ਢੀਂਡਸਿਆਂ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਦਾ ਪਲਟਵਾਰ, ਦਿੱਤਾ ਵੱਡਾ ਬਿਆਨ

07/07/2020 6:33:38 PM

ਚੰਡੀਗੜ੍ਹ : ਸੁਖਬੀਰ ਬਾਦਲ ਨੂੰ ਅਹੁਦੇ ਤੋਂ ਹਟਾਉਣ ਅਤੇ ਖੁਦ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨਣ ਵਾਲੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ 'ਤੇ ਅਕਾਲੀ ਦਲ ਨੇ ਪਲਟਵਾਰ ਕੀਤਾ ਹੈ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਕਾਂਗਰਸ ਦੀ ਸ਼ਹਿ 'ਤੇ ਹੀ ਸੁਖਦੇਵ ਢੀਂਡਸਾ ਨੇ ਇਹ ਡਰਾਮਾ ਰਚਿਆ ਹੈ। ਚੰਡੀਗੜ੍ਹ 'ਚ ਪੱਤਰਕਾਰਾਂ ਦੇ ਮੁਖਾਤਬ ਹੁੰਦਿਆਂ ਚੀਮਾ ਨੇ ਕਿਹਾ ਕਿ ਇਕ ਤਜ਼ਰਬੇਕਾਰ ਨੇਤਾ ਨੂੰ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਉਂਝ ਤਾਂ ਸੁਖਦੇਵ ਸਿੰਘ ਢੀਂਡਸਾ ਸਿਧਾਂਤਾਂ ਦੀ ਗੱਲ ਕਰਦੇ ਹਨ ਫਿਰ ਕਿਵੇਂ ਉਨ੍ਹਾਂ ਨੇ ਖੁਦ ਨੂੰ ਪਾਰਟੀ ਦਾ ਪ੍ਰਧਾਨ ਥਾਪ ਲਿਆ। ਚੀਮਾ ਨੇ ਕਿਹਾ ਕਿ ਹਰ ਪਾਰਟੀ ਦਾ ਇਕ ਸੰਵਿਧਾਨ ਹੁੰਦਾ ਹੈ ਜਿਸ ਮੁਤਾਬਕ ਸਾਰੇ ਫ਼ੈਸਲੇ ਲਏ ਜਾਂਦੇ ਹਨ, ਹਰ ਪਾਰਟੀ ਦੀ ਕੋਰ ਕਮੇਟੀ ਹੁੰਦੀ ਹੈ, ਜਿਹੜੀ ਪਾਰਟੀ ਦਾ ਪ੍ਰਧਾਨ ਚੁਣਦੀ ਹੈ, ਫਿਰ ਢੀਂਡਸਾ ਨੇ ਕਿਵੇਂ ਆਪਣੇ ਆਪ ਨੂੰ ਪਾਰਟੀ ਦਾ ਪ੍ਰਧਾਨ ਥਾਪ ਲਿਆ। 

ਇਹ ਵੀ ਪੜ੍ਹੋ : ਅਕਾਲੀ ਦਲ ਦੇ ਪ੍ਰਧਾਨ ਬਣੇ ਸੁਖਦੇਵ ਸਿੰਘ ਢੀਂਡਸਾ

ਚੀਮਾ ਨੇ ਕਿਹਾ ਕਿ ਹਰ ਨੇਤਾ ਨੂੰ ਨਵੀਂ ਪਾਰਟੀ ਬਣਾਉਣ ਦਾ ਹੱਕ ਪਰ ਜੇਕਰ ਕੋਈ ਅਕਾਲੀ ਦਲ ਦੇ ਨਾਂ 'ਤੇ ਜਾਲਸਾਜ਼ੀ ਕਰੇਗਾ ਤਾਂ ਅਕਾਲੀ ਦਲ ਚੁੱਪ ਨਹੀਂ ਬੈਠੇਗਾ। ਉਨ੍ਹਾਂ ਕਿਹਾ ਕਿ ਢੀਂਡਸਾ ਦੀ ਸਿਰਫ ਇਕ ਮਨਸਾ ਹੈ ਸਿਰਫ ਤੇ ਸਿਰਫ ਪ੍ਰਧਾਨ ਬਣਨਾ। ਚੀਮਾ ਨੇ ਕਿਹਾ ਕਿ ਜਿਹੜੇ ਵੀ ਐਲਾਨ ਢੀਂਡਸਾ ਧੜੇ ਵਲੋਂ ਕੀਤੇ ਗਏ ਹਨ, ਉਹ ਅਕਾਲੀ ਦਲ ਰੱਦ ਕਰਦਾ ਹੈ। ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਢੀਂਡਸਿਆਂ ਨੂੰ ਸਹੀ ਗਾਈਡ ਨਹੀਂ ਕਰ ਰਹੀ ਹੈ। ਜਿਸ ਨਾਲ ਕਾਂਗਰਸ ਆਪਣਾ ਤਾਂ ਨੁਕਸਾਨ ਕਰਵਾ ਹੀ ਲਵੇਗੀ ਨਾਲ ਹੀ ਢੀਂਡਸਾ ਦਾ ਵੀ ਨੁਕਸਾਨ ਹੋਵੇਗਾ। ਚੀਮਾ ਨੇ ਕਿਹਾ ਕਿ ਆਲ ਪਾਰਟੀ ਮੀਟਿੰਗ ਵਿਚ ਕਾਂਗਰਸ ਨੇ ਢੀਂਡਸਾ ਨੂੰ ਅਕਾਲੀ ਦਲ ਟਕਸਾਲੀ ਦਾ ਪ੍ਰਧਾਨ ਬਣਾ ਕੇ ਪੇਸ਼ ਕੀਤਾ ਜਦਕਿ ਟਕਸਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਹਨ, ਇਸ ਤੋਂ ਸਾਬਤ ਹੁੰਦਾ ਹੈ ਕਿ ਢੀਂਡਸੇ ਕਾਂਗਰਸ ਦੀ ਸ਼ਹਿ 'ਤੇ ਕੰਮ ਕਰ ਰਹੇ ਹਨ। 

ਇਹ ਵੀ ਪੜ੍ਹੋ : ਅਕਾਲੀ ਨੇਤਾ ਤੇ ਉਸ ਦੀ ਪਤਨੀ ਵਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਪਿਤਾ ਦੀ ਵੀ ਮੌਤ

ਅੱਗੇ ਬੋਲਦੇ ਹੋਏ ਚੀਮਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਹੁੰ ਖਾਣ ਵਾਲੇ ਸੇਵਾ ਸਿੰਘ ਸੇਖਵਾਂ ਅੱਜ ਢੀਂਡਸਾ ਧੜੇ ਨਾਲ ਆ ਖੜੇ ਹੋਏ ਹਨ। ਜਦਕਿ ਬ੍ਰਹਮਪੁਰਾ ਅੱਜ ਹਸਪਤਾਲ 'ਚ ਦਾਖਲ ਹਨ ਅਤੇ ਉਨ੍ਹਾਂ ਦੇ ਸਾਥੀ ਅਸੂਲਾਂ ਦੀਆਂ ਗੱਲਾਂ ਕਰਨ ਵਾਲੇ ਸੇਵਾ ਸਿੰਘ ਸੇਖਵਾਂ ਢੀਂਡਸਾ ਧੜੇ ਨਾਲ ਜਾ ਖੜੇ ਹੋਏ। ਸੁਖਦੇਵ ਢੀਂਡਸਾ ਤੋਂ ਸਵਾਲ ਪੁੱਛਦਿਆਂ ਉਨ੍ਹਾਂ ਕਿਹਾ ਕਿ ਜਦ ਬ੍ਰਹਮਪੁਰਾ ਉਨ੍ਹਾਂ ਨੂੰ ਅਕਾਲੀ ਦਲ ਟਕਸਾਲੀ ਦਾ ਪ੍ਰਧਾਨ ਬਣਾਉਣ ਲਈ ਤਿਆਰ ਸਨ ਫਿਰ ਢੀਂਡਸਾ ਟਕਸਾਲੀਆਂ ਵੱਲ ਕਿਉਂ ਨਹੀਂ ਗਏ? ਉਨ੍ਹਾਂ ਕਿਹਾ ਕਾਂਗਰਸ ਨੇ ਢੀਂਡਸਾ ਨੂੰ ਆਖਿਆ ਹੈ ਕਿ ਜੇਕਰ ਉਹ ਟਕਸਾਲੀਆਂ ਨਾਲ ਗਏ ਤਾਂ ਤੁਹਾਨੂੰ ਹਿੰਦੂ ਵੋਟ ਨਹੀਂ ਪਵੇਗਾ, ਇਹੋ ਕਾਰਣ ਹੈ ਕਿ ਢੀਂਡਸਾ ਨੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਗੱਲ ਨਹੀਂ ਮੰਨੀ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਮੋਗਾ ਦੇ ਪੁਲਸ ਮੁਲਾਜ਼ਮ ਦੀ ਵੀਡੀਓ, ਦੇਖੋ ਕਾਰਨਾਮਾ


Gurminder Singh

Content Editor

Related News