ਸੁਖਬੀਰ ਬਾਦਲ ਨੇ ਘੇਰੇ ਆਮ ਆਦਮੀ ਪਾਰਟੀ ਤੇ ਕਾਂਗਰਸ, ਕਹੀਆਂ ਇਹ ਗੱਲਾਂ

Saturday, Aug 05, 2023 - 02:24 AM (IST)

ਫਰੀਦਕੋਟ (ਚਾਵਲਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਕਦੇ ਵੀ ਆਮ ਆਦਮੀ ਪਾਰਟੀ-ਕਾਂਗਰਸ ਗੱਠਜੋੜ ਦੀ ਕਿਸਾਨਾਂ ਦੇ ਖੇਤੀਬਾੜੀ ਦੇ ਬਿਜਲੀ ਬਿੱਲ ਲਾਉਣ ਦੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ ਅਤੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਨਵਾਂ ਬਣਿਆ ਗੱਠਜੋੜ ਕਿਸਾਨਾਂ ਨਾਲ ਕੋਈ ਵਿਤਕਰਾ ਨਾ ਕਰੇ ਕਿਉਂਕਿ ਕਿਸਾਨ ਤਾਂ ਪਹਿਲਾਂ ‘ਆਪ’ ਸਰਕਾਰ ਵੱਲੋਂ ਸਿਰਜੇ ਹੜ੍ਹਾਂ ਦੀ ਤਬਾਹੀ ਨਾਲ ਜੂਝ ਰਹੇ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੁਣ ‘ਆਪ’ ਤੇ ਕਾਂਗਰਸ ਦੋਵੇਂ ਕੌਮੀ ਤੇ ਸੂਬਾ ਪੱਧਰ ’ਤੇ ਇਕੱਠੇ ਹੋ ਗਏ ਹਨ ਤਾਂ ਉਹ ਇਹ ਸਮਝ ਰਹੇ ਹਨ ਕਿ ਉਹ ਆਪਣੀ ਮਰਜ਼ੀ ਨਾਲ ਫੈਸਲੇ ਲੈ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਤਾਬੜਤੋੜ ਗੋਲ਼ੀਆਂ

ਉਨ੍ਹਾਂ ਕਿਹਾ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਕਾਲੀ ਦਲ ਕਦੇ ਵੀ ਕਿਸਾਨਾਂ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਮੁਫ਼ਤ ਬਿਜਲੀ ਦੀ ਸਹੂਲਤ ਵਾਪਸ ਨਹੀਂ ਲੈਣ ਦੇਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਸਬਸਿਡੀ ਨਾਲ ਕਿਸੇ ਤਰੀਕੇ ਛੇੜਛਾੜ ਹੁੰਦੀ ਹੈ ਤਾਂ ਉਹ ਸੰਘਰਸ਼ ਸ਼ੁਰੂ ਕਰਨਗੇ। ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’-ਕਾਂਗਰਸ ਸਾਂਝਾ ਗੱਠਜੋੜ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਇਸ ਦਾ ਖੁਲਾਸਾ ਵਿਧਾਨ ਸਭਾ ਦੀ ਪਬਲਿਕ ਅਕਾਊਂਟਸ ਕਮੇਟੀ (ਪੀ. ਏ. ਸੀ.) ਨੇ ਕੀਤਾ ਹੈ, ਜਿਸ ਦੀ ਅਗਵਾਈ ਕਾਂਗਰਸੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕਰ ਰਹੇ ਸਨ ਤੇ ਇਸ ਵਿਚ ਕਈ ‘ਆਪ’ ਵਿਧਾਇਕ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕਿਸਾਨਾਂ ਨੂੰ ਮਿਲ ਰਹੀ ਮੁਫ਼ਤ ਬਿਜਲੀ ਦੀ ਸਹੂਲਤ ਆਨੇ-ਬਹਾਨੇ ਬੰਦ ਕਰਨਾ ਚਾਹੁੰਦੀ ਹੈ ਕਿਉਂਕਿ ਇਸ ਨੇ ਸੂਬੇ ਦੇ ਵਿੱਤੀ ਹਾਲਾਤ ਕੁਪ੍ਰਬੰਧਨ ਕਾਰਨ ਡਾਵਾਂਡੋਲ ਕਰ ਦਿੱਤੇ ਹਨ ਤੇ ਇਹ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੂੰ ਸਬਸਿਡੀ ਦੇ ਪੈਸੇ ਦੇਣ ਤੋਂ ਅਸਮਰੱਥ ਹੈ।

ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ’ਚ ਵੱਡੀ ਵਾਰਦਾਤ, ਰੀਅਲ ਅਸਟੇਟ ਕਾਰੋਬਾਰੀ ਦੀ ਕਾਰ ’ਚੋਂ ਲੱਖਾਂ ਰੁਪਏ ਚੋਰੀ

ਉਨ੍ਹਾਂ ਕਿਹਾ ਕਿ ਨਵੇਂ ਬਿਜਲੀ ਐਕਟ ਮੁਤਾਬਕ ਪੀ. ਐੱਸ. ਪੀ. ਸੀ. ਐੱਲ. ਨੂੰ ਐਡਵਾਂਸ ਸਬਸਿਡੀ ਦੇਣੀ ਲਾਜ਼ਮੀ ਹੈ, ਇਸ ਲਈ ‘ਆਪ’ ਸਰਕਾਰ ਨੇ ਕਿਸਾਨਾਂ ਤੋਂ ਮੁਫ਼ਤ ਬਿਜਲੀ ਦੀ ਸਹੂਲਤ ਵਾਪਸ ਲੈਣ ਦੀ ਸਾਜ਼ਿਸ਼ ਵਿਚ ਕਾਂਗਰਸ ਨੂੰ ਵੀ ਸ਼ਾਮਲ ਕਰ ਲਿਆ ਹੈ। ਜਦੋਂ ਉਨ੍ਹਾਂ ਨੂੰ ਸਥਾਨਕ ਸਰਕਾਰ ਚੋਣਾਂ ਬਾਰੇ ਪੁੱਛਿਆ ਗਿਆ ਤਾਂ ਬਾਦਲ ਨੇ ਕਿਹਾ ਕਿ ਅਕਾਲੀ ਦਲ ‘ਆਪ’-ਕਾਂਗਰਸ ਗੱਠਜੋੜ ਦੇ ਖਿਲਾਫ਼ ਡਟ ਕੇ ਚੋਣਾਂ ਲੜੇਗਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪ੍ਰਮੁੱਖ ਕਸਬਿਆਂ ਤੇ ਸ਼ਹਿਰਾਂ ਵਿਚ ਵਿਕਾਸ ਕਾਰਜ ਮੁਕੰਮਲ ਤੌਰ ’ਤੇ ਠੱਪ ਹੋਣ ਦੇ ਨਾਲ-ਨਾਲ ‘ਆਪ’ ਸਰਕਾਰ ਵੱਲੋਂ ਬੁਨਿਆਦੀ ਸਹੂਲਤਾਂ ਦੇਣ ਵਿਚ ਨਾਕਾਮ ਰਹਿਣ ਦੀ ਗੱਲ ਉਜਾਗਰ ਕਰਾਂਗੇ। ਉਨ੍ਹਾਂ ਕਿਹਾ ਕਿ ਸਾਰੇ ਕਸਬੇ ਤੇ ਸ਼ਹਿਰ ਤਸ਼ੱਦਦ ਝੱਲ ਰਹੇ ਹਨ ਕਿਉਂਕਿ ‘ਆਪ’ ਸਰਕਾਰ ਇਸ਼ਤਿਹਾਰਾਂ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਦੇਸ਼ ਭਰ ਵਿਚ ਛਾਪ ਛੱਡਣ ’ਤੇ ਸੈਂਕੜੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਫਜ਼ੂਲਖਰਚੀ ਨੂੰ ਬੰਦ ਕਰਨ ਅਤੇ ਕਸਬਿਆਂ ਤੇ ਸ਼ਹਿਰਾਂ ਨੂੰ ਵਿਕਾਸ ਕਾਰਜਾਂ ਲਈ ਬਣਦੇ ਪੈਸੇ ਜਾਰੀ ਕਰਨ ਦੀ ਮੰਗ ਕਰਦੇ ਹਾਂ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਸਮਾਜ ਭਲਾਈ ਸਕੀਮਾਂ ਵਿਚ ਵਿਘਨ ਪਾਉਣ ਕਾਰਨ ਲੋਕ ਮੁਸ਼ਕਿਲਾਂ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਗਨ ਸਕੀਮ ਮੁਕੰਮਲ ਤੌਰ ’ਤੇ ਠੱਪ ਕਰ ਦਿੱਤੀ ਗਈ ਹੈ, ਸਰਕਾਰ ਨੇ ਲੱਖਾਂ ਨੀਲੇ ਕਾਰਡ ਕੱਟ ਦਿੱਤੇ ਹਨ, ਜਿਸ ਕਾਰਨ ਗਰੀਬਾਂ ਨੂੰ ਮਿਲਦਾ ਸਸਤਾ ਅਨਾਜ ਬੰਦ ਹੋ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸਰਕਾਰ ਨਸ਼ਿਆਂ ਖਿਲਾਫ਼ ਜੰਗ ’ਚ ਜਿੱਤ ਦੀ ਗੱਲ ਉਜਾਗਰ ਕਰਨ ਵਾਸਤੇ ਤਾਜ਼ੇ ਇਸ਼ਤਿਹਾਰ ਦੇ ਕੇ ਸਸਤੀ ਸ਼ੋਹਰਤ ’ਤੇ ਪੈਸੇ ਖਰਚ ਰਹੀ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਨਸ਼ਿਆਂ ਦੀ ਮਾਰ ਬਹੁਤ ਜ਼ਿਆਦਾ ਵਧ ਗਈ ਹੈ ਤੇ ਲਗਾਤਾਰ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਨੇ ਸਰਕਾਰ ਵੱਲੋਂ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਉਨ੍ਹਾਂ ਦੀ ਝੋਨੇ ਦੀ ਫਸਲ ਤਬਾਹ ਹੋਣ ਤੇ ਘਰਾਂ ਦਾ ਨੁਕਸਾਨ ਹੋਣ ਲਈ ਇਕ ਰੁਪਿਆ ਵੀ ਜਾਰੀ ਨਾ ਕਰਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਡੀਕ ਰਹੇ ਹਨ ਕਿ ਕਿਸਾਨ ਮੁੜ ਤੋਂ ਝੋਨਾ ਲਾ ਲੈਣ ਤਾਂ ਜੋ ਉਹ ਮੁਆਵਜ਼ਾ ਦੇਣ ਤੋਂ ਬਚ ਜਾਣ। ਇਸ ਮੌਕੇ ਸੀਨੀਅਰ ਆਗੂ ਮਨਤਾਰ ਸਿੰਘ ਬਰਾੜ ਤੇ ਪਰਮਬੰਸ ਸਿੰਘ ਰੋਮਾਣਾ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਹਾਜ਼ਰ ਸਨ।                   

 


Manoj

Content Editor

Related News