਿਰਸਾ ਨੇ ਫੋਨ 'ਤੇ ਕਹੀ ਸੀ ਇਹ ਗੱਲ

Saturday, Dec 04, 2021 - 05:53 PM (IST)

ਸੁਖਬੀਰ ਬਾਦਲ ਦਾ ਵੱਡਾ ਖ਼ੁਲਾਸਾ, ਭਾਜਪਾ 'ਚ ਜਾਣ ਤੋਂ ਪਹਿਲਾਂ ਸਿਰਸਾ ਨੇ ਫੋਨ 'ਤੇ ਕਹੀ ਸੀ ਇਹ ਗੱਲ

ਜਲੰਧਰ: ਸੁਖਬੀਰ ਬਾਦਲ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਵੱਡਾ ਖ਼ੁਲਾਸਾ ਕੀਤਾ ਕਿ ਮਨਜਿੰਦਰ ਸਿਰਸਾ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਦੋ ਦਿਨ ਪਹਿਲਾਂ ਮੈਨੂੰ ਵ੍ਹਟਸਐਪ ’ਤੇ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਮੈਨੂੰ ਗ੍ਰਿਫ਼ਤਾਰ ਕਰਨ ਵਾਲੇ ਹਨ। ਸੁਖਬੀਰ ਬਾਦਲ ਨੇ ਭਾਜਪਾ 'ਤੇ ਵੱਡੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਭਾਜਪਾ ਸਾਡੀ ਦਿੱਲੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਪੂਰੀ ਟੀਮ ਨੂੰ ਧਮਕਾ ਰਹੀ ਹੈ।ਕੇਂਦਰ ਸਰਕਾਰ ਦਾ ਅਜਿਹਾ ਵਿਵਹਾਰ ਬਿਲਕੁਲ ਬਰਦਾਸ਼ਤ ਕਰਨ ਯੋਗ ਨਹੀਂ ਹੈ।  

ਇਹ ਵੀ ਪੜ੍ਹੋ:ਪ੍ਰਕਾਸ਼ ਸਿੰਘ ਬਾਦਲ ਦੇ ਇਸ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਚਰਚੇ

ਜ਼ਿਕਰਯੋਗ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਭਾਜਪਾ 'ਚ ਸ਼ਾਮਲ ਹੋਣ ਮਗਰੋਂ ਅਕਾਲੀ ਸਿਆਸਤ 'ਚ ਭੁਚਾਲ ਆ ਗਿਆ ਸੀ ਤੇ ਅਕਾਲੀ ਆਗੂਆਂ ਵੱਲੋਂ ਤੇ ਖ਼ਾਸ ਤੌਰ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਇਸ ਪਿੱਛੇ ਕੇਂਦਰ ਦੇ ਧਮਕੀ ਭਰੇ ਵਤੀਰੇ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।ਜਥੇਦਾਰ ਨੇ ਕਿਹਾ ਸੀ ਕਿ ਭਾਜਪਾ ਨੇ ਸਿਰਸਾ ਨੂੰ ਜੇਲ੍ਹ ਜਾਂ ਬੀਜੇਪੀ ਇਕ ਚੁਣਨ ਨੂੰ ਕਿਹਾ ਗਿਆ ਸੀ ਤੇ ਸਿਰਸਾ ਨੇ ਬੀਜੇਪੀ ਨੂੰ ਚੁਣਿਆ।ਇਸੇ ਤਰ੍ਹਾਂ ਸੁਖਬੀਰ ਬਾਦਲ ਨੇ ਵੀ ਸਿਰਸਾ ਦੇ ਭਾਜਪਾ 'ਚ ਸ਼ਾਮਲ ਹੋਣ ਪਿੱਛੇ ਕੇਂਦਰ ਦੇ ਦਬਾਅ ਨੂੰ ਮੁੱਖ ਕਾਰਨ ਦੱਸਿਆ ਸੀ।'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਪੁੱਛੇ ਸਵਾਲ ਕਿ ਕੀ ਸਿਰਸਾ ਨੇ ਕੋਈ ਅਜਿਹਾ ਗ਼ਲਤ ਕੰਮ ਕੀਤਾ ਸੀ, ਜਿਸ ਦੇ ਡਰ ਨਾਲ ਸਿਰਸਾ ਭਾਜਪਾ 'ਚ ਸ਼ਾਮਲ ਹੋ ਗਏ ਤਾਂ ਬਾਦਲ ਦਾ ਜਵਾਬ ਸੀ ਕਿ ਸਰਕਾਰਾਂ ਲਈ ਕੋਈ ਵੀ ਕੇਸ ਬਣਾਉਣਾ ਕੋਈ ਵੱਡੀ ਗੱਲ ਨਹੀਂ ਹੁੰਦੀ। ਬੇਸ਼ੱਕ ਸਿਰਸਾ ਨੇ ਅਜਿਹਾ ਕੁਝ ਨਹੀਂ ਕੀਤਾ ਸੀ ਪਰ ਭਾਜਪਾ ਸਾਡੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰੀ ਟੀਮ ਨੂੰ ਧਮਕਾ ਰਹੀ ਹੈ। ਅੱਜਕੱਲ੍ਹ ਕੇਂਦਰ ਨੇ ਇਹ ਰਿਵਾਜ ਬਣਾਇਆ ਹੋਇਆ ਹੈ ਕਿ ਵਿਰੋਧੀ ਧਿਰ ਨੂੰ ਦਬਾਉਣ ਲਈ ਕਿਸੇ ’ਤੇ ਨਾਜਾਇਜ਼ ਮੁਕੱਦਮਾ ਦਰਜ ਕਰ ਦਿਓ ਜਾਂ ਫਿਰ ਉਸ ’ਤੇ ਈ. ਡੀ. ਅਤੇ ਇਨਕਮ ਟੈਕਸ ਦੀ ਰੇਡ ਪੁਆ ਦਿੱਤੀ ਜਾਵੇ, ਜੋ ਕਿ ਗ਼ਲਤ ਰਾਜਨੀਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਿਰਸਾ ਨੇ ਖੁਦ ਵ੍ਹਟਸਐਪ ’ਤੇ ਵੀ ਮੈਨੂੰ ਦੋ ਦਿਨ ਪਹਿਲਾਂ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਮੈਨੂੰ ਗ੍ਰਿਫ਼ਤਾਰ ਕਰਨ ਵਾਲੇ ਹਨ। ਕੇਂਦਰ ਸਰਕਾਰ ਦਾ ਇਹ ਵਿਵਹਾਰ ਬਿਲਕੁਲ ਬਰਦਾਸ਼ਤ ਕਰਨ ਯੋਗ ਨਹੀਂ ਹੈ। 

ਇਹ ਵੀ ਪੜ੍ਹੋਖ਼ਤਰੇ ਦੀ ਦਹਿਲੀਜ਼ 'ਤੇ ਪੰਜਾਬ, ਪ੍ਰੇਸ਼ਾਨ ਕਰ ਦੇਣਗੇ ਏਡਜ਼ ਦੇ ਮਰੀਜ਼ਾਂ ਦੇ ਅੰਕੜੇ

ਅੱਗੇ ਬੋਲਦਿਆਂ ਹੋਇਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਕੁਰਬਾਨੀਆਂ ਦੇ ਇਤਿਹਾਸ ਵਾਲੇ ਸਿੱਖ ਧਰਮ ’ਚ ਪੈਦਾ ਹੋਏ ਸਿਰਸਾ ਪਰਚੇ ਦੇ ਡਰ ਕਾਰਨ ਪਾਰਟੀ ਛੱਡ ਗਏ। ਹਾਲਾਂਕਿ ਅਕਾਲੀ ਦਲ ’ਚ ਕਈ ਲੀਡਰ ਆਏ ਅਤੇ ਕਈ ਛੱਡ ਕੇ ਚਲੇ ਗਏ ਪਰ ਪਾਰਟੀ ਹਮੇਸ਼ਾ ਚੱਲਦੀ ਰਹੀ ਹੈ। ਹੁਣ ਸਿਰਸਾ ਦੇ ਜਾਣ ਨਾਲ ਵੀ ਸਾਨੂੰ ਭਾਜਪਾ ਕੋਈ ਨੁਕਸਾਨ ਨਹੀਂ ਪਹੁੰਚਾ ਸਕੇਗੀ ਪਰ ਇਸ ਗੱਲ ਦਾ ਅਫ਼ਸੋਸ ਹਮੇਸ਼ਾ ਰਹੇਗਾ ਕਿ ਮੈਂ ਸਿਰਸਾ ਨੂੰ ਹੇਠਾਂ ਤੋਂ ਉੱਪਰ ਤੱਕ ਲੈ ਕੇ ਗਿਆ ਹਾਂ।ਜਦੋਂ ਬਾਦਲ ਨੂੰ ਸਵਾਲ ਪੁੱਛਿਆ ਗਿਆ ਕਿ ਸਿਰਸਾ ਦੁਖੀ ਹੋ ਕੇ ਗਏ ਜਾਂ ਤੁਸੀਂ ਖ਼ੁਦ ਭੇਜਿਆ ਤਾਂ ਸੁਖਬੀਰ ਬਾਦਲ ਨੇ ਜਵਾਬ ਦਿੰਦਿਆਂ ਕਿਹਾ ਕਿ ਸਿਰਸਾ ਸਾਡੀ ਪਾਰਟੀ ’ਚ ਬਿਲਕੁਲ ਦੁਖੀ ਨਹੀਂ ਸਨ। ਮੈਂ ਪਾਰਟੀ ’ਚ ਹਰ ਵੇਲੇ ਉਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ। ਰਹੀ ਗੱਲ ਖ਼ੁਦ ਭੇਜਣ ਦੀ ਤਾਂ ਇਸ ’ਚ ਮੇਰਾ ਕੀ ਫ਼ਾਇਦਾ ਹੋਵੇਗਾ? ਜਦੋਂ ਸੁਖਬੀਰ ਬਾਦਲ ਤੋਂ ਪਲਟ ਕੇ ਪੁੱਛਿਆ ਗਿਆ ਕਿ ਇਕ ਚਰਚਾ ਇਹ ਵੀ ਹੈ ਕਿ ਸਿਰਸਾ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੀ ਕੜੀ ਬਣ ਸਕਦੇ ਹਨ ਤਾਂ ਬਾਦਲ ਨੇ ਹੱਸਦੇ ਹੋਏ ਜਵਾਬ ਦਿੱਤਾ ਕਿ ਕੀ ਹੁਣ ਸਿਰਸਾ ਸਾਡਾ ਗਠਜੋੜ ਕਰਵਾਉਣਗੇ। ਉਨ੍ਹਾਂ ਦੇ ਮੁਤਾਬਕ ਇਹ ਬਿਲਕੁਲ ਝੂਠ ਫੈਲਾਇਆ ਜਾ ਰਿਹਾ ਹੈ।

ਨੋਟ:  ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Harnek Seechewal

Content Editor

Related News